ਗਿਰੋਹ ਹਮੇਸ਼ਾ ਗਰਭਵਤੀ ਔਰਤਾਂ ਦੀ ਭਾਲ ਵਿਚ ਰਹਿੰਦਾ ਸੀ ਜੋ ਗਰਭਪਾਤ ਕਰਵਾਉਣਾ ਚਾਹੁੰਦੀਆਂ ਹਨ।
ਨਵੀਂ ਦਿੱਲੀ - ਦਿੱਲੀ ਪੁਲਿਸ ਨੇ ਨਵਜੰਮੇ ਬੱਚਿਆਂ ਦੀ ਖਰੀਦੋ-ਫਰੋਖਤ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਇਕ ਨਿੱਜੀ ਹਸਪਤਾਲ ਦੇ ਮਾਲਕ ਸਮੇਤ ਤਿੰਨ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੰਗਲਵਾਰ ਨੂੰ ਦੱਸਿਆ ਕਿ ਜਹਾਂਗੀਰਪੁਰੀ ਇਲਾਕੇ 'ਚ ਸਥਿਤ ਸੰਜੇ ਗਲੋਬਲ ਹਸਪਤਾਲ ਦੇ ਮਾਲਕ ਡਾਕਟਰ ਸੰਜੇ ਕੁਮਾਰ ਮਲਿਕ (40) ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੁਲਿਸ ਅਨੁਸਾਰ ਨਵਜੰਮੇ ਬੱਚਿਆਂ ਨੂੰ ਵੇਚਣ ਅਤੇ ਖਰੀਦਣ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਜਾਲ ਵਿਛਾ ਕੇ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਰੋਹਿਣੀ ਦੇ ਸੈਕਟਰ 3 ਵਿਚ ਇੱਕ ਜਾਲ ਵਿਛਾਇਆ ਗਿਆ ਸੀ ਜਿੱਥੇ ਹੈੱਡ ਕਾਂਸਟੇਬਲ ਪ੍ਰਦੀਪ ਨੇ ਫਰਜ਼ੀ ਗਾਹਕ ਬਣ ਕੇ ਮੁਲਜ਼ਮਾਂ ਨਾਲ ਗੱਲਬਾਤ ਕੀਤੀ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋ ਔਰਤਾਂ ਮਧੂ ਸੈਣੀ ਅਤੇ ਸੀਮਾ ਕੁਮਾਰੀ (ਬਦਲਿਆ ਹੋਇਆ ਨਾਮ) ਮੁਖਬਰ ਅਤੇ 'ਅੰਡਰਕਵਰ' ਪੁਲਿਸ ਮੁਲਾਜ਼ਮਾਂ ਨੂੰ ਮਿਲੀਆਂ।
ਇਸ ਤੋਂ ਬਾਅਦ ਉਹ ਮਲਿਕ ਨਾਲ ਵੀ ਉਙਨਾਂ ਦੀ ਮੁਲਾਕਾਤ ਹੋਈ ਅਤੇ ਫਿਰ ਰੁਖਸਾਨਾ (ਬਦਲਿਆ ਹੋਇਆ ਨਾਂ) ਉਸ ਨੂੰ ਨਵਜੰਮੀ ਬੱਚੀ ਨਾਲ ਮਿਲੀ।
ਰੋਹਿਣੀ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ (ਡੀਸੀਪੀ) ਪ੍ਰਣਵ ਤਾਇਲ ਨੇ ਕਿਹਾ ਕਿ ਉਨ੍ਹਾਂ ਨੇ ਬੱਚੀ ਅਤੇ ਉਸ ਦੇ ਜਨਮ ਨਾਲ ਸਬੰਧਤ ਦਸਤਾਵੇਜ਼ ਦਿਖਾਏ। 'ਅੰਡਰਕਵਰ' ਪੁਲਿਸ ਮੁਲਾਜ਼ਮਾਂ ਨੇ 1.10 ਲੱਖ ਰੁਪਏ ਵਿਚ ਸੌਦਾ ਕੀਤਾ ਅਤੇ ਫਿਰ ਪੁਲਿਸ ਨੇ ਫੜ ਲਿਆ।
ਪੁਲਿਸ ਨੇ ਦੱਸਿਆ ਕਿ ਜਾਂਚ 'ਚ ਸਾਹਮਣੇ ਆਇਆ ਕਿ ਨਵਜੰਮੀ ਬੱਚੀ ਰੁਖਸਾਨਾ ਦੀ ਹੈ, ਜੋ ਕਿ ਅਣਵਿਆਹੀ ਹੈ। ਜਦੋਂ ਉਹ ਸੱਤ ਮਹੀਨਿਆਂ ਦੀ ਗਰਭਵਤੀ ਸੀ, ਤਾਂ ਉਹ ਗਰਭਪਾਤ ਲਈ ਮਲਿਕ ਦੇ ਹਸਪਤਾਲ ਗਈ। ਉਸ ਦਾ ਪ੍ਰੇਮੀ ਉਸ ਨੂੰ ਛੱਡ ਗਿਆ ਸੀ। ਡੀਸੀਪੀ ਨੇ ਕਿਹਾ ਕਿ ਮਲਿਕ ਨੇ ਸਮਝਾਇਆ ਕਿ ਉਹ ਬੱਚੇ ਨੂੰ ਜਨਮ ਦੇਵੇ ਅਤੇ ਕਿਸੇ ਲੋੜਵੰਦ ਨੂੰ ਵੇਚ ਕੇ ਪੈਸੇ ਕਮਾਵੇ। ਬੱਚੀ ਦਾ ਜਨਮ 27 ਜੁਲਾਈ ਨੂੰ ਉਨ੍ਹਾਂ ਦੇ ਹਸਪਤਾਲ 'ਚ ਹੋਇਆ ਸੀ।
ਤਾਇਲ ਨੇ ਦੱਸਿਆ ਕਿ ਦੱਖਣੀ ਰੋਹਿਣੀ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਸੋਮਵਾਰ ਨੂੰ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਲੜਕੀ ਨੂੰ ਵੀ ਰਿਹਾਅ ਕਰ ਦਿੱਤਾ ਗਿਆ ਹੈ। ਡੀਸੀਪੀ ਨੇ ਕਿਹਾ ਕਿ ਮਲਿਕ, ਸੈਣੀ ਅਤੇ ਕੁਮਾਰੀ ਇੱਕ ਬਾਲ ਵਪਾਰ ਗਰੋਹ ਚਲਾਉਂਦੇ ਹਨ ਅਤੇ ਉਹ ਗਰਭਵਤੀ ਔਰਤਾਂ ਦੀ ਭਾਲ ਵਿਚ ਹਨ ਜੋ ਗਰਭਪਾਤ ਕਰਵਾਉਣਾ ਚਾਹੁੰਦੀਆਂ ਹਨ।