ਜ਼ਖਮੀਆਂ ਨੂੰ ਨੇੜਲੇ ਹਸਪਤਾਲ 'ਚ ਕਰਵਾਇਆ ਭਰਤੀ
ਬਿਲਾਸਪੁਰ : ਨੰਗਲ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਦੇ ਉਦਯੋਗਿਕ ਖ਼ੇਤਰ ਗਵਾਲਥਾਈ ’ਚ ‘ਅਗਰਵਾਲ ਸਟੀਲ ਫੈਕਟਰੀ ਪ੍ਰਾਈਵੇਟ ਲਿਮਟਿਡ’ ’ਚ ਬੀਤੀ ਰਾਤ ਜ਼ਬਰਦਸਤ ਧਮਾਕਾ ਹੋ ਗਿਆ।
ਇਸ ਧਮਾਕੇ ਵਿਚ 8 ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ ਹਨ। ਜਿਨ੍ਹਾਂ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਪੰਜ ਮਜਦੂਰਾਂ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਉਨ੍ਹਾਂ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਸਟੀਲ ਇੰਡਸਟਰੀ 'ਚ ਕੰਮ ਚੱਲ ਰਿਹਾ ਸੀ ਅਤੇ ਇਸ ਦੌਰਾਨ ਲੋਹੇ ਨੂੰ ਗਰਮ ਕਰਨ ਵਾਲੇ ਬੁਆਇਲਰ 'ਚ ਜ਼ਿਆਦਾ ਗਰਮੀ ਹੋਣ ਕਾਰਨ ਇਹ ਫਟ ਗਿਆ। ਜਿਸ ਨਾਲ ਇਹ ਹਾਦਸਾ ਵਾਪਰ ਗਿਆ। ਜ਼ਖਮੀਆਂ ਦੀ ਪਛਾਣ ਬਲਵੀਰ ਸਿੰਘ, ਧੀਰਜ ਤਿਆਗੀ ਇਲੈਕਟ੍ਰੀਸ਼ਨ, ਸੁਨੀਲ ਦੱਤ, ਦੀਪ ਸਿੰਘ ਫਿਟਰ, ਦੌਲਤ ਰਾਮ, ਤੁਸ਼ਾਰ ਗੁਪਤਾ, ਸਤੀਸ਼ ਕੁਮਾਰ ਅਤੇ ਉੱਤਮ ਸਾਹਨੀ ਵਜੋਂ ਹੋਈ ਹੈ।