
ਵਿਭਾਗ ਨੂੰ ਸਾਬਕਾ ਸੈਨਿਕਾਂ ਦੀ ਭਲਾਈ ਸਬੰਧੀ ਹੋਰ ਸਕੀਮਾਂ ਲੈ ਕੇ ਆਉਣ ਲਈ ਕਿਹਾ
ਚੰਡੀਗੜ੍ਹ : ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਕੰਮਕਾਜ ਦਾ ਜਾਇਜ਼ਾ ਲੈਂਦਿਆਂ ਉਪ ਮੁੱਖ ਮੰਤਰੀ ਓ.ਪੀ. ਸੋਨੀ, ਜਿਨ੍ਹਾਂ ਕੋਲ ਇਸ ਵਿਭਾਗ ਦਾ ਚਾਰਜ ਵੀ ਹੈ, ਨੇ ਅਧਿਕਾਰੀਆਂ ਨੂੰ ਸਾਬਕਾ ਸੈਨਿਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਠੋਸ ਉਪਰਾਲੇ ਕਰਨ ਲਈ ਕਿਹਾ। ਸੋਨੀ ਨੇ ਕਿਹਾ ਕਿ ਸਾਬਕਾ ਸੈਨਿਕਾਂ ਨੇ ਸਾਡੀਆਂ ਸਰਹੱਦਾਂ ਅਤੇ ਦੇਸ਼ ਦੀ ਪ੍ਰਭੂਸੱਤਾ ਦੀ ਰਾਖੀ ਲਈ ਆਪਣੀ ਜ਼ਿੰਦਗੀ ਦੇ ਸੁਨਹਿਰੇ ਦਿਨ ਦਾਅ `ਤੇ ਲਾਏ ਹਨ ਅਤੇ ਅਸੀਂ ਉਨ੍ਹਾਂ ਲਈ ਘੱਟੋ ਘੱਟ ਇੰਨਾ ਤਾਂ ਕਰ ਸਕਦੇ ਹਾਂ ਕਿ ਉਨ੍ਹਾਂ ਦੇ ਪਰਿਵਾਰਾਂ ਦਾ ਖਿਆਲ ਰੱਖੀਏ ਅਤੇ ਉਨ੍ਹਾਂ ਦੀ ਉਮਰ ਅਤੇ ਯੋਗਤਾ ਅਨੁਸਾਰ ਨੌਕਰੀਆਂ ਪ੍ਰਾਪਤ ਕਰਨ ਵਿੱਚ ਉਨ੍ਹਾਂ ਦੀ ਮਦਦ ਕਰੀਏ।
DCM reviews the working of Defence Services Welfare Department
ਉਨ੍ਹਾਂ ਨੇ ਵਿਭਾਗ ਨੂੰ ਸਾਬਕਾ ਸੈਨਿਕਾਂ ਲਈ ਤੁਰੰਤ ਨਵੀਆਂ ਭਲਾਈ ਸਕੀਮਾਂ ਲੈ ਕੇ ਆਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸੀ.ਐਮ.ਡੀ. ਪੈਸਕੋ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸਾਬਕਾ ਸੈਨਿਕਾਂ ਨੂੰ ਭਰਤੀ ਕਰਨ ਅਤੇ ਮੁੜ ਰੁਜ਼ਗਾਰ ਪ੍ਰਾਪਤੀ ਵਿੱਚ ਉਨ੍ਹਾਂ ਦੀ ਮਦਦ ਕਰਨ ਲਈ ਉਨ੍ਹਾਂ ਨੂੰ ਮਿਆਰੀ ਸਿਖਲਾਈ ਦੇਣ ਵਾਸਤੇ ਕਿਹਾ। ਸੂਬੇ ਵਿੱਚ ਲਗਭਗ 14 ਲੱਖ ਸਾਬਕਾ ਸੈਨਿਕ ਅਤੇ ਉਨ੍ਹਾਂ ਦੇ ਆਸ਼ਰਿਤ ਹਨ ਜਿਨ੍ਹਾਂ ਵਿੱਚ ਲਗਭਗ 3.40 ਲੱਖ ਸਾਬਕਾ ਸੈਨਿਕ ਅਤੇ ਲਗਭਗ 10.50 ਲੱਖ ਉਨ੍ਹਾਂ ਦੇ ਵਾਰਸ/ਆਸ਼ਰਿਤ ਹਨ।
OP Soni
ਉਨ੍ਹਾਂ ਨੇ ਪੈਸਕੋ ਨੂੰ ਸੈਨਿਕ ਸੁਰੱਖਿਆ ਸਿਖਲਾਈ ਸੰਸਥਾ, ਮੋਹਾਲੀ ਦੀ ਕਾਰਜਸ਼ੀਲਤਾ ਨੂੰ ਵਧਾਉਣ ਅਤੇ ਸਾਬਕਾ ਸੈਨਿਕਾਂ ਨੂੰ ਸੁਰੱਖਿਆ ਸਬੰਧੀ ਸਿਖਲਾਈ ਪ੍ਰਦਾਨ ਕਰਨ ਲਈ ਕਿਹਾ। ਮੌਜੂਦਾ ਸਮੇਂ ਪੈਸਕੋ ਵਿੱਚ ਲਗਭਗ 10,000 ਸਾਬਕਾ ਸੈਨਿਕ ਹਨ, ਜੋ ਵੱਖ-ਵੱਖ ਡਿਊਟੀਆਂ `ਤੇ ਨਿਯੁਕਤ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੁਰੱਖਿਆ ਡਿਊਟੀਆਂ ਵਿੱਚ ਹਨ। ਪੈਸਕੋ ਨੇ ਵੱਖ-ਵੱਖ ਬੋਰਡਾਂ ਅਤੇ ਕਾਰਪੋਰੇਸ਼ਨਾਂ ਨੂੰ ਸਿਖਲਾਈ ਪ੍ਰਾਪਤ ਡਰਾਈਵਰ ਵੀ ਪ੍ਰਦਾਨ ਕੀਤੇ ਹਨ। ਬਠਿੰਡਾ ਅਤੇ ਮੋਹਾਲੀ ਕੈਂਪਸ ਵਿੱਚ ਪੈਸਕੋ ਵੋਕੇਸ਼ਨਲ ਟਰੇਨਿੰਗ ਇੰਸਟੀਚਿਊਟ (ਪੀਵੀਟੀਆਈ) ਸੁਰੱਖਿਆ ਅਤੇ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਉਂਦਾ ਹੈ
DCM reviews the working of Defence Services Welfare Department
ਜਿਸ ਵਿੱਚ ਬੇਸਿਕ ਕੰਪਿਊਟਰ ਸਕਿੱਲਜ਼, ਫਾਇਰ ਅਤੇ ਇੰਡਸਟ੍ਰੀਅਲ ਸੇਫ਼ਟੀ, ਰੈਫ੍ਰਿਜਰੇਸ਼ਨ ਅਤੇ ਏਅਰ-ਕੰਡੀਸ਼ਨਿੰਗ, ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕ ਟੈਕਨੀਸ਼ੀਅਨ ਅਤੇ ਜੇਸੀਬੀ ਤੋਂ ਇਲਾਵਾ ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਵਿੱਚ ਸੇਵਾ ਨਿਭਾਉਣ ਵਾਲਿਆਂ ਲਈ ਡਾਇਰੈਕਟੋਰੇਟ ਜਨਰਲ ਆਫ਼ ਰੀਸੈਟਲਮੈਂਟ (ਐਮਓਡੀ) ਦੇ ਕੋਰਸ ਸ਼ਾਮਲ ਹਨ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਿਸ਼ੇਸ਼ ਸਕੱਤਰ ਰੱਖਿਆ ਭਲਾਈ ਸੇਵਾਵਾਂ ਮੋਹਨੀਸ਼ ਕੁਮਾਰ, ਡਾਇਰੈਕਟਰ ਰੱਖਿਆ ਭਲਾਈ ਸੇਵਾਵਾਂ, ਡਾਇਰੈਕਟਰ ਰੱਖਿਆ ਭਲਾਈ ਸੇਵਾਵਾਂ ਬ੍ਰਿਗੇਡੀਅਰ ਸਤਿੰਦਰ ਸਿੰਘ , ਮੇਜਰ ਜਨਰਲ ਏ ਪੀ ਸਿੰਘ, ਬ੍ਰਿਗੇਡੀਅਰ ਆਈ ਐਸ ਗਾਖਲ ਅਤੇ ਹੋਰ ਅਧਿਕਾਰੀ ਮੌਜੂਦ ਸਨ।