ਕਾਂਗੜਾ ਤੋਂ ਆਨੰਦ ਸ਼ਰਮਾ ,ਹਮੀਰਪੁਰ ਤੋਂ ਸਤਪਾਲ ਰਾਇਜ਼ਾਦਾ ਅਤੇ ਨਾਰਥ ਮੁੰਬਈ ਤੋਂ ਭੂਸ਼ਣ ਪਾਟਿਲ ਨੂੰ ਦਿੱਤੀ ਟਿਕਟ
Lok Sabha Election 2024 : ਕਾਂਗਰਸ ਨੇ ਲੋਕ ਸਭਾ ਚੋਣਾਂ ਦੌਰਾਨ ਇੱਕ ਹੋਰ ਸੂਚੀ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਨੇ ਇਕ ਲਿਸਟ ਜਾਰੀ ਕਰ ਕੇ ਹਰਿਆਣਾ ਤੇ ਹਿਮਾਚਲ ਤੋਂ ਇਲਾਵਾ ਮਹਾਰਾਸ਼ਟਰ ਸਣੇ 4 ਲੋਕ ਸਭਾ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਇਸ ਲਿਸਟ ਮੁਤਾਬਕ ਪਾਰਟੀ ਨੇ ਸਾਬਕਾ ਸਾਂਸਦ ਤੇ ਅਦਾਕਾਰ ਰਾਜ ਬੱਬਰ ਨੂੰ ਹਰਿਆਣਾ ਦੇ ਗੁੜਗਾਓਂ ਤੋਂ ਟਿਕਟ ਦੇ ਦਿੱਤੀ ਹੈ। ਇਸ ਤੋਂ ਇਲਾਵਾ ਪਾਰਟੀ ਨੇ ਹਿਮਾਚਲ ਦੇ ਕਾਂਗੜਾ ਤੋਂ ਆਨੰਦ ਸ਼ਰਮਾ, ਹਮੀਰਪੁਰ ਤੋਂ ਸਤਪਾਲ ਰਾਇਜ਼ਾਦਾ ਨੂੰ ਉਮੀਦਵਾਰ ਐਲਾਨਿਆ ਹੈ, ਜਦਕਿ ਮਹਾਰਾਸ਼ਟਰ ਦੇ ਨਾਰਥ ਮੁੰਬਈ ਤੋਂ ਭੂਸ਼ਣ ਪਾਟਿਲ ਨੂੰ ਟਿਕਟ ਦੇ ਕੇ ਚੋਣ ਮੈਦਾਨ 'ਚ ਉਤਾਰਿਆ ਹੈ।
ਇਨ੍ਹਾਂ ਸੀਟਾਂ 'ਤੇ ਕਦੋਂ ਹੋਵੇਗੀ ਵੋਟਿੰਗ ?
ਦੱਸ ਦੇਈਏ ਕਿ ਹਰਿਆਣਾ ਦੀ ਗੁਰੂਗ੍ਰਾਮ ਸੀਟ 'ਤੇ ਛੇਵੇਂ ਪੜਾਅ ਯਾਨੀ 25 ਮਈ ਨੂੰ ਚੋਣਾਂ ਹੋਣੀਆਂ ਹਨ। ਇਸ ਤੋਂ ਇਲਾਵਾ ਹਿਮਾਚਲ ਦੀ ਕਾਂਗੜਾ ਅਤੇ ਹਮੀਰਪੁਰ ਸੀਟਾਂ 'ਤੇ ਸੱਤਵੇਂ ਪੜਾਅ ਯਾਨੀ 1 ਜੂਨ ਨੂੰ ਵੋਟਿੰਗ ਹੋਵੇਗੀ। ਮਹਾਰਾਸ਼ਟਰ ਦੀ ਉੱਤਰੀ ਮੁੰਬਈ ਸੀਟ 'ਤੇ ਪੰਜਵੇਂ ਪੜਾਅ ਯਾਨੀ 20 ਮਈ ਨੂੰ ਵੋਟਿੰਗ ਹੋਵੇਗੀ।
ਅਮੇਠੀ ਅਤੇ ਰਾਏਬਰੇਲੀ 'ਤੇ ਸਸਪੈਂਸ ਜਾਰੀ
ਇਸ ਸੂਚੀ ਨਾਲ ਉਮੀਦ ਕੀਤੀ ਜਾ ਰਹੀ ਸੀ ਕਿ ਪਾਰਟੀ ਯੂਪੀ ਦੀ ਅਮੇਠੀ ਅਤੇ ਰਾਏਬਰੇਲੀ ਸੀਟ 'ਤੇ ਵੀ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ ਪਰ ਇਸ ਸੂਚੀ ਵਿੱਚ ਸਿਰਫ਼ ਚਾਰ ਨਾਮਾਂ ਦਾ ਐਲਾਨ ਕੀਤਾ ਗਿਆ ਹੈ। ਅਮੇਠੀ ਅਤੇ ਰਾਏਬਰੇਲੀ 'ਤੇ ਸਸਪੈਂਸ ਜਾਰੀ ਹੈ। ਉਕਤ ਸੀਟਾਂ 'ਤੇ ਸਥਾਨਕ ਨੇਤਾਵਾਂ ਦਾ ਵਿਰੋਧ ਹੋ ਰਿਹਾ ਹੈ ਅਤੇ ਰਾਹੁਲ ਅਤੇ ਪ੍ਰਿਅੰਕਾ ਨੂੰ ਮੈਦਾਨ 'ਚ ਉਤਾਰਨ ਦੀ ਚਰਚਾ ਚੱਲ ਰਹੀ ਹੈ।
ਦੱਸ ਦਈਏ ਕਿ ਗਾਂਧੀ-ਨਹਿਰੂ ਪਰਿਵਾਰ ਦੀਆਂ ਰਵਾਇਤੀ ਮੰਨੀਆਂ ਜਾਂਦੀਆਂ ਇਨ੍ਹਾਂ ਦੋ ਸੀਟਾਂ ਲਈ ਨਾਮਜ਼ਦਗੀਆਂ ਭਰਨ ਲਈ ਤਿੰਨ ਦਿਨ ਬਾਕੀ ਹਨ। ਹਾਲਾਂਕਿ ਇਹ ਚਰਚਾ ਅਜੇ ਵੀ ਜਾਰੀ ਹੈ ਕਿ ਇਨ੍ਹਾਂ ਦੋਵਾਂ ਸੀਟਾਂ ਤੋਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਮੈਦਾਨ 'ਚ ਉਤਾਰਿਆ ਜਾਵੇਗਾ। ਮੰਗਲਵਾਰ ਨੂੰ ਕਾਂਗਰਸ ਵਰਕਰਾਂ ਨੇ ਅਮੇਠੀ 'ਚ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਪਾਰਟੀ ਗਾਂਧੀ ਪਰਿਵਾਰ ਦੇ ਕਿਸੇ ਮੈਂਬਰ ਨੂੰ ਅਮੇਠੀ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਏ।