ਸਦਨ ਨੇ ਫ਼ਿਰਕੂ ਭਾਈਚਾਰੇ ਲਈ ਸਾਰੇ ਮਤਭੇਦਾਂ ਨੂੰ ਸੰਵਾਦ ਅਤੇ ਸ਼ਾਂਤਮਈ ਤਰੀਕੇ ਨਾਲ ਹੱਲ ਕੀਤਾ ਜਾਣ ਦਾ ਅਹਿਦ ਲਿਆ
ਨਵੀਂ ਦਿੱਲੀ: ਮਨੀਪੁਰ ਵਿਧਾਨ ਸਭਾ ਦੇ ਇਕ ਦਿਨ ਦੇ ਸੈਸ਼ਨ ਦੀ ਬੈਠਕ ਮੰਗਲਵਾਰ ਨੂੰ ਸ਼ੁਰੂ ਹੋਣ ਤੋਂ ਇਕ ਘੰਟੇ ਅੰਦਰ ਹੀ ਕਾਂਗਰਸ ਵਿਧਾਇਕਾਂ ਦੇ ਹੰਗਾਮੇ ਕਾਰਨ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿਤੀ ਗਈ।
ਕਾਂਗਰਸ ਵਿਧਾਇਕਾਂ ਨੇ ਵਿਧਾਨ ਸਭਾ ਸੈਸ਼ਨ ਦਾ ਸਮਾਂ ਵਧਾ ਕੇ ਪੰਜ ਦਿਨ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਹੰਗਾਮਾ ਕੀਤਾ। ਸਾਬਕਾ ਮੁੱਖ ਮੰਤਰੀ ਓਕਰਾਮ ਇਬੋਬੀ ਸਿੰਘ ਦੀ ਅਗਵਾਈ ’ਚ ਵਿਰੋਧੀ ਵਿਧਾਇਕਾਂ ਨੇ ਕਿਹਾ ਕਿ ਸੂਬੇ ਅੰਦਰ ਜਾਤ ਅਧਾਰਤ ਹਿੰਸਾ ਦੀ ਮੌਜੂਦਾ ਸਥਿਤੀ ’ਤੇ ਚਰਚਾ ਕਰਨ ਲਈ ਇਕ ਦਿਨ ਕਾਫ਼ੀ ਨਹੀਂ ਹੈ।
ਕੁਕੀ ਭਾਈਚਾਰੇ ਦੇ ਸਾਰੇ ਦਸ ਵਿਧਾਇਕ ਸਦਨ ’ਚ ਨਹੀਂ ਆਏ। ਸਦਨ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਣ ’ਤੇ, ਤਿੰਨ ਮਈ ਨੂੰ ਸੂਬੇ ਅੰਦਰ ਮੈਤੇਈ ਅਤੇ ਕੁਕੀ ਭਾਈਚਾਰਿਆਂ ਵਿਚਕਾਰ ਸ਼ੁਰੂ ਹੋਈ ਜਾਤ ਅਧਾਰਤ ਹਿੰਸਾ ’ਚ ਮਾਰੇ ਗਏ ਲੋਕਾਂ ਦੀ ਯਾਤ ’ਚ ਦੋ ਮਿੰਟਾਂ ਦਾ ਮੌਨ ਰਖਿਆ ਗਿਆ।
ਮੁੱਖ ਮੰਤਰੀ ਐਨ. ਬੀਰੇਨ ਸਿੰਘ ਨੇ ਅਪਣੇ ਸੰਬੋਧਨ ’ਚ ਕਿਹਾ, ‘‘ਬੜੇ ਦੁੱਖ ਨਾਲ ਅਸੀਂ ਹਿੰਸਾ ’ਚ ਮਾਰੇ ਗਏ ਲੋਕਾਂ ਪ੍ਰਤੀ ਸੋਗ ਪ੍ਰਗਟਾਉਂਦੇ ਹਾਂ। ਅਜਿਹੇ ਸਮੇਂ ’ਚ ਹਿੰਸਾ ’ਚ ਅਪਣੇ ਸਨੇਹੀਆਂ ਨੂੰ ਗੁਆਉਣ ਵਾਲੇ ਲੋਕਾਂ ਲਈ ਸ਼ਬਦ ਘੱਟ ਪੈ ਜਾਂਦੇ ਹਨ।’’
ਸਦਨ ਨੇ ਅਹਿਦ ਲਿਆ ਹੈ ਕਿ ਸੂਬੇ ’ਚ ਫ਼ਿਰਕੂ ਭਾਈਚਾਰੇ ਲਈ ਸਾਰੇ ਮਤਭੇਦਾਂ ਨੂੰ ਸੰਵਾਦ ਅਤੇ ਸ਼ਾਂਤਮਈ ਤਰੀਕੇ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ।
ਸਦਨ ਨੇ ਚੰਨ ਦੀ ਸਤ੍ਹਾ ’ਤੇ ਚੰਦਰਯਾਨ-3 ਦੀ ਸਫ਼ਲ ਲੈਂਡਿੰਗ ਦੀ ਤਾਰੀਫ਼ ਵੀ ਕੀਤੀ ਅਤੇ ਇਸ ਮਿਸ਼ਨ ਦੀ ਅਗਵਾਈ ਕਰਨ ਵਾਲੇ ਭਾਰਤੀ ਪੁਲਾੜ ਅਤੇ ਖੋਜ ਸੰਗਠਨ (ਇਸਰੋ) ਦੀ ਟੀਮ ਦਾ ਹਿੱਸਾ ਰਹੇ ਮਨੀਪੁਰ ਦੇ ਵਿਗਿਆਨੀ ਐਨ. ਰਘੂ ਸਿੰਘ ਨੂੰ ਵਧਾਈ ਦਿਤੀ।
ਇਸ ਤੋਂ ਤੁਰਤ ਬਾਅਦ ਕਾਂਗਰਸ ਵਿਧਾਇਕਾਂ ਨੇ ਅਪਣੀ ਸੀਟ ਤੋਂ ‘ਮਜ਼ਾਕ ਬੰਦ ਕਰੋ, ਲੋਕਤੰਤਰ ਬਚਾਉ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿਤੇ ਅਤੇ ਮੰਗ ਕੀਤੀ ਕਿ ਸੂਬੇ ਅੰਦਰ ਮੌਜੂਦਾ ਸਥਿਤੀ ’ਤੇ ਚਰਚਾ ਲਈ ਵਿਧਾਨ ਸਭਾ ਦਾ ਪੰਜ ਦਿਨਾਂ ਦਾ ਸੈਸ਼ਨ ਸਦਿਆ ਜਾਵੇ।
ਵਿਧਾਨ ਸਭਾ ਸਪੀਕਰ ਟੀ. ਸੱਤਿਆਬਰਤ ਸਿੰਘ ਨੇ ਵਿਰੋਧੀ ਵਿਧਾਇਕਾਂ ਨੂੰ ਸ਼ਾਂਤ ਰਹਿਣ ਅਤੇ ਕਾਰਵਾਈ ਚੱਲਣ ਦੇਣ ਦੀ ਅਪੀਲ ਕੀਤੀ। ਪਰ ਹੰਗਾਮਾ ਨਾ ਰੁਕਣ ਕਾਰਨ ਉਨ੍ਹਾਂ ਨੇ ਸਦਨ ਦੀ ਕਾਰਵਾਈ 30 ਮਿੰਟਾਂ ਲਈ ਮੁਲਤਵੀ ਕਰ ਦਿਤੀ।
ਅੱਧੇ ਘੰਟੇ ਬਾਅਦ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਣ ’ਤੇ ਕਾਂਗਰਸ ਵਿਧਾਇਕਾਂ ਨੇ ਵਿਧਾਨ ਸਭਾ ਦਾ ਪੰਜ ਦਿਨਾਂ ਦਾ ਸੈਸ਼ਨ ਸੱਦਣ ਦੀ ਮੰਗ ਦੁਹਰਾਈ ਅਤੇ ਇਸ ਦੇ ਹੱਕ ’ਚ ਨਾਅਰੇ ਲਾਉਣ ਲੱਗੇ। ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਹੰਗਾਮੇ ਵਿਚਕਾਰ ਬੈਠਕ ਜਾਰੀ ਰਖਣਾ ਸੰਭਵ ਨਹੀਂ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿਤੀ।
ਸੂਬਾ ਸਰਕਾਰ ਨੇ ਪਿਛਲੇ ਮਹੀਨੇ 21 ਅਗੱਸਤ ਤਕ ਵਿਧਾਨ ਸਭਾ ਸੈਸ਼ਨ ਸੱਦਣ ਦੀ ਸਿਫ਼ਾਰ਼ਸ ਕੀਤੀ ਸੀ, ਪਰ ਬਾਅਦ ’ਚ ਸੂਬਾ ਭਵਨ ਤੋਂ ਮਨਜ਼ੂਰੀ ਨਾ ਮਿਲਣ ਤੋਂ ਬਾਅਦ ਮਿਤੀ ’ਚ ਸੋਧ ਕਰ ਕੇ ਇਸ ਨੂੰ 28 ਅਗੱਸਤ ਤਕ ਵਧਾ ਦਿਤਾ ਗਿਆ ਸੀ। ਪਿਛਲੇ ਹਫ਼ਤੇ ਮੁੱਖ ਮੰਤਰੀ ਦਫ਼ਤਰ ਨੇ ਐਲਾਨ ਕੀਤਾ ਕਿ ਵਿਧਾਨ ਸਭਾ ਸੈਸ਼ਨ 29 ਅਗੱਸਤ ਨੂੰ ਸਦਿਆ ਜਾਵੇਗਾ।
ਪਿਛਲਾ ਵਿਧਾਨ ਸਭਾ ਸੈ਼ਸਨ ਮਾਰਚ ’ਚ ਕਰਵਾਇਆ ਗਿਆ ਸੀ। ਨਿਯਮਾਂ ਅਨੁਸਾਰ ਹਰ ਛੇ ਮਹੀਨੇ ’ਚ ਵਿਧਾਨ ਸਭਾ ਦਾ ਇਕ ਸੈਸ਼ਨ ਕਰਵਾਉਣਾ ਹੁੰਦਾ ਹੈ।
‘ਕਮੇਟੀ ਆਨ ਟਰਾਈਬਲ ਯੂਨਿਟੀ’ (ਸੀ.ਓ.ਟੀ.ਯੂ.) ਅਤੇ ‘ਇੰਡੀਜੀਨੀਅਸ ਟਰਾਈਬਲ ਲੀਡਰਸ ਫ਼ੋਰਮ’ (ਆਈ.ਟੀ.ਐਲ.ਐਫ਼.) ਨੇ ਪਿੱਛੇ ਜਿਹੇ ਵਿਧਾਨ ਸਭਾ ਸੈਸ਼ਨ ਸੱਦੇ ਜਾਣ ਦੀ ਨਿੰਦਾ ਕਰਦਿਆਂ ਕਿਹਾ ਸੀ ਕਿ ਕੁਕੀ-ਜੋ ਵਿਧਾਇਕਾਂ ਨੇ ਇਸ ’ਚ ਹਿੱਸਾ ਲੈਣ ਲਈ ਮੌਜੂਦਾ ਸਥਿਤੀ ਅਨੁਕੂਲ ਨਹੀਂ ਹੈ।
ਮਨੀਪੁਰ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਆਗੂ ਓਕਰਾਮ ਇਬੋਬੀ ਸਿੰਘ ਨੇ ਸਨਿਚਰਵਾਰ ਨੂੰ ਕਿਹਾ ਸੀ ਕਿ ਆ ਰਹੀ 29 ਅਗੱਸਤ ਨੂੰ ਸਦਿਆ ਜਾ ਰਿਹਾ ਵਿਧਾਨ ਸਭਾ ਦਾ ਇਕ ਦਿਨ ਦਾ ਸੈਸ਼ਨ ਸਿਰਫ਼ ਵਿਖਾਵਾ ਹੈ ਅਤੇ ਇਹ ਜਨਤਾ ਦੇ ਹਿਤ ’ਚ ਨਹੀਂ ਹੈ। ਮਨੀਪੁਰ ’ਚ ਤਿੰਨ ਮਈ ਨੂੰ ਭੜਕੀ ਜਾਤ ਅਧਾਰਤ ਹਿੰਸਾ ’ਚ ਹੁਣ ਤਕ 160 ਤੋਂ ਵੱਧ ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ ਸੈਂਕੜੇ ਜ਼ਖਮੀ ਹੋਏ ਹਨ।