
ਦਿੱਲੀ ਤੇ ਸ੍ਰੀਨਗਰ ਦੀਆਂ ਕਈ ਥਾਵਾਂ 'ਤੇ ਕੀਤੀ ਗਈ ਛਾਪੇਮਾਰੀ
ਨਵੀਂ ਦਿੱਲੀ: ਅੱਤਵਾਦੀ ਫੰਡਿੰਗ ਮਾਮਲੇ ਵਿਚ ਐਨਆਈਏ ਵੱਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਜਾਰੀ ਹੈ। ਇਸ ਦੇ ਚਲਦਿਆਂ ਰਾਸ਼ਟਰੀ ਜਾਂਚ ਏਜੰਸੀ ਨੇ ਵੀਰਵਾਰ ਨੂੰ ਦਿੱਲੀ ਅਤੇ ਸ੍ਰੀਨਗਰ ਵਿਚ ਕਈ ਥਾਈਂ ਛਾਪੇਮਾਰੀ ਕੀਤੀ। ਇਹਨਾਂ ਥਾਵਾਂ ਵਿਚੋਂ ਛੇ ਗੈਰ-ਮੁਨਾਫਾ ਸੰਗਠਨ ਅਤੇ ਨੌ ਹੋਰ ਥਾਵਾਂ ਸ਼ਾਮਲ ਹਨ।
NIA
ਇਸ ਵਿਚ ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਮੁਖੀ ਜ਼ਫ਼ਰੂਲ-ਇਸਲਾਮ ਖ਼ਾਨ ਦੀ ਜਾਇਦਾਦ ਵੀ ਸ਼ਾਮਲ ਹੈ, ਜਿਨ੍ਹਾਂ ਛੇ ਗੈਰ-ਮੁਨਾਫਾ ਸੰਗਠਨਾਂ 'ਤੇ ਐਨਆਈਏ ਨੇ ਛਾਪੇਮਾਰੀ ਕੀਤੀ, ਉਹਨਾਂ ਵਿਚ ਫਲਹ-ਏ-ਆਮ ਟਰੱਸਟ, ਚੈਰਿਟੀ ਅਲਾਇੰਸ, ਹਿਊਮਨ ਵੈਲਫੇਅਰ ਫਾਂਊਡੇਸ਼ਨ, ਜੇਕੇ ਯਤੀਮ ਫਾਂਊਡੇਸ਼ਨ, ਸਾਲਵੇਸ਼ਨ ਮੁਵਮੈਂਟ ਅਤੇ ਜੰਮੂ ਕਸ਼ਮੀਰ ਵਾਇਸ ਆਫ ਵਿਕਟਮਸ ਸ਼ਾਮਲ ਹਨ।
NIA
ਇਹਨਾਂ ਵਿਚੋਂ ਚੈਰਿਟੀ ਅਲਾਇੰਸ ਅਤੇ ਹਿਊਮਨ ਵੈਲਫੇਅਰ ਫਾਂਊਡੇਸ਼ਨ ਦਿੱਲੀ ਵਿਚ ਸਥਿਤ ਹਨ ਜਦਕਿ ਬਾਕੀ ਸ੍ਰੀਨਗਰ ਵਿਚ ਹਨ। ਦੱਸ ਦਈਏ ਕਿ ਰਾਸ਼ਟਰੀ ਜਾਂਚ ਏਜੰਸੀ ਨੇ ਬੀਤੇ ਦਿਨ ਸ੍ਰੀਨਗਰ ਵਿਚ 10 ਥਾਵਾਂ ਅਤੇ ਬੰਗਲੁਰੂ ਵਿਚ ਇਕ ਥਾਂ 'ਤੇ ਛਾਪੇਮਾਰੀ ਕੀਤੀ।
NIA
ਇਸ ਕੇਸ ਵਿਚ ਏਜੰਸੀ ਨੂੰ ਸ਼ੱਕ ਹੈ ਕਿ ਭਾਰਤ ਵਿਚ ਕੁਝ ਗੈਰ ਸਰਕਾਰੀ ਸੰਗਠਨ ਕੰਮ ਕਰ ਰਹੇ ਹਨ ਜੋ ਜੰਮੂ-ਕਸ਼ਮੀਰ ਵਿਚ ਵੱਖਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਦੇਸ਼-ਵਿਦੇਸ਼ ਤੋਂ ਫੰਡ ਇਕੱਠਾ ਕਰ ਰਹੇ ਹਨ। ਸੂਤਰਾਂ ਅਨੁਸਾਰ ਛਾਪੇਮਾਰੀ ਦੌਰਾਨ ਏਜੰਸੀ ਨੇ ਕਈ ਸ਼ੱਕੀ ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਉਪਕਰਣ ਜ਼ਬਤ ਕੀਤੇ ਹਨ।