
ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਕਿਹਾ ਹੈ ਕਿ ਟਿੱਡੀਆਂ ਨੂੰ ਕਾਬੂ ਕਰਨ ਲਈ ਡ੍ਰੋਨ ਦੀ ਵਰਤੋਂ ਕਰਨ ਵਾਲਾ ਭਾਰਤ ਦੁਨੀਆਂ ਦਾ ਪਹਿਲਾ
ਨਵੀਂ ਦਿੱਲੀ, 28 ਜੂਨ : ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਕਿਹਾ ਹੈ ਕਿ ਟਿੱਡੀਆਂ ਨੂੰ ਕਾਬੂ ਕਰਨ ਲਈ ਡ੍ਰੋਨ ਦੀ ਵਰਤੋਂ ਕਰਨ ਵਾਲਾ ਭਾਰਤ ਦੁਨੀਆਂ ਦਾ ਪਹਿਲਾ ਦੇਸ਼ ਹੈ। ਖੇਤੀਬਾੜੀ ਰਾਜ ਮੰਤਰੀ ਨੇ ਕਿਹਾ ਕਿ ਜੇ ਰਾਜਸਥਾਨ ਨੇ ਸਹਿਯੋਗ ਕੀਤਾ ਹੁੰਦਾ ਤਾਂ ਟਿੱਡੀਆਂ ਨੂੰ ਫੈਲਣ ਤੋਂ ਪਹਿਲਾਂ ਹੀ ਕਾਬੂ ਵਿਚ ਕਰ ਲਿਆ ਗਿਆ ਹੁੰਦਾ।
ਖੇਤੀਬਾੜੀ ਮੰਤਰਾਲੇ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਭਾਰਤ ਪਹਿਲਾ ਦੇਸ਼ ਹੈ ਜਿਸ ਨੇ ਸਾਰੇ ਪ੍ਰੋਟੋਕਾਲ ਨੂੰ ਪੂਰਾ ਕਰਨ ਤੇ ਵਿਧਾਨਿਕ ਪ੍ਰਵਾਨਗੀ ਮਿਲਣ ਪਿਛੋਂ ਟਿੱਡੀਆਂ ਨੂੰ ਕੰਟਰੋਲ ਕਰਨ ਲਈ ਡ੍ਰੋਨ ਦੀ ਵਰਤੋਂ ਕੀਤੀ। ਜ਼ਿਆਦਾ ਧਿਆਨ ਰਾਜਸਥਾਨ 'ਚ ਕੇਂਦ੍ਰਿਤ ਰਿਹਾ ਜਿਥੇ ਵੱਧ ਤੋਂ ਵੱਧ ਸਰੋਤਾਂ ਦੀ ਵਰਤੋਂ ਕੀਤੀ ਗਈ।
Tiddi Dal
ਰਾਜਸਥਾਨ ਦੇ ਨਾਲ ਹੀ ਹਰਿਆਣਾ ਤੇ ਉੱਤਰ ਪ੍ਰਦੇਸ਼ 'ਚ ਟਿੱਡੀਆਂ ਦੇ ਦਲ ਨੂੰ ਕਾਬੂ 'ਚ ਕਰਨ ਲਈ ਖੇਤੀਬਾੜੀ ਵਿਭਾਗ ਦੇ ਨਾਲ ਹੀ ਸਥਾਨਕ ਪ੍ਰਸ਼ਾਸਨ ਵੀ ਲੱਗਾ ਹੈ। ਸੂਬਿਆਂ ਦੀ ਮਦਦ ਲਈ ਕੇਂਦਰ ਤੋਂ ਵੀ ਟੀਮਾਂ ਭੇਜੀਆਂ ਗਈਆਂ ਹਨ। ਕੇਂਦਰੀ ਕਾਸ਼ਤਕਾਰੀ ਤੇ ਕਿਸਾਨ ਭਲਾਈ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਕਿਹਾ ਕਿ ਜੇ ਰਾਜਸਥਾਨ ਸਰਕਾਰ ਨੇ ਸਹਿਯੋਗ ਕੀਤਾ ਹੁੰਦਾ ਤਾਂ ਟਿੱਡੀਆਂ ਦੂਜੇ ਸੂਬਿਆਂ ਤਕ ਨਾ ਪੁੱਜ ਸਕਦੀਆਂ। ਉਨ੍ਹਾਂ ਨੂੰ ਰਾਜਸਥਾਨ 'ਚ ਹੀ ਕਾਬੂ ਕਰ ਲਿਆ ਗਿਆ ਹੁੰਦਾ। ਟਿੱਡੀਆਂ ਨੂੰ ਕੰਟਰੋਲ ਕਰਨ ਦਾ ਕੰਮ ਸਰਹੱਦੀ ਖੇਤਰਾਂ ਵਿਚ ਹੀ ਹੋ ਸਕਦਾ ਸੀ
ਤੇ ਰਾਜਸਥਾਨ ਸਰਕਾਰ ਦੇ ਸਹਿਯੋਗ ਨਾਲ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾ ਸਕਦਾ ਸੀ ਪਰ ਰਾਜਸਥਾਨ ਸਰਕਾਰ ਨੇ ਇਸ ਦਿਸ਼ਾ ਵਿਚ ਕੋਈ ਪਹਿਲ ਨਹੀਂ ਕੀਤੀ ਤੇ ਸਰਹੱਦੀ ਖੇਤਰਾਂ ਵਿਚ ਟਿੱਡੀਆਂ ਨੂੰ ਕਾਬੂ ਨਾ ਕੀਤਾ ਜਾ ਸਕਿਆ। ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਟਿੱਡੀਆਂ ਨੂੰ ਰੋਕਣ ਲਈ ਰਾਜਸਥਾਨ ਸਰਕਾਰ ਨੂੰ 14 ਕਰੋੜ ਰੁਪਏ ਦਿਤੇ ਸਨ ਇਸ ਦੇ ਬਾਵਜੂਦ ਰਾਜਸਥਾਨ ਸਰਕਾਰ ਨੇ ਪਾਕਿਸਤਾਨ ਤੋਂ ਸੂਬੇ ਵਿਚ ਟਿੱਡੀਆਂ ਦੇ ਦਾਖ਼ਲੇ ਨੂੰ ਰੋਕਣ ਲਈ ਕੋਈ ਪ੍ਰਭਾਵਸ਼ਾਲੀ ਉਪਾਅ ਨਾ ਕੀਤਾ। (ਏਜੰਸੀ)