
ਦੇਸ਼ ਦੇ ਵੱਖੋ-ਵੱਖ ਹਿੱਸਿਆਂ 'ਚ ਫਸੇ ਹੋਏ ਪ੍ਰਵਾਸੀ ਮਜ਼ਦੂਰਾਂ, ਸੈਲਾਨੀਆਂ, ਵਿਦਿਆਰਥੀਆਂ ਅਤੇ ਹੋਰ ਲੋਕਾਂ ਨੂੰ ਬੁਧਵਾਰ ਨੂੰ ਕੁੱਝ ਸ਼ਰਤਾਂ ਨਾਲ ਉਨ੍ਹਾਂ ਦੀਆਂ ਮੰਜ਼ਿਲਾਂ
ਨਵੀਂ ਦਿੱਲੀ, 29 ਅਪ੍ਰੈਲ: ਦੇਸ਼ ਦੇ ਵੱਖੋ-ਵੱਖ ਹਿੱਸਿਆਂ 'ਚ ਫਸੇ ਹੋਏ ਪ੍ਰਵਾਸੀ ਮਜ਼ਦੂਰਾਂ, ਸੈਲਾਨੀਆਂ, ਵਿਦਿਆਰਥੀਆਂ ਅਤੇ ਹੋਰ ਲੋਕਾਂ ਨੂੰ ਬੁਧਵਾਰ ਨੂੰ ਕੁੱਝ ਸ਼ਰਤਾਂ ਨਾਲ ਉਨ੍ਹਾਂ ਦੀਆਂ ਮੰਜ਼ਿਲਾਂ ਤਕ ਜਾਣ ਦੀ ਇਜਾਜ਼ਤ ਦੇ ਦਿਤੀ ਗਈ ਹੈ ਜਿਸ ਨਾਲ ਇਕ ਵੱਡੇ ਵਰਗ ਨੂੰ ਰਾਹਤ ਮਿਲ ਸਕਦੀ ਹੈ। ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਇਕ ਹੁਕਮ 'ਚ ਕਿਹਾ ਕਿ ਅਜਿਹੇ ਫਸੇ ਹੋਏ ਲੋਕਾਂ ਦੇ ਸਮੂਹਾਂ ਨੂੰ ਲੈ ਕੇ ਜਾਣ ਲਈ ਬਸਾਂ ਦਾ ਪ੍ਰਯੋਗ ਕੀਤਾ ਜਾਵੇਗਾ ਅਤੇ ਇਨ੍ਹਾਂ ਗੱਡੀਆਂ ਨੂੰ ਵਿਸ਼ਾਣੂ ਰਹਿਤ ਕੀਤਾ ਜਾਵੇਗਾ ਤੇ ਸੀਟਾਂ 'ਤੇ ਬੈਠਦੇ ਸਮੇਂ ਸਮਾਜਕ ਦੂਰੀ ਦੇ ਨਿਯਮਾਂ ਦਾ ਪਾਲਣ ਕੀਤਾ ਜਾਵੇਗਾ।
ਗ੍ਰਹਿ ਮੰਤਰਾਲਾ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਕੀ ਕਿਸੇ ਵਿਅਕਤੀ ਜਾਂ ਪ੍ਰਵਾਰ ਨੂੰ ਨਿਜੀ ਗੱਡੀ 'ਚ ਜਾਣ ਦੀ ਇਜਾਜ਼ਤ ਮਿਲ ਸਕਦੀ ਹੈ ਅਤੇ ਜੇਕਰ ਇਜਾਜ਼ਤ ਮਿਲ ਸਕਦੀ ਹੈ ਤਾਂ ਉਸ ਲਈ ਕੀ ਸ਼ਰਤਾਂ ਹੋਣਗੀਆਂ। ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਭੇਜੇ ਹੁਕਮ 'ਚ ਭੱਲਾ ਨੇ ਕਿਹਾ, ''ਤਾਲਾਬਦੀ ਕਰ ਕੇ ਪ੍ਰਵਾਸੀ ਮਜ਼ਦੂਰ, ਤੀਰਥਯਾਤਰੀ, ਸੈਲਾਨੀ, ਵਿਦਿਆਰਥੀ ਅਤੇ ਹੋਰ ਲੋਕ ਵੱਖੋ-ਵੱਖ ਥਾਵਾਂ 'ਤੇ ਫਸੇ ਹੋਏ ਹਨ। ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਦਿਤੀ ਜਾਵੇਗੀ।''
ਮੰਤਰਾਲੇ ਨੇ ਸ਼ਰਤਾਂ ਗਿਣਾਉਂਦਿਆਂ ਕਿਹਾ ਕਿ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਸ ਬਾਬਤ ਨੋਡਲ ਅਧਿਕਾਰੀ ਬਣਾਉਣਗੇ ਅਤੇ ਅਜਿਹੇ ਲੋਕਾਂ ਨੂੰ ਰਵਾਨਾ ਕਰਨ ਅਤੇ ਇਨ੍ਹਾਂ ਦੀ ਅਗਵਾਨੀ ਕਰਨ ਲਈ ਮਾਨਕ ਪ੍ਰੋਟੋਕਾਲ ਬਣਾਉਣੇ ਹੋਣਗੇ। ਹੁਕਮ 'ਚ ਕਿਹਾ ਗਿਆ ਹੈ ਕਿ ਨੋਡਲ ਅਧਿਕਾਰੀ ਅਪਣੇ ਸੂਬੇ 'ਚ ਫਸੇ ਲੋਕਾਂ ਨੂੰ ਰਜਿਸਟਰ ਵੀ ਕਰਨਗੇ। ਸਫ਼ਰ ਕਰਨ ਵਾਲਿਆਂ ਦੀ ਸ੍ਰਕੀਨਿੰਗ ਕੀਤੀ ਜਾਵੇਗੀ ਅਤੇ ਜਿਨ੍ਹਾਂ 'ਚ ਕੋਈ ਲੱਛਣ ਨਹੀਂ ਦਿਸਦਾ ਉਨ੍ਹਾਂ ਨੂੰ ਹੀ ਜਾਣ ਦੀ ਇਜਾਜ਼ਤ ਦਿਤੀ ਜਾਵੇਗੀ। ਇਸ ਮੌਕਾ ਦਾ ਲਾਭ ਲੈਣ ਵਾਲਿਆਂ ਨੂੰ 'ਅਰੋਗਿਆ ਸੇਤੂ' ਐਪ ਡਾਊਨਲੋਕ ਕਰਨ ਲਈ ਹੱਲਾਸ਼ੇਰੀ ਦਿਤੀ ਜਾਵੇਗੀ। (ਪੀਟੀਆਈ)