
ਵਿਵਾਦਾਂ ਵਿਚ ਘਿਰਨ ਤੋਂ ਬਾਅਦ ਪਤੰਜਲੀ ਆਯੁਰਵੇਦ ਨੇ ਕੋਰੋਨਿਲ ਦਵਾਈ ‘ਤੇ ਯੂ-ਟਰਨ ਲੈ ਲਿਆ ਹੈ।
ਨਵੀਂ ਦਿੱਲੀ: ਵਿਵਾਦਾਂ ਵਿਚ ਘਿਰਨ ਤੋਂ ਬਾਅਦ ਪਤੰਜਲੀ ਆਯੁਰਵੇਦ ਨੇ ਕੋਰੋਨਿਲ ਦਵਾਈ ‘ਤੇ ਯੂ-ਟਰਨ ਲੈ ਲਿਆ ਹੈ। ਉਤਰਾਖੰਡ ਆਯੂਸ਼ ਵਿਭਾਗ ਤੋਂ ਮਿਲੇ ਨੋਟਿਸ ਦੇ ਜਵਾਬ ਵਿਚ ਪਤੰਜਲੀ ਨੇ ਕਿਹਾ ਹੈ ਕਿ ਉਹਨਾਂ ਨੇ ਕੋਰੋਨਾ ਦੀ ਕੋਈ ਦਵਾਈ ਨਹੀਂ ਬਣਾਈ ਹੈ। ਹਾਲ ਹੀ ਵਿਚ ਯੋਗ ਗੁਰੂ ਬਾਬਾ ਰਾਮਦੇਵ ਅਤੇ ਪਤੰਜਲੀ ਆਯੁਰਵੇਦ ਦੇ ਸੀਈਓ ਆਚਾਰਯ ਬਾਲਕ੍ਰਿਸ਼ਨ ਦੀ ਮੌਜੂਦਗੀ ਵਿਚ ਕੋਰੋਨਿਲ ਦੀ ਲਾਂਚਿੰਗ ਹੋਈ ਸੀ।
Ramdev
ਆਯੂਸ਼ ਮੰਤਰਾਲੇ ਦੇ ਨੋਟਿਸ ਤੋਂ ਬਾਅਦ ਕੋਰੋਨਾ ਦੀ ਦਵਾਈ ਬਣਾਉਣ ਦੇ ਅਪਣੇ ਦਾਅਵੇ ਤੋਂ ਪਤੰਜਲੀ ਨੇ ਮੂੰਹ ਮੋੜ ਲਿਆ ਹੈ। ਉਤਰਾਖੰਡ ਆਯੂਸ਼ ਵਿਭਾਗ ਨੂੰ ਭੇਜੇ ਗਏ ਨੋਟਿਸ ਦੇ ਜਵਾਬ ਵਿਚ ਪਤੰਜਲੀ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਨੇ ਕਦੀ ਵੀ ਕੋਰੋਨਾ ਦੀ ਦਵਾਈ ਬਣਾਉਣ ਦਾ ਦਾਅਵਾ ਨਹੀਂ ਕੀਤਾ ਹੈ ਬਲਕਿ ਉਹਨਾਂ ਨੇ ਇਕ ਅਜਿਹੀ ਦਵਾਈ ਬਣਾਈ ਹੈ, ਜਿਸ ਨਾਲ ਕੋਰੋਨਾ ਦੇ ਮਰੀਜ ਠੀਕ ਹੋਏ ਹਨ।
Patanjali
ਪਤੰਜਲੀ ਆਯੁਰਵੇਦ ਦੇ ਸੀਈਓ ਆਚਾਰਯ ਬਾਲਕ੍ਰਿਸ਼ਨ ਦਾ ਕਹਿਣਾ ਹੈ ਕਿ, ‘ਪਤੰਜਲੀ ਆਯੁਰਵੇਦ ਹੁਣ ਵੀ ਅਪਣੇ ਦਾਅਵੇ ਅਤੇ ਦਵਾਈ ‘ਤੇ ਕਾਇਮ ਹੈ। ਅਸੀਂ ਕਦੀ ਵੀ ਕੋਰੋਨਾ ਦੀ ਦਵਾਈ ਬਣਾਉਣ ਦਾ ਦਾਅਵਾ ਨਹੀਂ ਕੀਤਾ ਹੈ। ਸਰਕਾਰ ਦੀ ਗਾਈਡਲਾਈਨ ਅਨੁਸਾਰ ਇਜਾਜ਼ਤ ਲੈ ਕੇ ਜੋ ਦਵਾਈ ਬਣਾਈ ਗਈ ਹੈ, ਉਸ ਨਾਲ ਕੋਰੋਨਾ ਦੇ ਮਰੀਜ਼ ਵੀ ਠੀਕ ਹੋਏ ਹਨ। ਆਯੂਸ਼ ਵਿਭਾਗ ਵੱਲੋਂ ਜਾਰੀ ਨੋਟਿਸ ਦਾ ਜਵਾਬ ਦੇ ਦਿੱਤਾ ਗਿਆ ਹੈ’।
Coronil
ਦੱਸ ਦਈਏ ਕਿ 23 ਜੂਨ ਨੂੰ ਪਤੰਜਲੀ ਅਯੁਰਵੇਦ ਨੇ ਰਾਜਸਥਾਨ ਦੀ ਨਿਮਸ ਯੂਨੀਵਰਸਿਟੀ ਦੇ ਨਾਲ ਮਿਲ ਕੇ ਕੋਰੋਨਾ ਦੀ ਦਵਾਈ ਬਣਾਉਣ ਦਾ ਦਾਅਵਾ ਕੀਤਾ ਸੀ। ਇਸ ਦਵਾਈ ਦਾ ਨਾਮ ਕੋਰੋਨਿਲ ਰੱਖਿਆ ਗਿਆ ਸੀ। ਬਾਬਾ ਰਾਮਦੇਵ, ਆਚਾਰਯ ਬਾਲਕ੍ਰਿਸ਼ਨ ਅਤੇ ਨਿਮਸ ਯੂਨੀਵਰਸਿਟੀ ਦੇ ਚੇਅਰਮੈਨ ਦੀ ਮੌਜੂਦਗੀ ਵਿਚ ਹਰਿਦੁਆਰ ਵਿਖੇ ਕੋਰੋਨਿਲ ਨੂੰ ਲਾਂਚ ਕੀਤਾ ਗਿਆ ਸੀ।
Coronil
ਇਸ ਤੋਂ ਬਾਅਦ ਬਾਬਾ ਰਾਮਦੇਵ ਅਤੇ ਉਹਨਾਂ ਦੀ ਕੰਪਨੀ ਪਤੰਜਲੀ ਵਿਵਾਦਾਂ ਦੇ ਘੇਰੇ ਵਿਚ ਹੈ। ਦੇਸ਼ ਵਿਚ ਕਈ ਥਾਵਾਂ 'ਤੇ ਉਹਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਕਈ ਥਾਵਾਂ ਤੋਂ ਪਤੰਜਲੀ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਹੈ।