
ਸੁਰੱਖਿਆ ’ਚ ਇਹ ਵੱਡੀ ਸੰਨ੍ਹ 13 ਦਸੰਬਰ ਨੂੰ ਸੰਸਦ ’ਤੇ 2001 ਦੇ ਅਤਿਵਾਦੀ ਹਮਲੇ ਦੀ ਵਰ੍ਹੇਗੰਢ ਮੌਕੇ ਵਾਪਰੀ ਸੀ
Parliament Breach: ਦਿੱਲੀ ਪੁਲਿਸ ਨੇ ਸੰਸਦ ਦੀ ਸੁਰੱਖਿਆ ’ਚ ਸੰਨ੍ਹ ਦੇ ਮਾਮਲੇ ’ਚ ਮੁਲਜ਼ਮ ਸਾਗਰ ਸ਼ਰਮਾ ਅਤੇ ਮਨੋਰੰਜਨ ਡੀ. ਦੀਆਂ ਜੁੱਤੀਆਂ ’ਚ ਧੂੰਏਂ ਵਾਲੇ ਕੈਨ ਰੱਖਣ ਲਈ ਥਾਂ ਬਣਾਉਣ ਵਾਲੇ ਮੋਚੀ ਦਾ ਪਤਾ ਲਗਾਉਣ ਲਈ ਲਖਨਊ ਪੁਲਿਸ ਦੀ ਮਦਦ ਮੰਗੀ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਪੁਲਿਸ ਉਸ ਵਿਅਕਤੀ ਨੂੰ ਇਸ ਮਾਮਲੇ ’ਚ ਗਵਾਹ ਬਣਾਉਣਾ ਚਾਹੁੰਦੀ ਹੈ।
ਦਿੱਲੀ ਪੁਲਿਸ ਦੇ ਸੂਤਰਾਂ ਅਨੁਸਾਰ ਸਾਗਰ ਨੇ ਸ਼ੁਰੂ ’ਚ ਅਪਣੇ ਆਪ ਜੁੱਤੀਆਂ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਅਸਫਲ ਰਿਹਾ ਤਾਂ ਉਸ ਨੇ ਮੋਚੀ ਨਾਲ ਸੰਪਰਕ ਕੀਤਾ ਜੋ ਸਾਈਕਲ ’ਤੇ ਲਖਨਊ ਦੇ ਆਲਮਬਾਗ ਆਉਂਦਾ ਸੀ। ਦਿੱਲੀ ਪੁਲਿਸ ਦੀ ਇਕ ਟੀਮ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਉਸ ਵਿਅਕਤੀ ਦਾ ਪਤਾ ਲਗਾਉਣ ਲਈ ਲਖਨਊ ਦਾ ਦੌਰਾ ਕੀਤਾ ਸੀ ਪਰ ਕੋਈ ਸ਼ਨਾਖਤ ਨਹੀਂ ਹੋ ਸਕੀ।
ਸੁਰੱਖਿਆ ’ਚ ਇਹ ਵੱਡੀ ਸੰਨ੍ਹ 13 ਦਸੰਬਰ ਨੂੰ ਸੰਸਦ ’ਤੇ 2001 ਦੇ ਅਤਿਵਾਦੀ ਹਮਲੇ ਦੀ ਵਰ੍ਹੇਗੰਢ ਮੌਕੇ ਵਾਪਰੀ ਸੀ, ਜਦੋਂ ਲੋਕ ਸਭਾ ਦੀ ਕਾਰਵਾਈ ਦੌਰਾਨ ਦੋ ਵਿਅਕਤੀਆਂ ਨੇ ਵਿਜ਼ਟਰ ਗੈਲਰੀ ਵਿਚ ਛਾਲ ਮਾਰ ਦਿਤੀ ਸੀ ਅਤੇ ਕੈਨ ਰਾਹੀਂ ਪੀਲਾ ਧੂੰਆਂ ਫੈਲਾ ਦਿਤਾ ਸੀ। ਘਟਨਾ ਤੋਂ ਤੁਰਤ ਬਾਅਦ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਵੇਂ ਕਰਨਾਟਕ ਦੇ ਮੈਸੂਰੂ ਤੋਂ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਮੈਂਬਰ ਪ੍ਰਤਾਪ ਸਿਮਹਾ ਦੀ ਸਿਫਾਰਸ਼ ’ਤੇ ਸੰਸਦ ’ਚ ਦਾਖਲ ਹੋਏ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਕ ਸੂਤਰ ਨੇ ਕਿਹਾ ਕਿ ਪੁੱਛ-ਪੜਤਾਲ ਦੌਰਾਨ ਸਾਗਰ ਨੇ ਪ੍ਰਗਟਾਵਾ ਕੀਤਾ ਸੀ ਕਿ ਉਸ ਨੇ ਪਹਿਲਾਂ ਵੇਖਿਆ ਸੀ ਕਿ ਸੰਸਦ ’ਚ ਦਾਖਲ ਹੁੰਦੇ ਸਮੇਂ ਇਕ ਵਾਰ ਵੀ ਜੁੱਤੀਆਂ ਦੀ ਜਾਂਚ ਨਹੀਂ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਉਸ ਨੇ ਜੁੱਤੀਆਂ ’ਚ ਹੀ ਕੈਨ ਲੁਕਾਉਣ ਦੀ ਕੋਸ਼ਿਸ਼ ਕੀਤੀ ਸੀ। ਇਕ ਸੂਤਰ ਨੇ ਕਿਹਾ, ‘‘ਜਦੋਂ ਉਸ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋਈਆਂ, ਤਾਂ ਉਹ ਆਲਮਬਾਗ ’ਚ ਇਕ ਮੋਚੀ ਕੋਲ ਗਿਆ। ਉਸ ਨੇ ਜਾਂਚਕਰਤਾਵਾਂ ਨੂੰ ਦਸਿਆ ਕਿ ਉਸ ਨੇ ਅਪਣੇ ਘਰ ਦੇ ਨੇੜੇ ਇਕ ਦੁਕਾਨ ਤੋਂ 595 ਰੁਪਏ ਦੀ ਦਰ ਨਾਲ ਦੋ ਜੋੜੇ ਜੁੱਤੀਆਂ ਖਰੀਦੀਆਂ ਸਨ ਅਤੇ ਸਾਈਕਲ ’ਤੇ ਆਲਮਬਾਗ ’ਚ ਜੁੱਤੀਆਂ ਬਣਾਉਣ ਅਤੇ ਠੀਕ ਕਰਨ ਵਾਲੇ ਵਿਅਕਤੀ ਨੂੰ ਮਿਲਿਆ ਸੀ।’