
ਆਖਿਰਕਾਰ ਚੀਨੀ ਕੋਰੋਨਾ ਵਾਇਰਸ ਭਾਰਤ ਵਿਚ ਦਾਖਲ ਹੋ ਹੀ ਗਿਆ ਹੈ।
ਨਵੀਂ ਦਿੱਲੀ: ਆਖਿਰਕਾਰ ਚੀਨੀ ਕੋਰੋਨਾ ਵਾਇਰਸ ਭਾਰਤ ਵਿਚ ਦਾਖਲ ਹੋ ਹੀ ਗਿਆ ਹੈ। ਪਿਛਲੇ ਦੋ ਹਫਤਿਆਂ ਤੋਂ ਲਗਾਤਾਰ ਨਿਗਰਾਨੀ ਅਤੇ ਜਾਂਚ ਜਾਰੀ ਰਹਿਣ ਦੇ ਬਾਵਜੂਦ ਵੀ ਭਾਰਤ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਕੇਰਲ ਦੇ ਰਹਿਣ ਵਾਲੇ ਇਕ ਵਿਦਿਆਰਥੀ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਹੈ।
Photo
ਵਾਇਰਸ ਦੇ ਲੱਛਣ ਮਿਲਣ ਤੋਂ ਬਾਅਦ ਹੀ ਇਸ ਵਿਦਿਆਰਥੀ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਮਰੀਜ਼ ਦੀ ਹਾਲਤ ਸਥਿਰ ਹੈ। ਹਾਲਾਂਕਿ ਡਾਕਟਰਾਂ ਨੇ ਉਸ ਨੂੰ ਸਖਤ ਨਿਗਰਾਨੀ ਵਿਚ ਰੱਖਿਆ ਹੈ। ਇਹ ਵਿਦਿਆਰਥੀ ਵੂਹਾਨ ਯੂਨੀਵਰਸਿਟੀ ਵਿਚ ਪੜ੍ਹਾਈ ਕਰਦਾ ਹੈ ਅਤੇ ਹਾਲ ਹੀ ਵਿਚ ਭਾਰਤ ਪਰਤਿਆ ਹੈ।
Photo
ਅਧਿਕਾਰਕ ਅੰਕੜਿਆਂ ਦੇ ਹਿਸਾਬ ਨਾਲ ਗੁਆਂਢੀ ਮੁਲਕ ਵਿਚ ਹੀ ਹੁਣ ਤੱਕ ਲਗਭਗ 170 ਲੋਕਾਂ ਦੀ ਇਸ ਵਾਇਰਸ ਨਾਲ ਮੌਤ ਹੋ ਚੁੱਕੀ ਹੈ। ਪੂਰੀ ਦੁਨੀਆ ਵਿਚ ਲਗਭਗ 7700 ਲੋਕ ਕੋਰੋਨਾ ਵਾਇਰਸ ਦੇ ਘੇਰੇ ਵਿਚ ਆ ਚੁੱਕੇ ਹਨ। ਹਾਲਾਂਕਿ ਹਾਲੇ ਤੱਕ ਵਿਸ਼ਵ ਸਿਹਤ ਸੰਗਠਨ ਨੇ ਇਸ ਵਾਇਰਸ ਦੇ ਅਟੈਕ ਨੂੰ ਪਬਲਿਕ ਐਮਰਜੈਂਸੀ ਐਲਾਨ ਨਹੀਂ ਕੀਤਾ ਹੈ।
Photo
ਪਰ ਤੇਜ਼ੀ ਨਾਲ ਫੈਲ ਰਿਹਾ ਇਹ ਵਾਇਰਸ ਚੀਨ ਲਈ ਸਿਹਤ ਐਮਰਜੈਂਸੀ ਵਰਗੀ ਸਥਿਤੀ ਪੈਦਾ ਕਰ ਚੁੱਕਿਆ ਹੈ। ਇਸ ਦੇ ਨਾਲ ਹੀ ਭਾਰਤ ਸਰਕਾਰ ਨੇ ਅਪਣੇ ਨਾਗਰਿਕਾਂ ਨੂੰ ਕੱਢਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਵਿਦੇਸ਼ ਮੰਤਰਾਲੇ ਨੇ ਵੂਹਾਨ ਸ਼ਹਿਰ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਕੰਸੈਂਟ ਫਾਰਮ ਉਪਲਬਧ ਕਰਵਾਇਆ ਹੈ।
Photo
ਇਸ ਦੀ ਮਦਦ ਨਾਲ ਵਿਦੇਸ਼ ਮੰਤਰਾਲੇ ਚੀਨ ਦੇ ਇਸ ਸ਼ਹਿਰ ਵਿਚ ਫਸੇ ਲੋਕਾਂ ਦੀ ਜਾਣਕਾਰੀ ਲੈ ਸਕੇਗਾ। ਕੇਂਦਰ ਸਰਕਾਰ ਨੇ ਇਸ ਵਾਇਰਸ ਦੇ ਵਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਨਿਗਰਾਨੀ ਦਾ ਕੰਮ 20 ਹਵਾਈ ਅੱਡਿਆਂ ਤੱਕ ਵਧਾ ਦਿੱਤਾ ਹੈ। ਦੱਸ ਦਈਏ ਕਿ ਇਹ ਵਾਇਰਸ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਤੇਜ਼ੀ ਨਾਲ ਫੈਲ ਰਿਹਾ ਹੈ।