
ਸਮਾਜਵਾਦੀ ਪਾਰਟੀ ਆਗੂ ਅਖਿਲੇਸ਼ ਯਾਦਵ ਨਾਲ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ
- ਈ.ਵੀ.ਐਮ. ’ਤੇ ਭਰੋਸਾ ਨਹੀਂ ਹੁੰਦਾ : ਅਖਿਲੇਸ਼ ਯਾਦਵ
- ਕਿਹਾ, ਇਹ ਸਵਾਲ ਵੱਡਾ ਹੈ ਕਿ ਚੋਣਾਂ ਜਿੱਤਣ ਵਾਲਿਆਂ ਦੇ ਚਿਹਰੇ ਕਿਉਂ ਉਤਰੇ ਹੁੰਦੇ ਹਨ
ਲਖਨਊ : ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਐਤਵਾਰ ਨੂੰ ਬੈਲਟ ਪੇਪਰਾਂ ਨਾਲ ਚੋਣਾਂ ਦੀ ਵਕਾਲਤ ਕਰਦੇ ਹੋਏ ਕਿਹਾ ਕਿ ਚੋਣਾਂ ਅਜਿਹੀਆਂ ਹੋਣੀਆਂ ਚਾਹੀਦੀਆਂ ਹਨ, ਜਿਨ੍ਹਾਂ ’ਤੇ ਭਰੋਸਾ ਕੀਤਾ ਜਾ ਸਕੇ ਕਿਉਂਕਿ ਈ.ਵੀ.ਐਮ. (ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ) ’ਤੇ ਭਰੋਸਾ ਨਹੀਂ ਹੁੰਦਾ।
ਫ੍ਰੈਂਕਫਰਟ (ਜਰਮਨੀ) ਤੋਂ ਭਾਰਤੀ ਮੂਲ ਦੇ ਸੰਸਦ ਮੈਂਬਰ ਰਾਹੁਲ ਕੁਮਾਰ ਕੰਬੋਜ ਦੇ ਨਾਲ ਸਮਾਜਵਾਦੀ ਪਾਰਟੀ (ਸਪਾ) ਦੇ ਮੁੱਖ ਦਫ਼ਤਰ ’ਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਯਾਦਵ ਨੇ ਕਿਹਾ ਕਿ ਅੱਜ ਜਰਮਨੀ ਵਰਗਾ ਦੇਸ਼ ਵੀ ਬੈਲਟ ਪੇਪਰਾਂ ਨਾਲ ਚੋਣਾਂ ਕਰਵਾ ਰਿਹਾ ਹੈ ਪਰ ‘ਭਾਰਤ ’ਚ ਫ਼ਾਇਦੇ ਲਈ ਈ.ਵੀ.ਐਮ. ਨਾਲ ਚੋਣਾਂ ਕਰਵਾਉਣ ਦੀ ਖੇਡ ਚੱਲ ਰਹੀ ਹੈ।’
ਸਮਾਜਵਾਦੀ ਪਾਰਟੀ ਮੁਖੀ ਨੇ ਜ਼ੋਰ ਦੇ ਕੇ ਕਿਹਾ ਕਿ ਚੋਣਾਂ ਅਜਿਹੀਆਂ ਹੋਣੀਆਂ ਚਾਹੀਦੀਆਂ ਹਨ ਜਿਸ ’ਤੇ ਭਰੋਸਾ ਕੀਤਾ ਜਾ ਸਕੇ, ਕਿਸੇ ਨੂੰ ਵੀ ਈ.ਵੀ.ਐਮ. ’ਤੇ ਭਰੋਸਾ ਨਹੀਂ ਹੁੰਦਾ। ਉਨ੍ਹਾਂ ਕਿਹਾ, ‘‘ਇਹੀ ਕਾਰਨ ਹੈ ਕਿ ਚੋਣਾਂ ਜਿੱਤਣ ਵਾਲਿਆਂ ਦੇ ਚਿਹਰੇ ਵੀ ਜਿੱਤ ਤੋਂ ਬਾਅਦ ਲਟਕੇ ਹੋਏ ਨਜ਼ਰ ਆਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਅੰਦਰੋਂ ਭਰੋਸਾ ਨਹੀਂ ਹੁੰਦਾ। ਇਹ ਸਵਾਲ ਵੱਡਾ ਹੈ ਕਿ ਚੋਣਾਂ ਜਿੱਤਣ ਵਾਲਿਆਂ ਦੇ ਚਿਹਰੇ ਕਿਉਂ ਉਤਰੇ ਹੁੰਦੇ ਹਨ।’’
ਇਸ ਤੋਂ ਪਹਿਲਾਂ ਐਤਵਾਰ ਨੂੰ ਜਰਮਨੀ ਦੇ ਸੰਸਦ ਮੈਂਬਰ ਰਾਹੁਲ ਕੁਮਾਰ ਕੰਬੋਜ ਨੇ ਸਮਾਜਵਾਦੀ ਪਾਰਟੀ ਦੇ ਮੁੱਖ ਦਫ਼ਤਰ ’ਚ ਅਖਿਲੇਸ਼ ਯਾਦਵ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਨਾਲ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਅਤੇ ਜਰਮਨੀ ’ਚ ਬੈਲਟ ਪੇਪਰ ਚੋਣਾਂ ਬਾਰੇ ਗੱਲ ਕੀਤੀ। ਬੈਲਟ ਪੇਪਰ ਚੋਣਾਂ ਦੇ ਫਾਇਦਿਆਂ ਬਾਰੇ ਦੱਸਦਿਆਂ ਕੰਬੋਜ ਨੇ ਕਿਹਾ ਕਿ ਅੱਜ ਵੀ ਜਰਮਨੀ ’ਚ ਵੋਟਿੰਗ ਬੈਲਟ ਪੇਪਰ ਰਾਹੀਂ ਕੀਤੀ ਜਾਂਦੀ ਹੈ ਅਤੇ ਇਹ ਬਹੁਤ ਵੱਡੀ ਗੱਲ ਹੈ। ਜੇ ਕੋਈ ਕਮੀ ਹੈ, ਤਾਂ ਦੁਬਾਰਾ ਗਿਣਤੀ ਕੀਤੀ ਜਾ ਸਕਦੀ ਹੈ।
ਲਖਨਊ ਦੀ ਅਪਣੀ ਪਹਿਲੀ ਯਾਤਰਾ ਅਤੇ ਪਿਛਲੇ ਕਈ ਸਾਲਾਂ ਤੋਂ ਅਖਿਲੇਸ਼ ਯਾਦਵ ਨਾਲ ਅਪਣੀ ਗੱਲਬਾਤ ਬਾਰੇ ਗੱਲ ਕਰਦਿਆਂ ਕੰਬੋਜ ਨੇ ਕਿਹਾ, ‘‘ਸਾਡੀ ਕੋਸ਼ਿਸ਼ ਹੈ ਕਿ ਅਸੀਂ ਭਾਰਤੀ ਮੂਲ ਦੇ ਅਪਣੇ ਸਾਰੇ ਭਰਾਵਾਂ ਦੀ ਮਦਦ ਕਰੀਏ ਤਾਂ ਜੋ ਜਰਮਨੀ ਅਤੇ ਭਾਰਤ ਦੀ ਗੁਣਵੱਤਾ ਮਿਲ ਜਾਵੇ।’’ ਉਨ੍ਹਾਂ ਨੇ ਅਖਿਲੇਸ਼ ਯਾਦਵ ਨਾਲ ਮਿਲ ਕੇ ਲੋਕਾਂ ਨੂੰ ਆਉਣ ਵਾਲੇ ਦਿਨਾਂ ’ਚ ਜਰਮਨੀ ’ਚ ਹੋਣ ਵਾਲੇ ਸਭਿਆਚਾਰਕ ਮੇਲੇ ’ਚ ਸ਼ਾਮਲ ਹੋਣ ਦਾ ਸੱਦਾ ਦਿਤਾ ਅਤੇ ਕਿਹਾ ਕਿ ਹੁਣ ਵੀਜ਼ਾ ਸੰਕਟ ਨਹੀਂ ਰਹੇਗਾ।