
ਆਂਧਰ ਪ੍ਰਦੇਸ਼ ਦੇ ਕਿਸਾਨ ਨੇ 45 ਦਿਨਾਂ ’ਚ ਕਮਾਏ 4 ਕਰੋੜ ਰੁਪਏ
ਚਿਤੂਰ (ਆਂਧਰ ਪ੍ਰਦੇਸ਼): ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ’ਚ ਇਕ ਟਮਾਟਰ ਕਿਸਾਨ 45 ਦਿਨਾਂ ’ਚ 4 ਕਰੋੜ ਰੁਪਏ ਕਮਾ ਕੇ ਕਰੋੜਪਤੀ ਬਣ ਗਿਆ ਹੈ।
ਟਮਾਟਰਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹਣ ਨਾਲ ਮੁਰਲੀ ਦੀ ਕਿਸਮਤ ਨੇ ਇਹ ਨਾਟਕੀ ਮੋੜ ਲੈ ਲਿਆ। 48 ਸਾਲਾਂ ਦੇ ਇਸ ਕਿਸਾਨ ਨੇ ਨਾ ਸਿਰਫ਼ ਮਦਨਪੱਲੇ ਦੀ ਟਮਾਟਰ ਮੰਡੀ ’ਚ ਅਪਣੀ ਉਪਜ ਵੇਚੀ ਸਗੋਂ ਇਸ ਨੂੰ ਗੁਆਂਢੀ ਕਰਨਾਟਕ ’ਚ ਵੀ ਪਹੁੰਚਾਇਆ ਕਿਉਂਕਿ ਉੱਥੇ ਇਸ ਦੀ ਕੀਮਤ ਵੱਧ ਸੀ।
ਮੁਰਲੀ ਅਤੇ ਉਸ ਦੀ ਪਤਨੀ ਨੇ ਅਪ੍ਰੈਲ ’ਚ ਕਰਕਮੰਡਲਾ ਪਿੰਡ ’ਚ 22 ਏਕੜ ਜ਼ਮੀਨ ’ਚ ਟਮਾਟਰ ਦੀ ਖੇਤੀ ਕੀਤੀ ਸੀ। ਪਿਛਲੇ 45 ਦਿਨਾਂ ਦੌਰਾਨ ਉਨ੍ਹਾਂ ਨੇ ਟਮਾਟਰ ਦੇ 40,000 ਡੱਬੇ ਵੇਚੇ ਹਨ। ਕਿਸਾਨ ਨੇ ਦਸਿਆ ਕਿ ਇਸ ਵੱਡੀ ਕਮਾਈ ਨਾਲ ਉਨ੍ਹਾਂ ਨੂੰ ਡੇਢ ਕਰੋੜ ਰੁਪਏ ਦਾ ਕਰਜ਼ਾ ਚੁਕਾਉਣ ’ਚ ਮਦਦ ਮਿਲੀ, ਜੋ ਉਨ੍ਹਾਂ ਨੇ ਪਿਛਲੇ ਸਮੇਂ ’ਚ ਇਸੇ ਸਬਜ਼ੀ ਦੀ ਕਾਸ਼ਤ ਦੌਰਾਨ ਖਰਚ ਕੀਤਾ ਸੀ।
ਮੁਰਲੀ ਅਨੁਸਾਰ ਇਸ ਵਾਰ ਬਿਜਲੀ ਸਪਲਾਈ ’ਚ ਸੁਧਾਰ ਹੋਣ ਕਾਰਨ ਝਾੜ ਚੰਗਾ ਰਿਹਾ ਹੈ। ਹਾਲਾਂਕਿ, ਟਮਾਟਰ ਦੀਆਂ ਕੀਮਤਾਂ ’ਚ ਭਾਰੀ ਵਾਧਾ ਸਭ ਤੋਂ ਵੱਡੀ ਤਬਦੀਲੀ ਵਜੋਂ ਆਇਆ ਹੈ। ਮੁਰਲੀ ਨੇ ਕਿਹਾ, “ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਟਮਾਟਰਾਂ ਤੋਂ ਇੰਨੀ ਵੱਡੀ ਆਮਦਨ ਹੋਵੇਗੀ।” ਉਹ ਬਾਗਬਾਨੀ ਦੀਆਂ ਗਤੀਵਿਧੀਆਂ ਨੂੰ ਵਧਾਉਣ ਲਈ ਲਾਭ ਦਾ ਇੱਕ ਹਿੱਸਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਇੰਨੀ ਵੱਡੀ ਆਮਦਨ ਕਮਾਉਣ ਵਾਲਾ ਮੁਰਲੀ ਪਹਿਲਾ ਕਿਸਾਨ ਨਹੀਂ ਹੈ। ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ’ਚ ਇਕ ਕਿਸਾਨ ਨੇ ਪਿਛਲੇ ਇਕ ਮਹੀਨੇ ਦੌਰਾਨ ਟਮਾਟਰ ਵੇਚ ਕੇ 2 ਕਰੋੜ ਰੁਪਏ ਕਮਾਏ ਹਨ ਜਦੋਂਕਿ 1 ਕਰੋੜ ਰੁਪਏ ਦੀ ਇਕ ਹੋਰ ਫ਼ਸਲ ਵਾਢੀ ਲਈ ਤਿਆਰ ਹੈ। ਮੇਡਕ ਜ਼ਿਲੇ ਦੇ ਕੌਡੀਪੱਲੀ ਮੰਡਲ ਦੇ ਮੁਹੰਮਦ ਨਗਰ ਦਾ ਬੰਸੁਵਾੜਾ ਮਹੀਪਾਲ ਰੈੱਡੀ ਟਮਾਟਰਾਂ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਕਾਰਨ ਰਾਤੋ-ਰਾਤ ਕਰੋੜਪਤੀ ਬਣ ਗਿਆ। ਇਸ ਤੋਂ ਪਹਿਲਾਂ ਕਰਨਾਟਕ ਦੇ ਇਕ ਕਿਸਾਨ ਨੇ ਵੀ ਟਮਾਟਰਾਂ ਨੂੰ ਵੇਚ ਕੇ 3 ਕਰੋੜ ਰੁਪਏ ਕਮਾਏ ਸਨ।
ਬਾਜ਼ਾਰ ਵਿਚ ਟਮਾਟਰ ਦੀ ਕੀਮਤ 150 ਰੁਪਏ ਪ੍ਰਤੀ ਕਿਲੋਗ੍ਰਾਮ ਤਕ ਵਧਣ ਅਤੇ ਆਂਧਰਾ ਪ੍ਰਦੇਸ਼ ਅਤੇ ਹੋਰ ਥਾਵਾਂ ਤੋਂ ਟਮਾਟਰ ਦੀ ਸਪਲਾਈ ਘੱਟ ਹੋਣ ਕਾਰਨ, ਮਹੀਪਾਲ ਰੈੱਡੀ ਨੇ ਹੈਦਰਾਬਾਦ ਦੀ ਮਾਰਕੀਟ ਵਿਚ ਮੰਗ ਨੂੰ ਪੂਰਾ ਕੀਤਾ। ਉਸ ਨੇ ਥੋਕ ਮੰਡੀ ’ਚ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਟਮਾਟਰ ਵੇਚੇ। ਪਿਛਲੇ ਇਕ ਮਹੀਨੇ ਦੌਰਾਨ, ਉਸ ਨੇ ਟਮਾਟਰ ਦੇ ਲਗਭਗ 8,000 ਡੱਬੇ ਵੇਚੇ, ਹਰ ਡੱਬਾ 25 ਕਿਲੋ ਤੋਂ ਵੱਧ ਭਾਰ ਵਾਲਾ। ਸਕੂਲ ਦੀ ਪੜ੍ਹਾਈ ਨੂੰ ਅੱਧ ਵਿਚਕਾਰ ਛੱਡਣ ਵਾਲਾ 40 ਸਾਲਾਂ ਦਾ ਇਹ ਕਿਸਾਨ ਸਾਰਿਆਂ ਲਈ ਰੋਲ ਮਾਡਲ ਬਣ ਕੇ ਉਭਰਿਆ ਹੈ।