
Delhi News : ਅਦਾਲਤ 16 ਦਸੰਬਰ ਨੂੰ ਸੁਣਾਏਗੀ ਫੈਸਲਾ
Delhi News : 1984 ਸਿੱਖ ਕਤਲੇਆਮ ਦੇ ਇਕ ਮਾਮਲੇ ਵਿੱਚ ਸੱਜਣ ਕੁਮਾਰ ਵਿਰੁੱਧ ਫੈਸਲਾ ਟਲ ਗਿਆ ਹੈ। ਹੁਣ ਦਿੱਲੀ ਦੀ ਅਦਾਲਤ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਬਾਰੇ 16 ਦਸੰਬਰ ਨੂੰ ਫੈਸਲਾ ਸੁਣਾਏਗੀ। ਇਹ ਮਾਮਲਾ ਸਿੱਖ ਵਿਰੋਧੀ ਦੰਗਿਆਂ ਦੌਰਾਨ ਸਰਸਵਤੀ ਵਿਹਾਰ ਇਲਾਕੇ ਵਿੱਚ ਦੋ ਸਿੱਖਾਂ ਦੀ ਕਥਿਤ ਹੱਤਿਆ ਨਾਲ ਸਬੰਧਤ ਹੈ।
ਅੱਜ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਇਸ ਮਾਮਲੇ ਬਾਰੇ ਫੈਸਲਾ ਸੁਣਾਉਣਾ ਸੀ ਪਰ ਉਨ੍ਹਾਂ ਕਿਹਾ ਕਿ ਇਸ ਸਬੰਧੀ ਹੁਕਮਾਂ ਦੀ ਕਾਪੀ ਤਿਆਰ ਨਹੀਂ ਹੋ ਸਕੀ ਜਿਸ ਕਰ ਕੇ ਇਸ ਫੈਸਲੇ ਨੂੰ ਅਗਲੇ ਹੁਕਮਾਂ ਤਕ ਟਾਲ ਦਿੱਤਾ ਗਿਆ ਹੈ। ਦੱਸ ਦਈਏ ਕਿ ਅਦਾਲਤ ਨੇ 1 ਨਵੰਬਰ 1984 ਨੂੰ ਜਸਵੰਤ ਸਿੰਘ ਅਤੇ ਉਸ ਦੇ ਪੁੱਤਰ ਤਰੁਣਦੀਪ ਸਿੰਘ ਦੇ ਕਤਲ ਨਾਲ ਸਬੰਧਤ ਕੇਸ ਵਿੱਚ ਅੰਤਿਮ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਰਾਖਵਾਂ ਰੱਖ ਲਿਆ ਸੀ।
ਭਾਵੇਂ ਇਸ ਮਾਮਲੇ ਵਿਚ ਪੰਜਾਬੀ ਬਾਗ ਥਾਣੇ ਦੀ ਪੁਲੀਸ ਨੇ ਪਹਿਲਾਂ ਕੇਸ ਦਰਜ ਕਰ ਲਿਆ ਸੀ ਪਰ ਬਾਅਦ ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਜਾਂਚ ਆਪਣੇ ਹੱਥ ਵਿੱਚ ਲੈ ਲਈ ਸੀ। ਅਦਾਲਤ ਨੇ 16 ਦਸੰਬਰ 2021 ਨੂੰ ਸੱਜਣ ਕੁਮਾਰ ਵਿਰੁੱਧ ਦੋਸ਼ ਆਇਦ ਕੀਤੇ ਸਨ। ਇਸਤਗਾਸਾ ਪੱਖ ਅਨੁਸਾਰ ਇੰਦਰਾ ਗਾਂਧੀ ਦੀ ਹੱਤਿਆ ਦਾ ਬਦਲਾ ਲੈਣ ਲਈ ਲੋਕਾਂ ਦੇ ਵੱਡੇ ਸਮੂਹ ਨੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਸਿੱਖਾਂ ਦੀਆਂ ਜਾਇਦਾਦਾਂ ਦੀ ਵੱਡੇ ਪੱਧਰ ’ਤੇ ਲੁੱਟਮਾਰ ਕਰਦਿਆਂ ਅੱਗਾਂ ਲਾਈਆਂ ਸਨ ਤੇ ਸਿੱਖਾਂ ਦੀਆਂ ਹੱਤਿਆਵਾਂ ਕਰ ਦਿੱਤੀਆਂ ਸਨ।
ਇਸਤਗਾਸਾ ਪੱਖ ਨੇ ਦੋਸ਼ ਲਾਇਆ ਕਿ ਵੱਡੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਨੇ ਜਸਵੰਤ ਸਿੰਘ ਤੇ ਉਸ ਦੇ ਪੁੱਤਰ ਦੀ ਹੱਤਿਆ ਕਰਨ ਤੋਂ ਇਲਾਵਾ ਘਰ ਦਾ ਸਾਮਾਨ ਲੁੱਟ ਲਿਆ ਤੇ ਅਤੇ ਘਰ ਨੂੰ ਅੱਗ ਲਾ ਦਿੱਤੀ। ਇਸ ਕੇਸ ਵਿਚ ਸਬੂਤ ਮਿਲੇ ਸਨ ਕਿ ਸੱਜਣ ਕੁਮਾਰ ਨੇ ਹੀ ਇਸ ਹਜ਼ੂਮ ਦੀ ਅਗਵਾਈ ਕੀਤੀ ਜਿਨ੍ਹਾਂ ਸਿੱਖਾਂ ਦੇ ਘਰ ਸਾੜੇ ਤੇ ਹੱਤਿਆਵਾਂ ਕੀਤੀਆਂ।
(For more news apart from The verdict against Sajjan Kumar in the 1984 Sikh massacre case was delayed News in Punjabi, stay tuned to Rozana Spokesman)