
ਕਿਹਾ, ਭਾਰਤ ਦੋਸਤੀ ਨਿਭਾਉਣਾ ਵੀ ਜਾਣਦਾ ਹੈ ਤੇ ਦੁਸ਼ਮਣੀ ਵੀ
ਨਵੀਂ ਦਿੱਲੀ, 28 ਜੂਨ : ਚੀਨ ਨਾਲ ਗਲਵਾਨ ਘਾਟੀ 'ਚ ਅਸਲ ਕੰਟਰੋਲ ਲਾਈਨ (ਐਲਏਸੀ) 'ਚ ਚੱਲ ਰਹੇ ਗਤੀਰੋਧ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਦੋਸਤੀ ਨਿਭਾਉਣਾ ਵੀ ਜਾਣਦਾ ਹੈ ਪਰ ਜੇ ਕੋਈ ਉਸ ਦੀ ਜ਼ਮੀਨ 'ਤੇ ਅੱਖ ਚੁੱਕੇਗਾ ਤਾਂ ਇਸ ਦਾ ਚੰਗਾ ਜਵਾਬ ਵੀ ਦੇਣਾ ਜਾਣਦਾ ਹੈ।
ਆਕਾਸ਼ਵਾਣੀ 'ਤੇ ਰੇਡੀਉ ਪ੍ਰੋਗਰਾਮ 'ਮਨ ਕੀ ਬਾਤ 2.0' 'ਚ ਪ੍ਰਧਾਨ ਮੰਤਰੀ ਨੇ ਗਲਵਾਨ ਘਾਟੀ 'ਚ ਸ਼ਹੀਦ ਹੋਏ ਭਾਰਤੀ ਫ਼ੌਜੀਆਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਕੁਰਬਾਨੀ ਖ਼ਾਲੀ ਨਹੀਂ ਜਾਵੇਗੀ। ਉਨ੍ਹਾਂ ਕਿਹਾ, '' ਅਪਣੀ ਸਰਹੱਦਾਂ ਅਤੇ ਪ੍ਰਭੁਸੱਤਾ ਦੀ ਰਖਿਆ ਲਈ ਭਾਰਤ ਦੀ ਵਚਨਬੱਧਤਾ ਦੁਨੀਆਂ ਨੇ ਦੇਖੀ ਹੈ।
ਭਾਰਤ ਦੋਸਤੀ ਨਿਭਾਉਣਾ ਜਾਣਦਾ ਹੈ ਜੇ ਭਾਰਤ ਦੀ ਜ਼ਮੀਨ 'ਤੇ ਕੋਈ ਅੱਖ ਰੱਖਦਾ ਹੈ ਤਾਂ ਉਸ ਦੀ ਅੱਖ ਵਿਚ ਅੱਖ ਪਾ ਕੇ ਬਣਦਾ ਜਵਾਬ ਦੇਣਾ ਵੀ ਜਾਣਦਾ ਹੈ। ''ਮੋਦੀ ਨੇ ਕਿਹਾ, ''ਸਾਡੇ ਬਹਾਦੁਰ ਫ਼ੌਜੀਆਂ ਨੇ ਦਿਖਾ ਦਿਤਾ ਕਿ ਉਹ ਕਦੇ ਵੀ ਭਾਰਤ ਦੇ ਮਾਣ ਨੂੰ ਘੱਟ ਨਹੀਂ ਹੋਣ ਦੇਣਗੇ। ਲੱਦਾਖ਼ 'ਚ ਸਾਡੇ ਜੋ ਵੀ ਜਵਾਨ ਸ਼ਹੀਦ ਹੋਏ, ਉਨ੍ਹਾਂ ਦੀ ਬਹਾਦੁਰੀ ਨੂੰ ਸਾਰਾ ਦੇਸ਼ ਯਾਦ ਕਰ ਰਿਹਾ ਹੈ।
PM narendra Modi
ਕੋਵਿਡ-19 ਮਹਾਂਮਰੀ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਜਿਥੇ ਇਕ ਪਾਸੇ ਮਜ਼ਬੂਤੀ ਨਾਲ ਇਸ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਉਥੇ ਦੂਜੇ ਪਾਸੇ ''ਕੁੱਝ ਗੁਆਂਢੀਆਂ'' ਵਲੀ ਪੇਸ਼ ਕੀਤੀ ਗਈ ਚੁਣੌਤੀਆਂ ਨਾਲ ਵੀ ਨਜਿੱਠ ਰਿਹਾ ਹੈ। ਉਨ੍ਹਾਂ ਕਿਹਾ, ''ਹੁਣ ਤੋਂ 6-7 ਮਹੀਨੇ ਪਹਿਲਾਂ ਅਸੀਂ ਕਿਥੇ ਜਾਣਦੇ ਸੀ ਕਿ ਕੋਰੋਨਾ ਵਰਗਾ ਸੰਕਟ ਆ ਜਾਵੇਗਾ ਅਤੇ ਇਸ ਵਿਰੁਧ ਇਹ ਜੰਗ ਇੰਨੀ ਲੰਮੀ ਚੱਲੇਗੀ। ਇਹ ਸੰਕਟ ਤਾਂ ਬਣਿਆ ਹੀ ਹੈ, ਉੱਤੇ ਤੋਂ ਦੇਸ਼ 'ਚ ਹੋਰ ਵੀ ਕਈ ਨਵੀਆਂ ਚੁਣੌਤੀਆਂ ਸਾਹਮਣੇ ਆਉਂਦੀ ਜਾ ਰਹੀਆਂ ਹਨ।
ਕਿਸਾਨਾਂ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦੀ ਕੋਸ਼ਿਸ਼ ਕੀਤੀ
ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀ 'ਚ ਵੀ ਦਹਾਕਿਆਂ ਤੋਂ ਤਾਲਾਬੰਦੀ ਲੱਗੀ ਹੋਈ ਸੀ, ਇਸ ਨੂੰ ਅਨਲਾਕ ਕਰ ਦਿਤਾ ਗਿਆ ਹੈ। ਇਸ ਨਾਲ ਕਿਸਾਨਾਂ ਨੂੰ ਅਪਣੀਆਂ ਫ਼ਸਲਾਂ ਕਿਸੇ ਨੂੰ ਵੀ ਕਿਤੇ ਵੀ ਵੇਚਣ ਦੀ ਆਜ਼ਾਦੀ ਮਿਲੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਜ਼ਿਆਦਾ ਕਰਜ਼ਾ ਮਿਲਣਾ ਵੀ ਯਕੀਨੀ ਬਣਾਇਆ ਗਿਆ ਹੈ। ਦੇਸ਼ਵਾਸੀ ਹਰ ਹਫ਼ਤੇ ਅਜਿਹੀਆਂ ਖ਼ਬਰਾਂ ਪੜ੍ਹਦੇ ਹਨ ਜੋ ਉਨ੍ਹਾਂ ਨੂੰ ਭਾਵੁਕ ਕਰ ਦਿੰਦੀਆਂ ਹਨ ਜੋ ਇਹ ਦੱਸਦੀ ਹੈ ਹਰ ਭਾਰਤੀ ਵਿਅਕਤੀ ਲੋਕਾਂ ਦੀ ਮਦਦ ਕਰਨ ਵਿਚ ਲੱਗਾ ਹੋਇਆ ਹੈ।
Farmer
ਅਨਲਾਕ ਦੌਰਾਨ ਧਿਆਨ ਕੋਰੋਨਾ ਵਾਇਰਸ ਨੂੰ ਹਰਾਉਣ ਅਤੇ ਅਰਥਵਿਵਸਥਾ ਨੂੰ ਮਜ਼ਬੂਤ ਕਰਨ 'ਤੇ
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਤਾਲਾਬੰਦੀ ਤੋਂ ਬਾਹਰ ਕੱਢਣ ਅਤੇ 'ਅਨਲਾਕ' ਦੇ ਗੇੜ੍ਹ 'ਚ ਦਾਖ਼ਲ ਹੁੰਦੇ ਸਮੇਂ ਕੋਰੋਨਾ ਵਾਇਰਸ ਨੂੰ ਹਰਾਉਣ ਅਤੇ ਅਰਥਵਿਵਸਥਾ ਨੂੰ ਮਜ਼ਬੂਤ ਕਰਨ 'ਤੇ ਧਿਆਨ ਦੇਣਾ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਭਾਰਤ ਨੇ ਹਮੇਸ਼ਾ ਤੋਂ ਮੁਸ਼ਕਲਾਂ ਨੂੰ ਸਫਲਤਾ 'ਚ ਤਬਦੀਲ ਕੀਤਾ ਹੈ, ਆਫ਼ਤਾਂ ਅਤੇ ਚੁਣੌਤੀਆਂ 'ਤੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ''ਇਸ ਅਨਲਾਕ ਦੀ ਮਿਆਦ 'ਚ ਦੋ ਮੁੱਦਿਆਂ 'ਤੇ ਧਿਆਨ ਦੇਣਾ ਹੋਵੇਗਾ-ਕੋਰੋਨਾ ਵਾਇਰਸ ਨੂੰ ਹਰਾਉਣ ਅਤੇ ਅਰਥਵਿਵਸਥਾ ਨੂੰ ਮਜ਼ਬੂਤ ਕਰਨ 'ਤੇ।'' ਮੋਦੀ ਨੇ ਕਿਹਾ ਅਨਲਾਕ ਦੀ ਇਸ ਮਿਆਦ ਦੌਰਾਨ ਲੋਕਾਂ ਨੂੰ ਬਾਹਰ ਨਿਕਲਦੇ ਸਮੇਂ ਤਾਲਾਬੰਦੀ ਦੇ ਸਮੇਂ ਤੋਂ ਵੀ ਵੱਧ ਸਾਵਧਾਨ ਰਹਿਣਾ ਹੋਵੇਗਾ। ਉਨ੍ਹਾਂ ਕਿਹਾ,'' ਜੇ ਤੁਸੀਂ ਮਾਸਕ ਨਹੀਂ ਪਾਉਂਦੇ, ਦੋ ਗਜ਼ ਦੀ ਦੂਰੀ ਨਹੀਂ ਰਖਦੇ ਅਤੇ ਹੋਰ ਸਾਵਧਾਨੀਆਂ ਨਹੀਂ ਵਰਤਦੇ ਤਾਂ ਤੁਸੀ ਅਪਣੇ ਨਾਲ ਦੂਜਿਆਂ ਨੂੰ ਵੀ ਖ਼ਤਰੇ ਵਿਚ ਪਾ ਰਹੇ ਹੋ।''