
ਇੱਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਰਦਵਾਜ ਨੇ ਕਿਹਾ ਕਿ ਕੇਂਦਰ ਨੇ ਤਿੰਨ ਸਾਲਾਂ ਤੋਂ ਪਰੇਡ ’ਚ ਦਿੱਲੀ ਦੀਆਂ ਝਾਕੀਆਂ ਨੂੰ ਸ਼ਾਮਲ ਨਹੀਂ ਕੀਤਾ।
ਨਵੀਂ ਦਿੱਲੀ : ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਸ਼ੁਕਰਵਾਰ ਨੂੰ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਗਣਤੰਤਰ ਦਿਵਸ ਪਰੇਡ ਲਈ ਦਿੱਲੀ ਅਤੇ ਪੰਜਾਬ ਦੀਆਂ ਝਾਕੀਆਂ ਨੂੰ ਰੱਦ ਕਰ ਦਿਤਾ ਹੈ ਤਾਂ ਜੋ ਰਾਸ਼ਟਰੀ ਰਾਜਧਾਨੀ ਅਤੇ ਸਰਹੱਦੀ ਸੂਬੇ ਪੰਜਾਬ ’ਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਤੋਂ ਬਦਲਾ ਲਿਆ ਜਾ ਸਕੇ।
ਇੱਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਰਦਵਾਜ ਨੇ ਕਿਹਾ ਕਿ ਕੇਂਦਰ ਨੇ ਤਿੰਨ ਸਾਲਾਂ ਤੋਂ ਪਰੇਡ ’ਚ ਦਿੱਲੀ ਦੀਆਂ ਝਾਕੀਆਂ ਨੂੰ ਸ਼ਾਮਲ ਨਹੀਂ ਕੀਤਾ। ਅਧਿਕਾਰੀਆਂ ਮੁਤਾਬਕ ਦਿੱਲੀ ਦੀ ਝਾਕੀ ਆਖਰੀ ਵਾਰ 2021 ’ਚ ਗਣਤੰਤਰ ਦਿਵਸ ਪਰੇਡ ’ਚ ਵਿਖਾਈ ਗਈ ਸੀ। ਇਸ ’ਚ ਸ਼ਾਹਜਹਾਨਾਬਾਦ ਪੁਨਰ ਵਿਕਾਸ ਪ੍ਰਾਜੈਕਟ ਨੂੰ ਦਰਸਾਇਆ ਗਿਆ ਸੀ।
ਭਾਰਦਵਾਜ ਨੇ ਕਿਹਾ ਕਿ ਇਸ ਸਾਲ ਦੀ ਦਿੱਲੀ ਦੀ ਝਾਕੀ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਦੇ ਸ਼ਹਿਰ ਦੇ ਮਾਡਲ ਨੂੰ ਪ੍ਰਦਰਸ਼ਿਤ ਕਰਨ ਲਈ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਰਾਜਧਾਨੀ ਦਿੱਲੀ ਦੀ ਝਾਕੀ ਨੂੰ ਕੇਂਦਰ ਨੇ ਰੱਦ ਕਰ ਦਿਤਾ ਹੈ। ਉਸ ਦੀ ਝਾਕੀ ਨੂੰ 2022, 2023 ਅਤੇ ਹੁਣ ਫਿਰ 2024 ਦੀ ਪਰੇਡ ਲਈ ਰੱਦ ਕਰ ਦਿਤਾ ਗਿਆ ਸੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਉਨ੍ਹਾਂ ਕਿਹਾ ਕਿ 2023 ’ਚ ਗਣਤੰਤਰ ਦਿਵਸ ਪਰੇਡ ਲਈ ਦਿੱਲੀ ਦੀ ਝਾਕੀ ਦਾ ਵਿਸ਼ਾ ‘ਨਾਰੀ ਸ਼ਕਤੀ’ ਸੀ ਅਤੇ 2024 ਦੀ ਪਰੇਡ ਲਈ ਝਾਕੀ ਦਾ ਵਿਸ਼ਾ ‘ਵਿਕਸਤ ਭਾਰਤ’ ਸੀ। ਉਨ੍ਹਾਂ ਕਿਹਾ, ‘‘ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਇਹ ਡਿਜ਼ਾਈਨ ਮੁਕਾਬਲਾ ਹੈ। ਕੇਂਦਰ ਨੇ ਸਾਨੂੰ ਕੁੱਝ ਸੁਝਾਅ ਦਿਤੇ ਸਨ ਅਤੇ ਅਸੀਂ ਉਨ੍ਹਾਂ ਨੂੰ (ਅਪਣੇ ਝਾਕੀ ਪ੍ਰਸਤਾਵ ਵਿਚ) ਸ਼ਾਮਲ ਕੀਤਾ ਸੀ। ਜੇ ਉਨ੍ਹਾਂ ਨੇ ਸਾਨੂੰ ਕੁੱਝ ਹੋਰ ਸੁਝਾਅ ਦਿਤੇ ਹੁੰਦੇ ਤਾਂ ਅਸੀਂ ਉਨ੍ਹਾਂ ਨੂੰ ਵੀ ਸ਼ਾਮਲ ਕਰਦੇ। ਸਾਡੀ ਝਾਕੀ ਸਕੂਲ ਅਤੇ ਮੁਹੱਲਾ ਕਲੀਨਿਕ ਮਾਡਲ ਨੂੰ ਦਰਸਾਉਂਦੀ ਹੈ।’’
ਭਾਰਦਵਾਜ ਨੇ ਕਿਹਾ ਕਿ ਇਹ ਸਿਰਫ ਇਤਫਾਕ ਨਹੀਂ ਹੈ ਕਿ ਪੰਜਾਬ ਦੀ ਝਾਕੀ ਦੇ ਪ੍ਰਸਤਾਵ ਨੂੰ ਵੀ ਰੱਦ ਕਰ ਦਿਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ‘ਆਪ’ ਤੋਂ ਬਦਲਾ ਲੈਣ ਲਈ ਅਜਿਹਾ ਕਰ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁਧਵਾਰ ਨੂੰ ਪਰੇਡ ’ਚ ਅਪਣੇ ਸੂਬੇ ਦੀ ਝਾਕੀ ਨੂੰ ਸ਼ਾਮਲ ਨਾ ਕਰਨ ਲਈ ਕੇਂਦਰ ’ਤੇ ਨਿਸ਼ਾਨਾ ਸਾਧਿਆ ਸੀ ਅਤੇ ਉਸ ’ਤੇ ਵਿਤਕਰੇ ਦਾ ਦੋਸ਼ ਲਾਇਆ ਸੀ।
ਉਨ੍ਹਾਂ ਦੋਸ਼ ਲਾਇਆ ਸੀ ਕਿ ਝਾਕੀਆਂ ਲਈ ਚੁਣੇ ਗਏ 80 ਫੀ ਸਦੀ ਰਾਜ ਭਾਜਪਾ ਸ਼ਾਸਿਤ ਰਾਜ ਹਨ। ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਪੰਜਾਬ ਇਕਾਈ ਨੇ ਵੀਰਵਾਰ ਨੂੰ ਭਗਵੰਤ ਮਾਨ ’ਤੇ ਗਣਤੰਤਰ ਦਿਵਸ ਪਰੇਡ ’ਚ ਸੂਬੇ ਦੀ ਝਾਕੀ ਨੂੰ ਸ਼ਾਮਲ ਨਾ ਕੀਤੇ ਜਾਣ ’ਤੇ ਸਿਆਸਤ ਕਰਨ ਦਾ ਦੋਸ਼ ਲਾਇਆ ਅਤੇ ਸੂਬੇ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ’ਤੇ ਝਾਕੀ ’ਚ ਉਨ੍ਹਾਂ ਅਤੇ ਅਰਵਿੰਦ ਕੇਜਰੀਵਾਲ ਦੀਆਂ ਤਸਵੀਰਾਂ ਸ਼ਾਮਲ ਕਰਨ ’ਤੇ ਜ਼ੋਰ ਦਿਤਾ।