
ਭਾਰਤੀ ਨਿਆਂ ਪ੍ਰਣਾਲੀ ’ਤੇ ਦੂਰਗਾਮੀ ਅਸਰ ਪਾਉਣ ਵਾਲੇ ਤਿੰਨ ਬਿਲਾਂ ’ਤੇ ਵਿਚਾਰ ਕਰ ਰਹੀ ਹੈ ਕਮੇਟੀ
ਨਵੀਂ ਦਿੱਲੀ: ਰਾਜ ਸਭਾ ਦੇ ਸਭਾਪਤੀ ਜਗਦੀਪ ਧਨਖੜ ਨੇ ਕਾਂਗਰਸ ਸੰਸਦ ਮੈਂਬਰ ਪੀ. ਚਿਦੰਬਰਮ ਨੂੰ ਗ੍ਰਹਿ ਮਾਮਲਿਆਂ ਸਬੰਧੀ ਸਥਾਈ ਕਮੇਟੀ ਦਾ ਮੈਂਬਰ ਮਨੋਨੀਤ ਕੀਤਾ ਹੈ। ਰਾਜ ਸਭਾ ਸਕੱਤਰੇਤ ਦੇ ਬੁਲੇਟਿਨ ’ਚ ਇਹ ਜਾਣਕਾਰੀ ਦਿਤੀ ਗਈ ਹੈ।
ਰਾਜ ਸਭਾ ਸਕੱਤਰੇਤ ਬੁਲੇਟਿਨ ਅਨੁਸਾਰ, ‘‘ਰਾਜ ਸਭਾ ਦੇ ਸਭਾਪਤੀ (ਜਗਦੀਪ ਧਨਖੜ), ਨੇ 28 ਅਗੱਸਤ ਨੂੰ ਕਾਂਗਰਸ ਸੰਸਦ ਮੈਂਬਰ ਪੀ. ਚਿਦੰਬਰਮ ਨੂੰ ਗ੍ਰਹਿ ਮਾਮਲਿਆਂ ਬਾਬਤ ਸਥਾਈ ਕਮੇਟੀ ਦਾ ਮੈਂਬਰ ਮਨੋਨੀਤ ਕੀਤਾ। ਉਹ ਪੀ. ਭੱਟਾਚਾਰੀਆ ਦੀ ਥਾਂ ਲੈਣਗੇ ਜੋ 18 ਅਗੱਸਤ, 2023 ਨੂੰ ਰਾਜ ਸਭਾ ਦੀ ਮੈਂਬਰੀ ਤੋਂ ਸੇਵਾਮੁਕਤ ਹੋ ਗਏ।’’
ਗ੍ਰਹਿ ਮਾਮਲਿਆਂ ਬਾਬਤ ਸਥਾਈ ਕਮੇਟੀ ਭਾਰਤੀ ਨਿਆਂ ਪ੍ਰਣਾਲੀ ’ਤੇ ਦੂਰਗਾਮੀ ਅਸਰ ਪਾਉਣ ਵਾਲੇ ਤਿੰਨ ਬਿਲਾਂ- ’ਨਿਆਂ ਸੰਹਿਤਾ 2023’, ‘ਭਾਰਤੀ ਨਾਗਰਿਕ ਸੁਰਖਿਆ ਸੰਹਿਤਾ 2023’ ਅਤੇ ‘ਭਾਰਤੀ ਸਬੂਤ ਬਿਲ 2023’ ’ਤੇ ਵਿਚਾਰ ਕਰ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਬ੍ਰਿਜ ਲਾਲ ਗ੍ਰਹਿ ਸਬੰਧੀ ਸੰਸਦ ਦੀ ਸਥਾਈ ਕਮੇਟੀ ਦੇ ਪ੍ਰਧਾਨ ਹਨ।
ਰਾਜ ਸਭਾ ਸਕੱਤਰੇਤ ਦੇ ਇਕ ਹੋਰ ਬੁਲੇਟਿਨ ’ਚ ਕਿਹਾ ਗਿਆ ਹੈ ਕਿ ਰਾਜ ਸਭਾ ਦੇ ਚੇਅਰਮੈਨ (ਜਗਦੀਪ ਧਨਖੜ) ਨੇ ਲੋਕ ਸਭਾ ਦੇ ਸਪੀਕਰ (ਓਮ ਬਿਰਲਾ) ਦੇ ਨਾਲ ਵਿਚਾਰ-ਵਟਾਂਦਰਾ ਕਰ ਕੇ ਵਿਭਾਗ ਸਬੰਧੀ ਸੰਸਦ ਦੀਆਂ ਅੱਠ ਸਥਾਈ ਕਮੇਟੀਆਂ ਦਾ ਪੁਨਰਗਠਨ ਕੀਤਾ ਹੈ ਜੋ ਰਾਜ ਸਭਾ ਦੇ ਚੇਅਰਮੈਨ ਦੇ ਪ੍ਰਸ਼ਾਸਨਿਕ ਅਧਿਕਾਰ ਖੇਤਰ ’ਚ ਆਉਂਦੇ ਹਨ। ਇਹ ਪੁਨਰਗਠਨ 13 ਸਤੰਬਰ, 2023 ਤੋਂ ਅਸਰਦਾਰ ਹੋਵੇਗਾ।
ਇਨ੍ਹਾਂ ਸਥਾਈ ਕਮੇਟੀਆਂ ’ਚ ਵਣਜ ਸਬੰਧੀ ਕਮੇਟੀ ਅਤੇ ਸਿਖਿਆ, ਮਹਿਲਾ, ਬਾਲ, ਨੌਜੁਆਨਾਂ ਅਤੇ ਖੇਡ ਸਬੰਧੀ ਕਮੇਟੀ, ਸਿਹਤ ਅਤੇ ਪ੍ਰਵਾਰ ਭਲਾਈ ਸਬੰਧੀ ਕਮੇਟੀ, ਗ੍ਰਹਿ ਸਬੰਧੀ ਕਮੇਟੀ, ਮੁਲਾਜ਼ਮ, ਲੋਕ ਸ਼ਿਕਾਇਤ, ਕਾਨੂੰਨ ਅਤੇ ਨਿਆਂ ਕਮੇਟੀ, ਵਿਗਿਆਨ ਅਤੇ ਤਕਨਾਲੋਜੀ, ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਆਵਾਜਾਈ ਬਾਬਤ ਕਮੇਟੀ ਤੋਂ ਇਲਾਵਾ ਆਵਾਜਾਈ ਸਬੰਧੀ ਕਮੇਟੀ, ਉਦਯੋਗ ਸਬੰਧੀ ਕਮੇਟੀ, ਆਵਾਜਾਈ, ਸੈਰ-ਸਪਾਟਾ ਅਤੇ ਸਭਿਆਚਾਰ ਸਬੰਧੀ ਕਮੇਟੀ ਸ਼ਾਮਲ ਹਨ।