
ਬਾਲੀਵੁਡ ਅਦਾਕਾਰਾ ਰੀਆ ਚਕਰਵਰਤੀ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਖ਼ਲ ਕਰ ਕੇ ਕਿਹਾ ਹੈ ਕਿ ਉਸ ਵਿਰੁਧ ਪਟਨਾ ਵਿਚ
ਨਵੀਂ ਦਿੱਲੀ, 29 ਜੁਲਾਈ : ਬਾਲੀਵੁਡ ਅਦਾਕਾਰਾ ਰੀਆ ਚਕਰਵਰਤੀ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਖ਼ਲ ਕਰ ਕੇ ਕਿਹਾ ਹੈ ਕਿ ਉਸ ਵਿਰੁਧ ਪਟਨਾ ਵਿਚ ਦਰਜ ਕਰਾਈ ਗਈ ਐਫ਼ਆਈਆਰ ਮੁੰਬਈ ਤਬਦੀਲ ਕੀਤੀ ਜਾਵੇ ਜਿਥੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਰਾਜਪੂਤ ਦੇ ਪਿਤਾ ਕੇ ਕੇ ਸਿੰਘ ਦੁਆਰਾ ਕਲ ਪਟਨਾ ਵਿਚ ਰੀਆ ਚਕਰਵਰਤੀ ਅਤੇ ਛੇ ਹੋਰਾਂ ਵਿਰੁਧ ਪਰਚਾ ਦਰਜ ਕਰਾਏ ਜਾਣ ਦੇ ਦੇ ਇਕ ਦਿਨ ਮਗਰੋਂ ਬਾਲੀਵੁਡ ਦੀ ਇਸ ਅਦਾਕਾਰਾ ਨੇ ਸਿਖਰਲੀ ਅਦਾਲਤ ਵਿਚ ਪਟੀਸ਼ਨ ਦਾਖ਼ਲ ਕੀਤੀ ਹੈ।
ਪਰਚੇ ਵਿਚ ਸੁਸ਼ਾਂਤ ਦੇ ਪਿਤਾ ਨੇ ਅਪਣੇ ਪੁੱਤਰ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਇਨ੍ਹਾਂ ਸਾਰਿਆਂ ’ਤੇ ਦੋਸ਼ ਲਾਇਆ ਹੈ। ਰੀਆ ਦੇ ਵਕੀਲ ਨੇ ਦਸਿਆ ਕਿ ਇਸ ਮਾਮਲੇ ਨੂੰ ਪਟਨਾ ਤੋਂ ਮੁੰਬਈ ਤਬਦੀਲ ਕਰਾਉਣ ਲਈ ਅਦਾਲਤ ਵਿਚ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਚਕਰਵਰਤੀ ਨੇ ਅਪਣੀ ਪਟੀਸ਼ਨ ਦਾ ਨਿਪਟਾਰਾ ਹੋਣ ਤਕ ਪਟਨਾ ਵਿਚ ਸੁਸ਼ਾਂਤ ਦੇ ਪਿਤਾ ਦੀ ਐਫ਼ਆਈਆਰ ’ਤੇ ਬਿਹਾਰ ਪੁਲਿਸ ਦੁਆਰਾ ਕੀਤੀ ਜਾ ਰਹੀ ਕਾਰਵਾਈ ’ਤੇ ਰੋਕ ਲਾਉਣ ਦੀ ਵੀ ਬੇਨਤੀ ਕੀਤੀ ਹੈ। ਸੁਸ਼ਾਂਤ ਦੀ ਲਾਸ਼ 14 ਜੂਨ ਨੂੰ ਮੁੰਬਈ ਦੇ ਬਾਂਦਰਾ ਇਲਾਕੇ ਵਿਚ ਪੈਂਦੇ ਉਸ ਦੇ ਘਰ ਵਿਚ ਛੱਤ ਨਾਲ ਲਟਕੀ ਮਿਲੀ ਸੀ। (ਏਜੰਸੀ)