ਅਮਰੀਕਾ ਨੇ ਸੰਗਠਤ ਅਪਰਾਧੀਆਂ, ਬੰਦੂਕਧਾਰੀਆਂ, ਅਤਿਵਾਦੀਆਂ ਅਤੇ ਹੋਰਾਂ ਵਿਚਾਲੇ ਗਠਜੋੜ ਨਾਲ ਜੁੜੀ ਕੁਝ ਜਾਣਕਾਰੀ ਸਾਂਝੀ ਕੀਤੀ
Allegations of plot to kill Pannu : ਭਾਰਤ ਨੇ ਅਮਰੀਕੀ ਧਰਤੀ ’ਤੇ ਇਕ ਸਿੱਖ ਗਰਮਖ਼ਿਆਲੀ ਨੂੰ ਮਾਰਨ ਦੀ ਸਾਜ਼ਸ਼ ਨਾਲ ਜੁੜੇ ਦੋਸ਼ਾਂ ਦੀ ਜਾਂਚ ਲਈ ਉੱਚ ਪੱਧਰੀ ਜਾਂਚ ਕਮੇਟੀ ਦਾ ਗਠਨ ਕੀਤਾ ਹੈ। ‘ਫਾਈਨੈਂਸ਼ੀਅਲ ਟਾਈਮਜ਼’ ਨੇ ਪਿਛਲੇ ਹਫਤੇ ਅਣਪਛਾਤੇ ਸੂਤਰਾਂ ਦੇ ਹਵਾਲੇ ਨਾਲ ਖਬਰ ਦਿਤੀ ਸੀ ਕਿ ਅਮਰੀਕੀ ਅਧਿਕਾਰੀਆਂ ਨੇ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਸ਼ ਨੂੰ ਨਾਕਾਮ ਕਰ ਦਿਤਾ ਸੀ ਅਤੇ ਸਾਜ਼ਸ਼ ਵਿਚ ਸ਼ਮੂਲੀਅਤ ਬਾਰੇ ਚਿੰਤਾਵਾਂ ਨੂੰ ਲੈ ਕੇ ਭਾਰਤ ਸਰਕਾਰ ਨੂੰ ਚੇਤਾਵਨੀ ਦਿਤੀ ਸੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਬੁਧਵਾਰ ਨੂੰ ਕਿਹਾ ਕਿ ਭਾਰਤ ਨੇ ਮਾਮਲੇ ਦੇ ਸਾਰੇ ਸਬੰਧਤ ਪਹਿਲੂਆਂ ’ਤੇ ਵਿਚਾਰ ਕਰਨ ਲਈ 18 ਨਵੰਬਰ ਨੂੰ ਇਕ ਉੱਚ ਪੱਧਰੀ ਜਾਂਚ ਕਮੇਟੀ ਦਾ ਗਠਨ ਕੀਤਾ ਹੈ। ਪੰਨੂੰ ਇਕ ਸਿੱਖ ਗਰਮਖ਼ਿਆਲੀ ਹੈ ਜਿਸ ਕੋਲ ਅਮਰੀਕੀ ਅਤੇ ਕੈਨੇਡੀਅਨ ਨਾਗਰਿਕਤਾ ਹੈ। ਭਾਰਤੀ ਜਾਂਚ ਏਜੰਸੀਆਂ ਅਤਿਵਾਦ ਦੇ ਵੱਖ-ਵੱਖ ਦੋਸ਼ਾਂ ’ਚ ਉਸ ਦੀ ਭਾਲ ਕਰ ਰਹੀਆਂ ਹਨ।
ਬਾਗਚੀ ਨੇ ਕਿਹਾ, ‘‘ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਦੁਵੱਲੇ ਸੁਰੱਖਿਆ ਸਹਿਯੋਗ ’ਤੇ ਅਮਰੀਕਾ ਨਾਲ ਵਿਚਾਰ-ਵਟਾਂਦਰੇ ਦੌਰਾਨ ਅਮਰੀਕੀ ਪੱਖ ਨੇ ਸੰਗਠਤ ਅਪਰਾਧੀਆਂ, ਬੰਦੂਕਧਾਰੀਆਂ, ਅਤਿਵਾਦੀਆਂ ਅਤੇ ਹੋਰਾਂ ਵਿਚਾਲੇ ਗਠਜੋੜ ਨਾਲ ਜੁੜੀ ਕੁਝ ਜਾਣਕਾਰੀ ਸਾਂਝੀ ਕੀਤੀ ਸੀ।’’ ਉਹ ਇਸ ਮਾਮਲੇ ’ਤੇ ਮੀਡੀਆ ਦੇ ਇਕ ਸਵਾਲ ਦਾ ਜਵਾਬ ਦੇ ਰਹੇ ਸਨ।
ਉਨ੍ਹਾਂ ਅੱਗੇ ਕਿਹਾ, ‘‘ਅਸੀਂ ਇਹ ਵੀ ਸੰਕੇਤ ਦਿਤਾ ਸੀ ਕਿ ਭਾਰਤ ਅਜਿਹੀ ਜਾਣਕਾਰੀ ਨੂੰ ਗੰਭੀਰਤਾ ਨਾਲ ਲੈਂਦਾ ਹੈ ਕਿਉਂਕਿ ਇਹ ਸਾਡੇ ਰਾਸ਼ਟਰੀ ਸੁਰੱਖਿਆ ਹਿੱਤਾਂ ਨੂੰ ਵੀ ਪ੍ਰਭਾਵਤ ਕਰਦੀ ਹੈ ਅਤੇ ਸਬੰਧਤ ਵਿਭਾਗ ਪਹਿਲਾਂ ਹੀ ਇਸ ਮੁੱਦੇ ਦੀ ਜਾਂਚ ਕਰ ਰਹੇ ਹਨ।’’ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ, ‘‘ਇਸ ਸੰਦਰਭ ’ਚ, ਇਹ ਸੂਚਿਤ ਕੀਤਾ ਜਾਂਦਾ ਹੈ ਕਿ 18 ਨਵੰਬਰ ਨੂੰ ਭਾਰਤ ਸਰਕਾਰ ਨੇ ਇਸ ਮਾਮਲੇ ਦੇ ਸਾਰੇ ਸਬੰਧਤ ਪਹਿਲੂਆਂ ਦੀ ਜਾਂਚ ਕਰਨ ਲਈ ਇਕ ਉੱਚ ਪੱਧਰੀ ਜਾਂਚ ਕਮੇਟੀ ਦਾ ਗਠਨ ਕੀਤਾ ਹੈ।’’
ਬਾਗਚੀ ਨੇ ਕਿਹਾ ਕਿ ਭਾਰਤ ਕਮੇਟੀ ਦੇ ਨਤੀਜਿਆਂ ਦੇ ਆਧਾਰ ’ਤੇ ਲੋੜੀਂਦੀ ਕਾਰਵਾਈ ਕਰੇਗਾ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜੂਨ ’ਚ ਵੈਨਕੂਵਰ ਦੇ ਉਪਨਗਰ ’ਚ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਭਾਰਤੀ ਏਜੰਟਾਂ ਦੀ ‘ਸੰਭਾਵਤ’ ਸ਼ਮੂਲੀਅਤ ਦਾ ਦੋਸ਼ ਲਾਇਆ ਸੀ। ਟਰੂਡੋ ਦੇ ਦੋਸ਼ਾਂ ਨੂੰ ਭਾਰਤ ਨੇ ਪੂਰੀ ਤਰ੍ਹਾਂ ਖਾਰਜ ਕਰ ਦਿਤਾ ਸੀ। ਹਾਲਾਂਕਿ ਇਸ ਘਟਨਾ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ’ਚ ਤਣਾਅ ਪੈਦਾ ਹੋ ਗਿਆ ਸੀ।
ਇਸ ਖ਼ਬਰ ਤੋਂ ਬਾਅਦ ਬਾਗਚੀ ਨੇ 22 ਨਵੰਬਰ ਨੂੰ ਕਿਹਾ ਸੀ ਕਿ ਅਮਰੀਕੀ ਪੱਖ ਨੇ ਸੰਗਠਤ ਅਪਰਾਧੀਆਂ, ਬੰਦੂਕਧਾਰੀਆਂ, ਅਤਿਵਾਦੀਆਂ ਅਤੇ ਹੋਰਾਂ ਵਿਚਾਲੇ ਗਠਜੋੜ ਨਾਲ ਜੁੜੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਜਾਣਕਾਰੀ ਦੋਹਾਂ ਦੇਸ਼ਾਂ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਉਨ੍ਹਾਂ ਨੇ ਜ਼ਰੂਰੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ।
(For more news apart from Allegations of plot to kill Pannu, stay tuned to Rozana Spokesman)