
ਸਿਕੰਦਰਾਬਾਦ ਡਿਪੂ ਦੀ ਰੋਡਵੇਜ਼ ਬੱਸ ਨਾਲ ਕਾਰ ਦੀ ਸਿੱਧੀ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
ਜੌਨਪੁਰ: ਉੱਤਰ ਪ੍ਰਦੇਸ਼ ਦੇ ਜੌਨਪੁਰ ਵਿੱਚ ਵੀਰਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਜੌਨਪੁਰ-ਰਾਏਬਰੇਲੀ ਹਾਈਵੇਅ 'ਤੇ ਇਕ ਕਾਰ ਅਤੇ ਰੋਡਵੇਜ਼ ਦੀ ਬੱਸ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਗੰਭੀਰ ਜ਼ਖ਼ਮੀ ਹੋ ਗਏ।
ਜਾਣਕਾਰੀ ਮੁਤਾਬਕ ਇਹ ਹਾਦਸਾ ਵੀਰਵਾਰ ਤੜਕੇ 4.30 ਵਜੇ ਮੁੰਗਰਾਬਾਦਸ਼ਾਹਪੁਰ ਥਾਣਾ ਖੇਤਰ ਦੀ ਸਥਾਰੀਆ ਪੁਲਿਸ ਚੌਕੀ ਨੇੜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਕਾਰ 'ਚ ਸਵਾਰ ਲੋਕ ਮਹਾਕੁੰਭ ਤੋਂ ਗੰਗਾ ਇਸ਼ਨਾਨ ਕਰਕੇ ਵਾਪਸ ਪਰਤ ਰਹੇ ਸਨ ਕਿ ਸਿਕੰਦਰਾਬਾਦ ਡਿਪੂ ਦੀ ਰੋਡਵੇਜ਼ ਬੱਸ ਨਾਲ ਕਾਰ ਦੀ ਸਿੱਧੀ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ।
ਇਸ ਦੇ ਨਾਲ ਹੀ ਹਾਦਸੇ ਦੀ ਸੂਚਨਾ ਮਿਲਣ 'ਤੇ ਚੌਕੀ ਇੰਚਾਰਜ ਗੰਗਾ ਸਾਗਰ ਮਿਸ਼ਰਾ ਦੀ ਅਗਵਾਈ 'ਚ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਕੀਤੇ। ਇਸ ਹਾਦਸੇ ਵਿਚ ਕਾਰ ਚਾਲਕ ਸੰਜੇ ਸਿੰਘ (45), ਬਿੰਦੂ ਸਿੰਘ (40) ਅਤੇ ਵਿਮਲਾ ਦੇਵੀ (50) ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਮਹੇਸ਼ ਤਿਵਾੜੀ (52), ਵਿਦਿਆਵਤੀ ਸਿੰਘ (43) ਅਤੇ ਕਿਰਨ ਦੇਵੀ ਤਿਵਾੜੀ (47) ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਕਮਿਊਨਿਟੀ ਹੈਲਥ ਸੈਂਟਰ ਸਥਰੀਆ ਵਿਖੇ ਦਾਖ਼ਲ ਕਰਵਾਇਆ ਗਿਆ। ਹਾਲਾਂਕਿ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਤਿੰਨਾਂ ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਲਈ ਰੈਫ਼ਰ ਕਰ ਦਿੱਤਾ।