29 ਅਪ੍ਰੈਲ ਨੂੰ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 5.4 ਡਿਗਰੀ ਵੱਧ ਸੀ
ਉਧਗਮੰਡਲਮ (ਤਾਮਿਲਨਾਡੂ): ਤਾਮਿਲਨਾਡੂ ਦੇ ਉਧਗਮੰਡਲਮ ’ਚ ਇਸ ਗਰਮੀ ’ਚ ਕੋਈ ਰਾਹਤ ਨਜ਼ਰ ਨਹੀਂ ਆ ਰਹੀ ਕਿਉਂਕਿ ਸੂਬੇ ਦੇ ਹਿੱਲ ਸਟੇਸ਼ਨ ’ਚ ਵੀ ਤਾਪਮਾਨ ’ਚ ਵਾਧਾ ਹੋ ਰਿਹਾ ਹੈ। ਚੇਨਈ ਦੇ ਖੇਤਰੀ ਮੌਸਮ ਵਿਗਿਆਨ ਕੇਂਦਰ (ਆਰ.ਐਮ.ਸੀ.) ਦੇ ਵਧੀਕ ਡਾਇਰੈਕਟਰ ਜਨਰਲ ਐਸ. ਬਾਲਾਚੰਦਰਨ ਨੇ ਕਿਹਾ ਕਿ ਸੈਰ-ਸਪਾਟਾ ਕੇਂਦਰ ’ਚ 29 ਅਪ੍ਰੈਲ ਨੂੰ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 5.4 ਡਿਗਰੀ ਵੱਧ ਸੀ।
ਹੁਣ ਤਕ ਦਾ ਸੱਭ ਤੋਂ ਵੱਧ ਤਾਪਮਾਨ 29 ਅਪ੍ਰੈਲ 1986 ਨੂੰ ਉਧਗਮੰਡਲਮ ’ਚ 28.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਅਨੁਸਾਰ, ਉੱਤਰੀ ਅੰਦਰੂਨੀ ਤਾਮਿਲਨਾਡੂ ਦੇ ਵੱਖ-ਵੱਖ ਹਿੱਸਿਆਂ ’ਚ ਲੂ ਦੀ ਸਥਿਤੀ ਦੀ ਚੇਤਾਵਨੀ ਦਿਤੀ ਗਈ ਹੈ ਅਤੇ 3 ਮਈ ਤਕ ‘ਯੈਲੋ’ ਅਲਰਟ ਜਾਰੀ ਕੀਤਾ ਗਿਆ ਹੈ।
ਈਰੋਡ ਜ਼ਿਲ੍ਹੇ ’ਚ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਚੇਨਈ ’ਚ ਵੱਧ ਤੋਂ ਵੱਧ ਤਾਪਮਾਨ 38.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕੰਨਿਆਕੁਮਾਰੀ ਅਤੇ ਤਿਰੂਨੇਲਵੇਲੀ ਜ਼ਿਲ੍ਹਿਆਂ ’ਚ ਹਲਕੀ ਬਾਰਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਗਰਮੀ ਦੇ ਦਿਨਾਂ ’ਚ ਗਰਮੀ ਤੋਂ ਰਾਹਤ ਪਾਉਣ ਲਈ ਊਟੀ ਆਉਣ ਵਾਲੇ ਸੈਲਾਨੀ ਇੱਥੇ ਦੀ ਗਰਮੀ ਤੋਂ ਹੈਰਾਨ ਹਨ। ਇਕ ਰਿਜ਼ਾਰਟ ਦੇ ਮੈਨੇਜਰ ਬਾਲਾਜੀ ਨੇ ਕਿਹਾ ਕਿ ਰਾਤ ਨੂੰ ਤਾਪਮਾਨ ਠੰਢਾ ਸੀ, ਜਿਸ ਨਾਲ ਸਾਡੇ ਮਹਿਮਾਨਾਂ ਨੂੰ ਕੁੱਝ ਰਾਹਤ ਮਿਲੀ।