
ਜੰਮੂ-ਕਸ਼ਮੀਰ 'ਚ ਵੱਖਵਾਦੀ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਨੇ ਹੁਰੀਅਤ ਕਾਨਫ਼ਰੰਸ ਤੋਂ ਅਸਤੀਫ਼ੇ ਦੇ ਦਿਤਾ ਹੈ।
ਸ਼੍ਰੀਨਗਰ, 29 ਜੂਨ : ਜੰਮੂ-ਕਸ਼ਮੀਰ 'ਚ ਵੱਖਵਾਦੀ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਨੇ ਹੁਰੀਅਤ ਕਾਨਫ਼ਰੰਸ ਤੋਂ ਅਸਤੀਫ਼ੇ ਦੇ ਦਿਤਾ ਹੈ। ਇਕ ਆਡੀਉ ਸੰਦੇਸ਼ 'ਚ ਉਨ੍ਹਾਂ ਨੇ ਇਸ ਦਾ ਐਲਾਨ ਕੀਤਾ। ਸਈਅਦ ਅਲੀ ਸ਼ਾਹ ਗਿਲਾਨੀ ਨੇ ਕਿਹਾ ਕਿ ਉਨ੍ਹਾਂ ਨੇ ਹੁਰੀਅਤ ਤੋਂ ਖ਼ੁਦ ਨੂੰ ਦੂਰ ਕਰ ਲਿਆ ਹੈ। ਸਈਅਦ ਅਲੀ ਸ਼ਾਹ ਗਿਲਾਨੀ ਨੇ ਕਿਹਾ ਕਿ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਮੈਂ ਆਲ ਪਾਰਟੀਜ਼ ਹੁਰੀਅਤ ਕਾਨਫ਼ਰੰਸ ਤੋਂ ਅਸਤੀਫ਼ਾ ਦਿੰਦਾ ਹਾਂ। ਉਨ੍ਹਾਂ ਹੁਰੀਅਤ ਦੇ ਸਾਰੇ ਲੋਕਾਂ ਨੂੰ ਫ਼ੈਸਲੇ ਬਾਰੇ ਸੂਚਿਤ ਕਰ ਦਿਤਾ ਹੈ। 90 ਸਾਲ ਦੇ ਸਈਅਦ ਅਲੀ ਸ਼ਾਹ ਗਿਲਾਨੀ ਕਈ ਸਾਲਾਂ ਤੋਂ ਘਰ ਦੇ ਅੰਦਰ ਨਜ਼ਰਬੰਦ ਹਨ ਅਤੇ ਪਿਛਲੇ ਕੁੱਝ ਮਹੀਨਿਆਂ ਤੋਂ ਉਨ੍ਹਾਂ ਦੀ ਸਿਹਤਠੀਕ ਨਹੀਂ ਹੈ
File Photo
ਜ਼ਿਕਰਯੋਗ ਹੈ ਕਿ 9 ਮਾਰਚ 1993 ਨੂੰ 26 ਵੱਖਵਾਦੀ ਸੰਗਠਨਾਂ ਨੇ ਮਿਲ ਕੇ ਹੁਰੀਅਤ ਕਾਨਫ਼ਰੰਸ ਦਾ ਗਠਨ ਕੀਤਾ ਸੀ। ਇਸ ਦੇ ਪਹਿਲੇ ਚੇਅਰਮੈਨ ਮੀਰਵਾਈਜ਼ ਮੌਲਵੀ ਉਮਰ ਫ਼ਾਰੂਕ ਬਣੇ। ਹੁਰੀਅਤ ਕਾਨਫ਼ਰੰਸ 'ਚ 6 ਮੈਂਬਰੀ ਕਾਰਜਕਾਰੀ ਕਮੇਟੀ ਵੀ ਬਣਾਈ ਗਈ ਸੀ। ਇਸ ਕਮੇਟੀ ਦਾ ਫ਼ੈਸਲਾ ਅੰਤਮ ਮੰਨਿਆ ਜਾਂਦਾ ਰਿਹਾ ਹੈ। ਕੱਟੜਪੰਥੀ ਸਈਅਦ ਅਲੀ ਸ਼ਾਹ ਗਿਲਾਨੀ ਨੇ ਮਤਭੇਦਾਂ ਕਾਰਨ 7 ਅਗੱਸਤ 2004 ਨੂੰ ਅਪਣੇ ਸਮਰਥਕਾਂ ਨਾਲ ਹੁਰੀਅਤ ਦਾ ਨਵਾਂ ਧੜਾ ਬਣਾ ਲਿਆ। ਇਸ ਦੇ ਨਾਲ ਹੀ ਹੁਰੀਅਤ 2 ਧਿਰਾਂ 'ਚ ਵੰਡੀ ਗਈ। ਗਿਲਾਨੀ ਦੀ ਅਗਵਾਈ ਵਾਲੀ ਹੁਰੀਅਤ ਨੂੰ ਕੱਟੜਪੰਥੀ ਧਿਰ ਅਤੇ ਮੀਰਵਾਈਜ਼ ਮੌਲਵੀ ਉਮਰ ਫ਼ਾਰੂਖ ਦੀ ਅਗਵਾਈ ਵਾਲੀ ਧਿਰ ਨੂੰ ਉਦਾਰਵਾਦੀ ਧਿਰ ਕਿਹਾ ਜਾਂਦਾ ਰਿਹਾ ਹੈ। (ਏਜੰਸੀ)