ਨੱਡਾ ਨੇ ਅੱਜ ਆਊਟਲੁੱਕ ਗਰੁੱਪ ਦੀ ਕੌਫੀ ਟੇਬਲ ਬੁੱਕ ‘ਸਿੱਖਸ ਐਂਡ ਮੋਦੀ: ਏ ਜਰਨੀ ਆਫ 9 ਈਅਰਜ਼’ ਰਿਲੀਜ਼ ਕੀਤੀ
ਨਵੀਂ ਦਿੱਲੀ - ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਸੋਮਵਾਰ (28 ਅਗਸਤ) ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦ੍ਰਿੜਤਾ ਨਾਲ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਨਿਆਂ ਪ੍ਰਦਾਨ ਕਰਕੇ ਮੁੱਖ ਧਾਰਾ ਵਿਚ ਲਿਆਂਦਾ ਹੈ। ਨੱਡਾ ਦਿੱਲੀ ਵਿਚ ਇੱਕ ਸਮਾਗਮ ਵਿਚ ਆਊਟਲੁੱਕ ਗਰੁੱਪ ਦੀ ਕੌਫੀ ਟੇਬਲ ਬੁੱਕ ‘ਸਿੱਖਸ ਐਂਡ ਮੋਦੀ: ਏ ਜਰਨੀ ਆਫ 9 ਈਅਰਜ਼’ ਰਿਲੀਜ਼ ਕਰਨ ਤੋਂ ਬਾਅਦ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਨ ਕਰ ਰਹੇ ਸਨ।
ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲਏ ਗਏ ਵੱਖ-ਵੱਖ ਫ਼ੈਸਲਿਆਂ ਦਾ ਜ਼ਿਕਰ ਕਰਦਿਆਂ ਭਾਜਪਾ ਪ੍ਰਧਾਨ ਨੱਡਾ ਨੇ ਕਿਹਾ ਕਿ ਜੋ ਕੁਝ ਪ੍ਰਧਾਨ ਮੰਤਰੀ ਨੇ ਸਿੱਖ ਕੌਮ ਲਈ ਕੀਤਾ ਹੈ, ਉਹ ਅੱਜ ਤੱਕ ਕਿਸੇ ਹੋਰ ਆਗੂ ਨੇ ਨਹੀਂ ਕੀਤਾ। ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਭਾਜਪਾ ਮੁਖੀ ਨੇ ਕਿਹਾ ਕਿ 30 ਸਾਲਾਂ ਤੱਕ ਨਾ ਤਾਂ ਕੋਈ ਗ੍ਰਿਫ਼ਤਾਰੀ ਹੋਈ ਅਤੇ ਨਾ ਹੀ 1984 ਦੇ ਸਿੱਖ ਵਿਰੋਧੀ ਦੰਗਿਆਂ 'ਚ ਸ਼ਾਮਲ ਲੋਕਾਂ ਖਿਲਾਫ਼ ਕੋਈ ਕਾਰਵਾਈ ਕੀਤੀ ਗਈ। ਇੱਕ ਸਿਆਸੀ ਪਾਰਟੀ ਨਾਲ ਜੁੜੇ ਲੋਕਾਂ ਨੂੰ ਸੁਰੱਖਿਆ ਮਿਲਦੀ ਰਹੀ।
ਹਾਲਾਂਕਿ, ਮੋਦੀ ਸਰਕਾਰ ਨੇ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਅਤੇ ਕਾਰਵਾਈ ਕੀਤੀ ਗਈ। ਨੱਡਾ ਨੇ ਕਿਹਾ ਕਿ “33 ਸਾਲਾਂ ਬਾਅਦ, ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਦ੍ਰਿੜ ਇਰਾਦੇ ਨਾਲ ਮੋਦੀ ਨੇ ਸਿੱਖ ਕੌਮ ਨੂੰ ਇਨਸਾਫ਼ ਦਿਵਾਉਣ ਅਤੇ ਮੁੱਖ ਧਾਰਾ ਵਿਚ ਲਿਆਉਣ ਦਾ ਕੰਮ ਕੀਤਾ ਹੈ। ਨੱਡਾ ਨੇ ਪ੍ਰਧਾਨ ਮੰਤਰੀ ਦੀ ਸਿੱਖ ਭਾਈਚਾਰੇ ਪ੍ਰਤੀ ਵਚਨਬੱਧਤਾ ਅਤੇ ਸਿੱਖ ਤੀਰਥ ਯਾਤਰਾ ਲਈ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਮੋਦੀ ਸਰਕਾਰ ਦੇ ਯਤਨਾਂ, ਦੇਸ਼ ਦੇ ਵੱਖ-ਵੱਖ ਸਿੱਖ ਤੀਰਥ ਸਥਾਨਾਂ ਨੂੰ ਜੋੜਨ ਲਈ ਕੇਂਦਰ ਦੇ ਪ੍ਰੋਜੈਕਟ ਅਤੇ ਅਫ਼ਗਾਨਿਸਤਾਨ ਤੋਂ ਸਿੱਖ ਪਰਿਵਾਰਾਂ ਨੂੰ ਵਾਪਸ ਲਿਆਉਣ ਲਈ ਭਾਰਤ ਦੇ ਯਤਨਾਂ ਦਾ ਜ਼ਿਕਰ ਕੀਤਾ।
ਤਾਲਿਬਾਨ ਦੇ ਦੇਸ਼ 'ਤੇ ਕਾਬਜ਼ ਹੋਣ ਤੋਂ ਬਾਅਦ ਸਿੱਖ ਧਰਮ ਗ੍ਰੰਥਾਂ ਦੇ 'ਸਰੂਪਾਂ' ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਸਮੇਤ ਵੱਖ-ਵੱਖ ਪਹਿਲਕਦਮੀਆਂ ਕੀਤੀਆਂ।
ਉਨ੍ਹਾਂ ਕਿਹਾ ਕਿ "ਗੱਤਕਾ (ਸਿੱਖਾਂ ਨਾਲ ਸਬੰਧਤ ਮਾਰਸ਼ਲ ਆਰਟ ਦਾ ਇੱਕ ਰੂਪ) ਇਸ ਸਾਲ ਰਾਸ਼ਟਰੀ ਖੇਡਾਂ ਵਿਚ ਸ਼ਾਮਲ ਕੀਤਾ ਜਾਵੇਗਾ... ਇਹ ਸਾਰੀਆਂ ਚੀਜ਼ਾਂ ਦਰਸਾਉਂਦੀਆਂ ਹਨ ਕਿ ਕਿਵੇਂ ਪ੍ਰਧਾਨ ਮੰਤਰੀ ਮੋਦੀ ਨੇ ਸਿੱਖਾਂ ਨੂੰ ਮੁੱਖ ਧਾਰਾ ਵਿਚ ਲਿਆਂਦਾ ਹੈ।"