
ਆਧੁਨਿਕ ਹਥਿਆਰਾਂ ਤੇ ਹਥ ਗੋਲਿਆਂ ਨਾਲ ਲੈਸ ਸਨ ਹਮਲਾਵਰ
ਕਰਾਚੀ, 29 ਜੂਨ : ਪਾਕਿਸਤਾਨ ਸਟਾਕ ਅਕਸਚੇਂਜ 'ਤੇ ਭਾਰੀ ਹਥਿਆਰਾਂ ਨਾਲ ਲੈਸ ਚਾਰ ਅਤਿਵਾਦੀਆਂ ਨੇ ਸੋਮਵਾਰ ਸਵੇਰੇ ਹਮਲਾ ਕਰ ਦਿਤਾ, ਜਿਸ ਵਿਚ ਸੁਰੱਖਿਆ ਗਾਰਡ ਅਤੇ ਇਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ। ਮੀਡੀਆ ਵਿਚ ਆਈਆਂ ਖ਼ਬਰਾਂ ਅਨੁਸਾਰ ਦਸਿਆ ਗਿਆ ਕਿ ਗੋਲੀਬਾਰੀ ਵਿਚ ਚਾਰ ਅਤਿਵਾਦੀ ਵੀ ਮਾਰ ਦਿਤੇ ਗਏ। ਪਾਕਿ ਮੀਡੀਆ ਅਨੁਸਾਰ ਅਣਪਛਾਤੇ ਅਤਿਵਾਦੀਆਂ ਨੇ ਇਮਾਰਤ ਦੇ ਮੁੱਖ ਦਰਵਾਜ਼ੇ ਤੋਂ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਅੰਨ੍ਹੇਵਾਹ ਗੋਲੀਆਂ ਚਲਾਈਆਂ ਅਤੇ ਹਕਗੋਲੇ ਸੁੱਟੇ। ਸਿੰਧ ਰੇਂਜਾਰਸ ਨੇ ਕਿਹਾ ਕਿ ਪੁਲਿਸ ਅਤੇ ਰੇਂਜਰ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਸਾਰੇ ਚਾਰ ਅਤਿਵਾਦੀਆਂ ਨੂੰ ਦਾਖ਼ਲਾ ਦਰਵਾਜ਼ੇ ਕੋਲ ਮਾਰ ਸੁਟਿਆ।
ਪੁਲਿਸ ਨੇ ਦਸਿਆ ਕਿ ਏ.ਕੇ-47 ਰਾਈਫਲ, ਹਕਗੋਲੇ, ਮੈਗਜ਼ੀਨ ਅਤੇ ਹੋਰ ਵਿਸਫ਼ੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ, ਨਾਲ ਹੀ ਦਸਿਆ ਕਿ ਇਨ੍ਹਾਂ ਹਥਿਆਰਾਂ ਨਾਲ ਸਪੱਸ਼ਟ ਹੈ ਕਿ ਉਹ ਵੱਡੇ ਹਮਲੇ ਦੀ ਵਿਉਂਤ ਬਣਾ ਕੇ ਆਏ ਸਨ। ਖ਼ਬਰ ਵਿਚ ਕਿਹਾ ਗਿਆ ਕਿ ਹਮਲੇ ਵਿਚ ਚਾਰ ਸੁਰੱਖਿਆ ਗਾਰਡ ਅਤੇ ਪੁਲਿਸ ਦੇ ਇਕ ਅਧਿਕਾਰੀ ਦੀ ਮੌਤ ਵੀ ਹੋ ਗਈ ਜਿਨ੍ਹਾਂ ਨੇ ਕਰਾਚੀ ਦੇ ਆਈ.ਆਈ ਚੁੰਦਰੀਗਰ ਰੋਡ 'ਤੇ ਸਥਿਤ ਪਾਕਿਸਤਾਨ ਸਟਾਕ ਅਕਸਚੇਂਜ ਵਿਚ ਅਤਿਵਾਦੀਆਂ ਦੇ ਦਾਖ਼ਲ ਹੋਣ ਦੀ ਕੋਸ਼ਿਸ਼ ਅਸਫ਼ਲ ਕਰ ਦਿਤੀ। ਹਮਲੇ ਵਿਚ ਪੰਜ ਲੋਕ ਜ਼ਖ਼ਮੀ ਹੋਏ ਹਨ। ਅਤਿਵਾਦੀਆਂ ਦੀ ਗੋਲੀਬਾਰੀ ਨਾਲ ਇਮਾਰਤ ਵਿਚ ਮੌਜੂਦ ਲੋਕਾਂ ਵਿਚ ਦਹਸ਼ਿਤ ਫੈਲ ਗਈ।
Attack on Pakistan's stock exchange kills 11, including 4 militants
ਪੁਲਿਸ ਨੇ ਕਿਹਾ ਕਿ ਅਤਿਵਾਦੀਆਂ ਨੇ ਆਧੁਨਿਕ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਉਨ੍ਹਾਂ ਕੋਲ ਵਿਸਫ਼ੋਟਕਾਂ ਦਾ ਇਕ ਥੇਲਾ ਸੀ। ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਰਾਸ਼ਟਰੀ ਸੁਰੱਖਿਆ ਅਤੇ ਅਰਥਚਾਰੇ 'ਤੇ ਹਮਲੇ ਸਮਾਨ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰ ਵਿਰੋਧੀ ਤੱਤ ਵਾਇਰਸ ਤੋਂ ਪੈਦਾ ਸਥਿਤੀ ਦਾ ਲਾਭ ਲੈਣਾ ਚਾਹੁੰਦੇ ਹਨ। ਅਸੀਂ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ। (ਪੀਟੀਆਈ)