ਕਿਹਾ- ਇਨ੍ਹਾਂ ਦੇ ਜਾਲ 'ਚ ਫਸ ਕੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋਏ ਭੋਲੇ-ਭਲੇ ਲੋਕ
ਨਵੀਂ ਦਿੱਲੀ : ਪੀਲੀਭੀਤ ਤੋਂ ਸੰਸਦ ਮੈਂਬਰ ਵਰੁਣ ਗਾਂਧੀ ਨੇ ਮਨੀ ਲਾਂਡਰਿੰਗ ਨੈਟਵਰਕ ਦੇ ਖ਼ਿਲਾਫ਼ ਕਾਰਵਾਈ ਨਾ ਹੋਣ 'ਤੇ ਟਵੀਟ ਕਰ ਕੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਤੁਰੰਤ ਲੋਨ ਦੇਣ ਵਾਲੇ ਚੀਨੀ ਐਪਸ ਨੇ ਗ਼ਰੀਬ ਵਰਗ ਨੂੰ ਜਾਲ ਵਿਚ ਫਸਾ ਕੇ ਲੱਖਾਂ-ਕਰੋੜਾਂ ਰੁਪਏ ਚੀਨ ਭੇਜ ਦਿਤੇ ਹਨ।
ਥੋੜੇ ਜਿਹੇ ਪੈਸਿਆਂ ਲਈ ਭੋਲੇ-ਭਲੇ ਲੋਕਾਂ ਨੂੰ ਇਸ ਤਰ੍ਹਾਂ ਬਲੈਕਮੇਲ ਕੀਤਾ ਜਾਂਦਾ ਹੈ ਕਿ ਉਹ ਆਤਮਹੱਤਿਆ ਕਰਨ ਲਈ ਮਜਬੂਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮਨੀ ਲਾਂਡਰਿੰਗ ਦਾ ਇਹ ਨੈਟਵਰਕ ਸਾਲਾਂ ਤੋਂ ਕਾਰਜਸ਼ੀਲ ਹੈ ਪਰ ਇਸ 'ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਉਨ੍ਹਾਂ ਸਵਾਲ ਪੁੱਛਿਆ ਕਿ ਆਖਰ ਇਨ੍ਹਾਂ ਵਿਰੁੱਧ ਕਾਰਵਾਈ ਕਦੋਂ ਹੋਵੇਗੀ? ਇਸ ਦੇ ਨਾਲ ਹੀ ਸੰਸਦ ਮੈਂਬਰ ਨੇ ਟਵਿੱਟਰ 'ਤੇ ਇਕ ਅਖ਼ਬਾਰ 'ਚ ਪ੍ਰਕਾਸ਼ਿਤ ਖ਼ਬਰ ਦੀ ਫ਼ੋਟੋ ਕਾਪੀ ਵੀ ਅਪਲੋਡ ਕੀਤੀ ਹੈ।
ਜਿਸ ਵਿੱਚ ਦੱਸਿਆ ਗਿਆ ਹੈ ਕਿ ਲੋਨ ਐਪ ਤੋਂ ਮਨੀ ਲਾਂਡਰਿੰਗ, ਕ੍ਰਿਪਟੋਕਰੰਸੀ ਰਾਹੀਂ ਭਾਰਤੀਆਂ ਦੇ ਦੋ ਲੱਖ ਕਰੋੜ ਰੁਪਏ ਚੀਨ ਭੇਜੇ ਜਾ ਰਹੇ ਹਨ। ਮੋਬਾਈਲ ਐਪਸ ਤੋਂ ਤੁਰੰਤ ਲੋਨ ਦੇ ਨਾਂ 'ਤੇ ਦੇਸ਼ ਵਿਚ ਮਨੀ ਲਾਂਡਰਿੰਗ ਦਾ ਇਕ ਚੀਨੀ ਰੈਕੇਟ ਸਰਗਰਮ ਹੈ। ਇੱਕ ਹਜ਼ਾਰ ਤੋਂ ਵੱਧ ਐਪਸ ਰਾਹੀਂ ਇਕੱਠੀ ਕੀਤੀ ਗਈ ਰਕਮ ਵਿੱਚੋਂ ਦੋ ਲੱਖ ਕਰੋੜ ਰੁਪਏ ਕ੍ਰਿਪਟੋਕਰੰਸੀ ਰਾਹੀਂ ਚੀਨ ਵਿੱਚ ਪਹੁੰਚ ਗਏ ਹਨ। ਦੇਸ਼ ਵਿੱਚ ਮਨੀ ਲਾਂਡਰਿੰਗ ਦਾ ਸ਼ਾਇਦ ਇਹ ਸਭ ਤੋਂ ਵੱਡਾ ਮਾਮਲਾ ਹੈ। ਜਾਂਚ ਏਜੰਸੀਆਂ ਮੁਤਾਬਕ ਇਹ ਅੰਕੜਾ ਮੁੱਢਲਾ ਹੈ। ਅਸਲ ਰਕਮ ਕਈ ਗੁਣਾ ਹੋ ਸਕਦੀ ਹੈ।