
ਕਿਹਾ, ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦਾ ਰਵੱਈਆ ਲੋਕਾਂ ਅਤੇ ਰਾਸ਼ਟਰ ਪ੍ਰਤੀ ਬੇਇੱਜ਼ਤੀ ਦੀ ਭਾਵਨਾ ਨੂੰ ਦਰਸਾਉਂਦਾ ਹੈ
ਵਾਇਨਾਡ (ਕੇਰਲ) : ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਵਾਇਨਾਡ ਲੋਕ ਸਭਾ ਸੀਟ ’ਤੇ ਹੋਣ ਵਾਲੀ ਉਪ ਚੋਣ ਲਈ ਅਪਣੀ ਮੁਹਿੰਮ ਤੇਜ਼ ਕਰਦਿਆਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਪਹਾੜੀ ਜ਼ਿਲ੍ਹੇ ’ਚ ਜ਼ਮੀਨ ਖਿਸਕਣ ਨਾਲ ਪ੍ਰਭਾਵਤ ਇਲਾਕਿਆਂ ਦੇ ਮੁੜ ਵਸੇਬੇ ਲਈ ਫੰਡ ਮੁਹੱਈਆ ਨਾ ਕਰਵਾ ਕੇ ਉਨ੍ਹਾਂ ਦੀ ਅਣਦੇਖੀ ਕਰਨ ਅਤੇ ਲੋਕਤੰਤਰ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ।
ਪ੍ਰਿਯੰਕਾ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦਾ ਰਵੱਈਆ ਲੋਕਾਂ ਅਤੇ ਰਾਸ਼ਟਰ ਪ੍ਰਤੀ ਬੇਇੱਜ਼ਤੀ ਦੀ ਭਾਵਨਾ ਨੂੰ ਦਰਸਾਉਂਦਾ ਹੈ ਅਤੇ ਇਹ ਉਸ ਦੇ ਪਿਛਲੇ 10 ਸਾਲਾਂ ਦੇ ਸ਼ਾਸਨ ਦੌਰਾਨ ਬਣਾਈਆਂ ਗਈਆਂ ਨੀਤੀਆਂ ਤੋਂ ਸਪੱਸ਼ਟ ਹੈ। ਕਾਂਗਰਸ ਨੇਤਾ ਨੇ ਕਿਹਾ ਕਿ ਦੇਸ਼ ਦਾ ਸੰਵਿਧਾਨ ਉਸ ਰਾਜਨੀਤੀ ਤੋਂ ਪੈਦਾ ਹੁੰਦਾ ਹੈ ਜਿਸ ਵਿਚ ਲੋਕਾਂ ਨੂੰ ਸੱਭ ਤੋਂ ਵੱਧ ਸਨਮਾਨ ਦਿਤਾ ਜਾਂਦਾ ਹੈ।
ਅਪਣੇ ਚੋਣ ਪ੍ਰਚਾਰ ਦੇ ਦੂਜੇ ਦਿਨ ਥੇਰਤਮਮਲ ’ਚ ਇਕ ਗਲੀ ਕੋਨੇ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਅੱਜ ਸਾਡੇ ਦੇਸ਼ ’ਚ ਸੱਤਾਧਾਰੀ ਭਾਜਪਾ ਇਕ ਵੱਖਰੀ ਤਰ੍ਹਾਂ ਦੀ ਸਿਆਸਤ ਕਰ ਰਹੀ ਹੈ। ਉਹ ਸਾਡੇ ਦੇਸ਼ ਦੇ ਸਾਰ ਨੂੰ ਭੁੱਲ ਗਏ ਹਨ। ਉਹ ਲੋਕਤੰਤਰ ਨੂੰ ਤਬਾਹ ਕਰਨ, ਗੁੱਸਾ, ਨਫ਼ਰਤ ਅਤੇ ਵੰਡੀਆਂ ਫੈਲਾਉਣ ਦਾ ਕੰਮ ਕਰ ਰਹੇ ਹਨ।
ਉਨ੍ਹਾਂ ਕਿਹਾ, ‘‘ਉਨ੍ਹਾਂ ਦਾ ਇਕੋ ਇਕ ਉਦੇਸ਼ ਸੱਤਾ ਵਿਚ ਬਣੇ ਰਹਿਣਾ ਹੈ, ਚਾਹੇ ਉਹ ਕੋਈ ਵੀ ਤਰੀਕਾ ਅਪਣਾਉਣ। ਪਿਛਲੇ 10 ਸਾਲਾਂ ’ਚ ਅਸੀਂ ਇਸ ਸਿਆਸਤ ਨੂੰ ਵਾਰ-ਵਾਰ ਵੇਖਿਆ ਹੈ।’’
ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਅਜਿਹੀ ਸਿਆਸਤ ਦਾ ਗੰਦਾ ਚਿਹਰਾ ਵਾਇਨਾਡ ’ਚ ਵੇਖਣ ਨੂੰ ਮਿਲਿਆ, ਜਿੱਥੇ ਪ੍ਰਧਾਨ ਮੰਤਰੀ ਵਲੋਂ ਆਫ਼ਤ ਪ੍ਰਭਾਵਤ ਇਲਾਕਿਆਂ ਦਾ ਦੌਰਾ ਕਰਨ ਅਤੇ ਪ੍ਰਭਾਵਤ ਲੋਕਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਹਰ ਤਰ੍ਹਾਂ ਦੀ ਮਦਦ ਦਾ ਵਾਅਦਾ ਕਰਨ ਦੇ ਬਾਵਜੂਦ ਜ਼ਮੀਨ ਖਿਸਕਣ ਨਾਲ ਪ੍ਰਭਾਵਤ ਪੀੜਤਾਂ ਲਈ ਕੇਂਦਰ ਤੋਂ ਮੁਆਵਜ਼ਾ ਨਹੀਂ ਮਿਲਿਆ।
ਉਨ੍ਹਾਂ ਕਿਹਾ, ‘‘ਅਸੀਂ ਹਿਮਾਚਲ ਪ੍ਰਦੇਸ਼ ’ਚ ਵੀ ਅਜਿਹਾ ਹੀ ਵੇਖਿਆ। ਇਸ ਲਈ ਇਸ ਤਰ੍ਹਾਂ ਦੀ ਸਿਆਸਤ ਸਿਰਫ ਉਨ੍ਹਾਂ ਨੂੰ ਲੰਮੇ ਸਮੇਂ ਤਕ ਸੱਤਾ ’ਚ ਰੱਖਣ ਲਈ ਕੀਤੀ ਜਾਂਦੀ ਹੈ ਅਤੇ ਜਨਤਾ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ।’’ ਬਾਅਦ ’ਚ ਮਮਪਦ ’ਚ ਇਕ ਨੁੱਕੜ ਸਭਾ ਨੂੰ ਸੰਬੋਧਨ ਕਰਦਿਆਂ ਕਾਂਗਰਸ ਨੇਤਾ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੀ ਸਿਆਸਤ ਨਾਲ ਲੜਨ ਜਾ ਰਹੀ ਹੈ।
ਇਸ ਤੋਂ ਪਹਿਲਾਂ ਇੰਗਾਪੁਝਾ ’ਚ ਇਕ ਨੁੱਕੜ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨੋਟਬੰਦੀ ਸਮੇਤ ਮੋਦੀ ਸਰਕਾਰ ਦੀਆਂ ਨੀਤੀਆਂ ਹਮੇਸ਼ਾ ਪ੍ਰਧਾਨ ਮੰਤਰੀ ਦੇ ਪੰਜ-ਛੇ ਕਾਰੋਬਾਰੀ ਦੋਸਤਾਂ ਦਾ ਸਮਰਥਨ ਕਰਨ ਲਈ ਬਣਾਈਆਂ ਜਾਂਦੀਆਂ ਹਨ ਅਤੇ ਲੋਕਾਂ ਨੂੰ ਉਨ੍ਹਾਂ ਦਾ ਲਾਭ ਨਹੀਂ ਮਿਲਦਾ।
ਵਾਇਨਾਡ ’ਚ ਜ਼ਮੀਨ ਖਿਸਕਣ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਜ਼ਿਲ੍ਹੇ ’ਚ ਪ੍ਰਭਾਵਤ ਥਾਵਾਂ ਦਾ ਦੌਰਾ ਕੀਤਾ, ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਵਾਅਦਾ ਕੀਤਾ ਪਰ ਕੇਂਦਰ ਸਰਕਾਰ ਨੇ ਮਹੀਨਿਆਂ ਬਾਅਦ ਵੀ ਪ੍ਰਭਾਵਤ ਲੋਕਾਂ ਦੇ ਮੁੜ ਵਸੇਬੇ ਲਈ ਕੋਈ ਫੰਡ ਮੁਹੱਈਆ ਨਹੀਂ ਕਰਵਾਇਆ।
ਇਸ ਉਪ ਚੋਣ ਰਾਹੀਂ ਪਹਿਲੀ ਵਾਰ ਚੋਣ ਲੜ ਰਹੀ ਪ੍ਰਿਯੰਕਾ ਦਾ ਮੁਕਾਬਲਾ ਵਾਇਨਾਡ ਲੋਕ ਸਭਾ ਸੀਟ ਤੋਂ ਖੱਬੇ ਪੱਖੀ ਡੈਮੋਕ੍ਰੇਟਿਕ ਫਰੰਟ (ਐਲ.ਡੀ.ਐਫ.) ਦੇ ਸੀਨੀਅਰ ਨੇਤਾ ਸਤਿਆਨ ਮੋਕੇਰੀ ਅਤੇ ਸਾਬਕਾ ਵਿਧਾਇਕ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਉਮੀਦਵਾਰ ਨਵਿਆ ਹਰਿਦਾਸ ਨਾਲ ਹੈ।
ਵਾਇਨਾਡ ਸੀਟ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋਈ ਸੀ। ਰਾਹੁਲ ਨੇ ਇਸ ਸਾਲ ਦੇ ਸ਼ੁਰੂ ’ਚ ਹੋਈਆਂ ਆਮ ਚੋਣਾਂ ’ਚ ਉੱਤਰ ਪ੍ਰਦੇਸ਼ ਦੇ ਵਾਇਨਾਡ ਅਤੇ ਰਾਏਬਰੇਲੀ ਦੋਵੇਂ ਜਿੱਤੇ ਸਨ। ਬਾਅਦ ’ਚ ਉਨ੍ਹਾਂ ਨੇ ਵਾਇਨਾਡ ਸੀਟ ਛੱਡ ਦਿਤੀ, ਜਿਸ ਕਾਰਨ ਇਸ ਸੀਟ ’ਤੇ ਉਪ ਚੋਣ ਹੋ ਰਹੀ ਹੈ।