
ਜਨਤਾ ਦਲ ਐਸ ਦੇ ਮੁਖੀ ਐਚ ਡੀ ਦੇਵਗੌੜਾ ਨੇ ਕਿਹਾ ਕਿ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਐਚ ਡੀ ਕੁਮਾਰਸਵਾਮੀ ਦੇ ਸਹੁੰ-ਚੁੱਕ ਸਮਾਗਮ......
ਨਵੀਂ ਦਿੱਲੀ, 28 ਜੂਨ : ਜਨਤਾ ਦਲ ਐਸ ਦੇ ਮੁਖੀ ਐਚ ਡੀ ਦੇਵਗੌੜਾ ਨੇ ਕਿਹਾ ਕਿ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਐਚ ਡੀ ਕੁਮਾਰਸਵਾਮੀ ਦੇ ਸਹੁੰ-ਚੁੱਕ ਸਮਾਗਮ ਵਿਚ ਬੇਸ਼ੱਕ ਛੇ ਗ਼ੈਰ-ਭਾਜਪਾ ਪਾਰਟੀਆਂ ਦੇ ਨੇਤਾ ਸ਼ਾਮਲ ਹੋਏ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ 2019 ਦੀਆਂ ਲੋਕ ਸਭਾ ਚੋਣਾਂ ਵਿਚ ਸਾਰੇ ਰਾਜਾਂ ਨਾਲ ਮਿਲ ਕੇ ਲੜਨਗੇ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਨੂੰ ਰੋਕਣ ਲਈ ਛੇਤੀ ਹੀ ਤੀਜੇ ਮੋਰਚੇ ਦਾ ਗਠਨ ਕੀਤਾ ਜਾ ਸਕਦਾ ਹੈ। ਦੇਵਗੌੜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਸੱਤਾਧਿਰ ਪਾਰਟੀ ਵਲੋਂ ਰਾਜਾਂ ਵਿਚ ਅਪਣੇ ਕੇਡਰਾਂ ਨੂੰ ਸਪੱਸ਼ਟ ਸੰਕੇਤ ਹੈ
ਕਿ ਉਹ ਨਵੰਬਰ-ਦਸੰਬਰ ਵਿਚ ਲੋਕ ਸਭਾ ਚੋਣਾਂ ਲਈ ਤਿਆਰ ਰਹਿਣ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, 'ਇਹ ਜ਼ਰੂਰੀ ਨਹੀਂ ਹੈ ਕਿ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਕੁਮਾਰਸਵਾਮੀ ਦੇ ਸਹੁੰ-ਚੁੱਕ ਸਮਾਗਮ ਵਿਚ ਸ਼ਾਮਲ ਹੋਣ ਵਾਲੀਆਂ ਪਾਰਟੀਆਂ ਸਾਰੇ ਰਾਜਾਂ ਵਿਚ ਮਿਲ ਕੇ ਲੜਨਗੀਆਂ। (ਏਜੰਸੀ) ਉਹ ਇਥੇ ਰਖਿਆ ਸਬੰਧੀ ਮੁੱਦਿਆਂ 'ਤੇ ਸੰਸਦੀ ਕਮੇਟੀ ਦੀ ਬੈਠਕ ਵਿਚ ਸ਼ਾਮਲ ਹੋਣ ਲਈ ਆਏ ਸਨ ਜੋ ਅੱਗੇ ਪੈ ਗਈ।
ਸਾਂਝੇ ਮੋਰਚੇ ਦੀ ਸ਼ੁਰੂਆਤ ਕਰਦਿਆਂ ਕਾਂਗਰਸ, ਤ੍ਰਿਣਮੂਲ ਕਾਂਗਰਸ, ਬਸਪਾ, ਆਪ, ਸੀਪੀਐਮ ਅਤੇ ਟੀਆਰਐਸ ਦੇ ਨੇਤਾ ਪਿਛਲੇ ਮਹੀਨੇ ਬੰਗਲੌਰ ਵਿਚ ਕੁਮਾਰਸਵਾਮੀ ਦੇ ਸਹੁੰ ਚੁੱਕ ਸਮਾਗਮ ਵਿਚ ਇਕੱਠੇ ਹੋਏ ਸਨ। ਦੇਵਗੌੜਾ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਅਤੇ ਬਸਪਾ ਆਮ ਚੋਣਾਂ ਵਿਚ ਯੂਪੀ ਵਿਚ ਚਾਲੀ-ਚਾਲੀ ਸੀਟਾਂ ਸਾਂਝੀਆਂ ਕਰਨ ਬਾਰੇ ਚਰਚਾ ਕਰ ਰਹੀਆਂ ਹਨ। ਉਨ੍ਹਾਂ ਕਿਹਾ, 'ਕਰਨਾਟਕ ਵਿਚ ਕਾਂਗਰਸ ਨਾਲ ਕੁੱਝ ਮੁੱਦੇ ਹੋਣ ਦੇ ਬਾਵਜੁਦ ਅਸੀਂ ਉਨ੍ਹਾਂ ਨਾਲ ਮਿਲ ਕੇ ਲੜਾਂਗੇ।' (ਏਜੰਸੀ)