
ਕੋਰੋਨਾ ਸੰਕਟ ਦੌਰਾਨ ਅੱਜ ਇਕ ਵਾਰ ਫਿਰ ਦਿੱਲੀ-ਐਨ.ਸੀ.ਆਰ. ਵਿਚ ਭੂਚਾਲ ਦੇ ਝਟਕੇ ਲੱਗੇ।
ਨਵੀਂ ਦਿੱਲੀ, 29 ਮਈ: ਕੋਰੋਨਾ ਸੰਕਟ ਦੌਰਾਨ ਅੱਜ ਇਕ ਵਾਰ ਫਿਰ ਦਿੱਲੀ-ਐਨ.ਸੀ.ਆਰ. ਵਿਚ ਭੂਚਾਲ ਦੇ ਝਟਕੇ ਲੱਗੇ। ਦਿੱਲੀ ਵਿਚ ਪਿਛਲੇ 1 ਮਹੀਨੇ ਵਿਚ ਇਹ ਤੀਜੀ ਵਾਰ ਹੈ ਜਦੋਂ ਰਾਜਧਾਨੀ ਵਿਚ ਭੂਚਾਲ ਦੇ ਝਟਕੇ ਲੱਗੇ ਹਨ। ਦਿੱਲੀ ਨਾਲ ਲਗਦੇ ਗਾਜ਼ੀਆਬਾਦ ਅਤੇ ਨੋਇਡਾ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.2 ਦੱਸੀ ਜਾ ਰਹੀ ਹੈ। ਖ਼ਬਰਾਂ ਮੁਤਾਬਕ, ਹਰਿਆਣਾ ਦੇ ਰੋਹਤਕ ਵਿਚ ਭੁਚਾਲ ਦਾ ਕੇਂਦਰ ਸੀ।
ਇਸ ਦੇ ਨਾਲ ਹੀ ਪੰਜਾਬ ਤੇ ਹਰਿਆਣਾ ਵਿਚ ਵੀ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਇਹ ਭੂਚਾਲ ਕਰੀਬ ਰਾਤ 9 ਵੱਜ ਕੇ 10 ਮਿੰਟ 'ਤੇ ਆਇਆ। ਜ਼ਿਕਰਯੋਗ ਹੈ ਕਿ ਦੇਸ਼ ਵਿਚ ਕੋਰੋਨਾ ਸੰਕਟ ਨੂੰ ਲੈ ਕੇ ਤਾਲਾਬੰਦੀ ਲਾਗੂ ਹੈ, ਅਜਿਹੇ ਵਿਚ ਲੋਕ ਘਰਾਂ ਵਿਚ ਰਹਿਣ ਨੂੰ ਮਜਬੂਰ ਹਨ। ਘਰਾਂ ਅੰਦਰ ਬੈਠੇ ਲੋਕਾਂ ਨੂੰ ਭੂਚਾਲ ਨੇ ਵਖਰੇ ਤੌਰ 'ਤੇ ਡਰਾ ਰਖਿਆ ਹੈ। (ਏਜੰਸੀ)