ਪੂਸਾ ਬਾਇਉਡੀਕੰਪੋਜ਼ਰ, ਪਾਣੀ ਦੀ ਬੌਛਾਰ, ਨਿਗਰਾਨ ਟੀਮਾਂ ਲਾਵੇਗੀ ਦਿੱਲੀ ਸਰਕਾਰ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਗਾਮੀ ਸਰਦੀਆਂ ਦੇ ਮੌਸਮ ਵਿਚ ਰਾਜਧਾਨੀ ਦਿੱਲੀ ’ਚ ਪ੍ਰਦੂਸ਼ਣ ਨੂੰ ਰੋਕਣ ਲਈ ਇਕ ਸਰਦ ਰੁੱਤ ਯੋਜਨਾ ਦਾ ਐਲਾਨ ਕੀਤਾ। ਨਾਲ ਹੀ ਦਾਅਵਾ ਵੀ ਕੀਤਾ ਕਿ ਸਰਕਾਰ ਦੀ ਪਹਿਲਕਦਮੀ ਕਾਰਨ ਰਾਸ਼ਟਰੀ ਰਾਜਧਾਨੀ 'ਚ ਪ੍ਰਦੂਸ਼ਣ ਦਾ ਪੱਧਰ ਘੱਟ ਹੋਇਆ ਹੈ। ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਇਲੈਕਟ੍ਰਿਕ ਬੱਸਾਂ ਦੇ ਸੰਚਾਲਨ ਅਤੇ ‘ਈ.ਵੀ.’ ਨੀਤੀ ਵਰਗੀਆਂ ਸਰਕਾਰੀ ਪਹਿਲਕਦਮੀਆਂ ਕਾਰਨ ਪਿਛਲੇ 8 ਸਾਲਾਂ ’ਚ ਗੰਭੀਰ ਪ੍ਰਦੂਸ਼ਣ ਦੇ ਪੱਧਰ ’ਚ ਕਮੀ ਆਈ ਹੈ।
ਸਰਦ ਰੁੱਤ ਕਾਰਜ ਯੋਜਨਾ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਪਰਾਲੀ ਦੇ ਨਿਪਟਾਰੇ ਲਈ 4400 ਹੈਕਟੇਅਰ ਰਕਬੇ ’ਤੇ ਪੂਸਾ ਬਾਇਉਡੀਕੰਪੋਜ਼ਰ ਦਾ ਛਿੜਕਾਅ ਕੀਤਾ ਗਿਆ ਸੀ, ਇਸ ਸਾਲ 5000 ਹੈਕਟੇਅਰ ਵਾਹੀਯੋਗ ਜ਼ਮੀਨ ’ਤੇ ਛਿੜਕਾਅ ਕੀਤਾ ਜਾਵੇਗਾ। ਪੂਸਾ ਬਾਇਉਡੀਕੰਪੋਜ਼ਰ ਨੂੰ ਭਾਰਤੀ ਖੇਤੀ ਖੋਜ ਸੰਸਥਾਨ (ਆਈ.ਏ.ਆਰ.ਆਈ.) ਵਲੋਂ ਵਿਕਸਤ ਕੀਤਾ ਗਿਆ ਸੀ। ਇਹ ਇਕ ਕਿਸਮ ਦਾ ਤਰਲ ਪਦਾਰਥ ਹੈ ਜੋ 15-20 ਦਿਨਾਂ ’ਚ ਪਰਾਲੀ ਦਾ ਨਿਪਟਾਰਾ ਕਰ ਦਿੰਦਾ ਹੈ।
ਸਰਕਾਰ ਧੂੜ ਪ੍ਰਦੂਸ਼ਣ ਨੂੰ ਰੋਕਣ ਲਈ 530 ਪਾਣੀ ਦੀ ਬੌਛਾਰ ਕਰਨ ਵਾਲੇ ਯੰਤਰਾਂ ਦੀ ਵਰਤੋਂ ਕਰੇਗੀ ਅਤੇ 385 ਟੀਮਾਂ ਗੱਡੀਆਂ ਦੇ ਪ੍ਰਦੂਸ਼ਣ ਸਰਟੀਫਿਕੇਟ ਦੀ ਜਾਂਚ ਕਰਨਗੀਆਂ ਤਾਂ ਜੋ ਨਿਰਧਾਰਤ ਸੀਮਾ ਤੋਂ ਪੁਰਾਣੇ ਵਾਹਨਾਂ ਨੂੰ ਰੋਕਿਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ’ਚ ਖੁੱਲ੍ਹੇ ’ਚ ਕੂੜਾ ਸਾੜਨ ’ਤੇ ਪਾਬੰਦੀ ਹੈ ਅਤੇ 611 ਟੀਮਾਂ ਇਸ ਦੀ ਨਿਗਰਾਨੀ ਕਰਨਗੀਆਂ। ਉਨ੍ਹਾਂ ਲੋਕਾਂ ਨੂੰ ‘ਗਰੀਨ ਦਿੱਲੀ’ ਮੋਬਾਈਲ ਐਪ ਨੂੰ ਡਾਊਨਲੋਡ ਕਰਨ ਅਤੇ ਪ੍ਰਦੂਸ਼ਣ ਪੈਦਾ ਕਰਨ ਵਾਲੀ ਕਿਸੇ ਵੀ ਗਤੀਵਿਧੀ ਦੀ ਰੀਪੋਰਟ ਸਰਕਾਰ ਨੂੰ ਦੇਣ ਦੀ ਅਪੀਲ ਵੀ ਕੀਤੀ।
ਪੰਜਾਬ ’ਚ ‘ਆਪ’ ਸਰਕਾਰ ਬਣਨ ਤੋਂ ਬਾਅਦ 30 ਫ਼ੀ ਸਦੀ ਪਰਾਲੀ ਘੱਟ ਸਾੜੀ ਗਈ : ਕੇਜਰੀਵਾਲ
ਹਾਲਾਂਕਿ ਭਾਜਪਾ ਨੇ ਕਾਰਜ ਯੋਜਨਾ ਨੂੰ ਲੈ ਕੇ ਕੇਜਰੀਵਾਲ ਸਰਕਾਰ ਦੀ ਆਲੋਚਨਾ ਕੀਤੀ ਅਤੇ ਇਸ ਨੂੰ ‘ਜੋੜ-ਤੋੜ’ ਕੇ ਕੀਤਾ ਕੰਮ ਦਸਿਆ। ਇਕ ਪ੍ਰੈੱਸ ਕਾਨਫ਼ਰੰਸ ’ਚ ਪਾਰਟੀ ਦੀ ਦਿੱਲੀ ਇਕਾਈ ਦੇ ਮੁਖੀ ਵੀਰੇਂਦਰ ਸਚਦੇਵਾ ਨੇ ਕਿਹਾ ਕਿ ਪੰਜਾਬ ’ਚ ਸੱਤਾ ਸੰਭਾਲਣ ਤੋਂ ਪਹਿਲਾਂ ‘ਆਪ’ ਨੇ ਦਿੱਲੀ ’ਚ ਪ੍ਰਦੂਸ਼ਣ ਲਈ ਉੱਤਰੀ ਸੂਬੇ ਨੂੰ ਜ਼ਿੰਮੇਵਾਰ ਦਸਿਆ ਸੀ। ਉਨ੍ਹਾਂ ਕਿਹਾ, ‘‘ਪਰ ਹੁਣ ਕੇਜਰੀਵਾਲ ਪੰਜਾਬ ’ਤੇ ਚੁੱਪ ਹਨ।’’
ਪੰਜਾਬ ’ਚ ਪਰਾਲੀ ਸਾੜਨ ਦੀ ਸਥਿਤੀ ਬਾਰੇ ਪੁੱਛੇ ਜਾਣ ’ਤੇ ਕੇਜਰੀਵਾਲ ਨੇ ਕਿਹਾ, ‘‘ਪਿਛਲੇ ਸਾਲ, ਸਾਡੀ ਸਰਕਾਰ ਬਣੀ ਸੀ, ਸਾਨੂੰ ਛੇ ਤੋਂ ਸੱਤ ਮਹੀਨੇ ਹੀ ਮਿਲੇ ਸਨ। ਪਰ ਸਰਕਾਰੀ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਪਿਛਲੇ ਸਾਲ ਉਸ ਤੋਂ ਪਿਛਲੇ ਸਾਲ ਮੁਕਾਬਲੇ 30 ਫ਼ੀ ਸਦੀ ਘੱਟ ਪਰਾਲੀ ਸਾੜੀ ਗਈ ਸੀ।’’ ਉਨ੍ਹਾਂ ਕਿਹਾ ਕਿ ਇਸ ਸਾਲ ਫ਼ਸਲਾਂ ਦੇ ਵੰਨ-ਸੁਵੰਨੇਕਰਨ ਸਮੇਤ ਕਈ ਕਦਮ ਚੁੱਕੇ ਜਾ ਰਹੇ ਹਨ, ਜਿਸ ਹੇਠ ਕਿਸਾਨਾਂ ਨੂੰ ਝੋਨੇ ਤੋਂ ਇਲਾਵਾ ਹੋਰ ਫ਼ਸਲਾਂ ਉਗਾਉਣ ਲਈ ਕਿਹਾ ਗਿਆ ਹੈ। ਆਮ ਆਦਮੀ ਪਾਰਟੀ (ਆਪ) ਮੁਖੀ ਨੇ ਕਿਹਾ, ‘‘ਇਸ ਨਾਲ ਪਾਣੀ ਦੀ ਬੱਚਤ ਹੋਵੇਗੀ ਅਤੇ ਪਰਾਲੀ (ਉਤਪਾਦਨ) ਵੀ ਘੱਟ ਹੋਵੇਗਾ।’’