
ਦਿੱਲੀ ਗੁਰਦਵਾਰਾ ਕਮੇਟੀ ਵਿਰੁਧ ਚੀਫ਼ ਜਸਟਿਸ ਨੂੰ ਸ਼ਿਕਾਇਤ ਦਿਆਂਗੇ: ਪਰਮਿੰਦਰਪਾਲ ਸਿੰਘ
ਨਵੀਂ ਦਿੱਲੀ, 29 ਸਤੰਬਰ (ਅਮਨਦੀਪ ਸਿੰਘ): ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਸਟਾਫ਼ ਦੀਆਂ ਤਨਖ਼ਾਹਾਂ ਦੇ ਮੁੱਦੇ 'ਤੇ ਅਦਾਲਤ ਨੂੰ ਅਖੌਤੀ ਤੌਰ 'ਤੇ ਗੁਮਰਾਹ ਕਰਨ ਵਿਰੁਧ 'ਜਾਗੋ' ਪਾਰਟੀ ਨੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਿਰੁਧ ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਸ਼ਿਕਾਇਤ ਦੇਣ ਦਾ ਐਲਾਨ ਕੀਤਾ ਹੈ।
'ਜਾਗੋ' ਦੇ ਮੁੱਖ ਬੁਲਾਰੇ ਤੇ ਜਨਰਲ ਸਕੱਤਰ ਸ.ਪਰਮਿੰਦਰਪਾਲ ਸਿੰਘ ਨੇ ਕਿਹਾ ਹੈ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਲੋਨੀ ਰੋਡ ਦੇ ਸਟਾਫ਼ ਵਲੋਂ ਤਨਖ਼ਾਹਾਂ ਦੀ ਮੰਗ ਲਈ ਦਿਤੇ ਜਾ ਰਹੇ ਧਰਨੇ 'ਤੇ ਰੋਕ ਲਵਾਉਣ ਲਈ ਦਿੱਲੀ ਗੁਰਦਵਾਰਾ ਕਮੇਟੀ ਵਲੋਂ ਹਾਈ ਕੋਰਟ ਵਿਚ ਦਰਖ਼ਾਸਤ ਦੇ ਕੇ, ਦਾਅਵਾ ਕੀਤਾ ਗਿਆ ਸੀ ਕਿ ਗੁਰੂ ਹਰਿਕ੍ਰਿਸ਼ਨ ਸਕੂਲ ਸਟਾਫ਼ ਵੈਲਫ਼ੇਅਰ ਐਸੋਸੀਏਸ਼ਨ ਦੇ ਵਕੀਲ ਨੇ ਅਦਾਲਤ ਨੂੰ ਭਰੋਸਾ ਦਿਤਾ ਸੀ ਕਿ ਸਟਾਫ਼ ਧਰਨਾ ਆਦਿ ਨਹੀਂ ਕਰੇਗਾ, ਬਾਵਜੂਦ ਇਸ ਦੇ ਸਟਾਫ਼ ਧਰਨਾ ਦੇ ਰਿਹਾ ਹੈ ਅਤੇ ਮਾਲੀ ਤੰਗੀ ਹੋਣ ਮਗਰੋਂ ਵੀ ਕਮੇਟੀ ਨੇ 25 ਕਰੋੜ ਪਹਿਲਾਂ ਹੀ ਇਸੇ ਸਕੂਲ ਦੇ ਖਾਤੇ ਵਿਚ ਪੁਆ ਦਿਤੇ ਸਨ, ਇਹ ਦਾਅਵਾ ਹੀ ਅਦਾਲਤ ਨੂੰ ਗੁਮਰਾਹ ਕਰਨ ਵਾਲਾ ਹੈ, ਜਦੋਂ ਕਿ 25 ਕਰੋੜ ਕਮੇਟੀ ਨੇ ਦਿਤੇ ਹੀ ਨਹੀਂ। ਉਨ੍ਹਾਂ ਕਿਹਾ ਅਕਾਲੀ ਦਲ ਬਾਦਲ ਪੰਜਾਬ ਵਿਚ ਤਾਂ ਮੁਜ਼ਾਹਰਿਆਂ ਦੀ ਸਿਆਸਤ ਸਹਾਰੇ 2022 ਦੀਆਂ ਚੋਣਾਂ ਵਿਚ ਸਰਕਾਰ ਬਣਾਉਣ ਲਈ ਕਾਹਲਾ ਹੈ, ਇਸ ਦੇ ਉਲਟ ਦਿੱਲੀ ਵਿਚ ਅਪਣੇ ਮੁਢਲੇ ਸੰਵਿਧਾਨਕ ਹੱਕਾਂ ਲਈ ਧਰਨਾ ਦੇ ਰਹੇ ਅਧਿਆਪਕਾਂ ਦੇ ਹੱਕਾਂ ਨੂੰ ਕੁਚਲਣ ਲਈ ਬਾਦਲਾਂ ਦੀ ਦਿੱਲੀ ਕਮੇਟੀ ਅਦਾਲਤ ਨੂੰ ਹੀ ਗੁਮਰਾਹ ਕਰਨ 'ਤੇ ਤੁਲ ਗਈ।
ਕਲ ਹੋਈ ਸੁਣਵਾਈ ਵਿਚ ਅਧਿਆਪਕਾਂ ਦੇ ਵਕੀਲਾਂ ਨੇ ਕਮੇਟੀ ਦੇ ਦਾਅਵਿਆਂ 'ਤੇ ਸਵਾਲ ਖੜੇ ਕਰ ਦਿਤੇ ਜਿਸ ਪਿਛੋਂ ਕਮੇਟੀ ਨੂੰ ਰਾਹਤ ਤਾਂ ਨਹੀਂ ਮਿਲੀ ਤੇ ਅਦਾਲਤ ਨੇ ਸਿਖਿਆ ਨਿਦੇਸ਼ਾਲੇ ਦੇ ਵਕੀਲ ਨੂੰ ਅਧਿਆਪਕਾਂ ਤੇ ਦਿੱਲੀ ਕਮੇਟੀ ਵਿਚਕਾਰ ਵਿਚੋਲਗੀ ਕਰ ਕੇ ਮਸਲੇ ਦਾ ਹੱਲ ਕੱਢਣ ਦਾ ਹੁਕਮ ਦਿਤਾ ਹੈ।