
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਹਿੰਦੂ ਧਰਮ ਦੇ ਕਥਾਵਾਚਕ ਮੁਰਾਰੀ ਬਾਪੂ ਨੇ ਮੂਰਤੀ ਦਾ ਉਦਘਾਟਨ ਕੀਤਾ।
ਜੈਪੁਰ - ਰਾਜਸਥਾਨ ਦੇ ਰਾਜਸਮੰਦ ਜ਼ਿਲ੍ਹੇ ਦੇ ਨਾਥਦੁਆਰਾ ਕਸਬੇ 'ਚ ਬਣੀ 369 ਫੁੱਟ ਉੱਚੀ ਸ਼ਿਵ ਮੂਰਤੀ ‘ਵਿਸ਼ਵਾਸ ਸਵਰੂਪਮ’ ਦਾ ਸ਼ਨੀਵਾਰ 29 ਅਕਤੂਬਰ ਦੀ ਸ਼ਾਮ ਨੂੰ ਉਦਘਾਟਨ ਕੀਤਾ ਗਿਆ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਹਿੰਦੂ ਧਰਮ ਦੇ ਕਥਾਵਾਚਕ ਮੁਰਾਰੀ ਬਾਪੂ ਨੇ ਮੂਰਤੀ ਦਾ ਉਦਘਾਟਨ ਕੀਤਾ।
ਇਸ ਮੌਕੇ 'ਤੇ ਬਾਬਾ ਰਾਮਦੇਵ, ਵਿਧਾਨ ਸਭਾ ਦੇ ਸਪੀਕਰ ਡਾ. ਸੀ.ਪੀ. ਜੋਸ਼ੀ, ਵਿਰੋਧੀ ਧਿਰ ਦੇ ਨੇਤਾ ਗੁਲਾਬਚੰਦ ਕਟਾਰੀਆ ਸਮੇਤ ਕਈ ਸਿਆਸੀ ਨੇਤਾ ਮੌਜੂਦ ਸਨ। ਪ੍ਰੋਗਰਾਮ ਦੇ ਬੁਲਾਰੇ ਜੈਪ੍ਰਕਾਸ਼ ਮਾਲੀ ਨੇ ਦੱਸਿਆ ਕਿ ਨਾਥਦੁਆਰੇ ਦੇ ਗਣੇਸ਼ ਟੇਕਰੀ 'ਤੇ 51 ਵਿੱਘੇ ਦੀ ਪਹਾੜੀ 'ਤੇ ਬਣੀ ਇਸ ਮੂਰਤੀ 'ਚ ਸ਼ਿਵ ਧਿਆਨ ਦੀ ਸਥਿਤੀ 'ਚ ਹਨ।
ਮਾਲੀ ਨੇ ਦਾਅਵਾ ਕੀਤਾ ਕਿ ਦੁਨੀਆ ਦੀ ਸਭ ਤੋਂ ਉੱਚੀ ਸ਼ਿਵ ਮੂਰਤੀ ਦੀ ਆਪਣੀ ਵੱਖਰੀ ਵਿਸ਼ੇਸ਼ਤਾ ਹੈ। ਇਹ 369 ਫੁੱਟ ਉੱਚੀ ਮੂਰਤੀ ਦੁਨੀਆ ਦੀ ਇਕਲੌਤੀ ਅਜਿਹੀ ਮੂਰਤੀ ਹੋਵੇਗੀ, ਜਿਸ 'ਚ ਸ਼ਰਧਾਲੂਆਂ ਲਈ ਲਿਫ਼ਟ, ਪੌੜੀਆਂ ਤੇ ਹਾਲ ਬਣਾਏ ਗਏ ਹਨ। ਮੂਰਤੀ ਦੇ ਨਿਰਮਾਣ ਵਿੱਚ 10 ਸਾਲ ਲੱਗੇ ਅਤੇ 3000 ਟਨ ਸਟੀਲ ਅਤੇ ਲੋਹਾ, 2.5 ਲੱਖ ਘਣ ਟਨ ਕੰਕਰੀਟ ਅਤੇ ਰੇਤ ਦੀ ਵਰਤੋਂ ਕੀਤੀ ਗਈ ਹੈ।