
Haryana Election: ਜਥੇਦਾਰਾਂ ਦੇ ਅਖੌਤੀ ਹੁਕਮਨਾਮਿਆਂ ਨੇ ਘਰਾਂ ’ਚ ਬਿਠਾਏ ਉੱਚ ਕੋਟੀ ਦੇ ਸਿੱਖ ਆਗੂ
Haryana Election: ਭਾਵੇਂ ਪਿਛਲੇ ਦਿਨੀਂ ਹਰਿਆਣੇ ਦੇ ਸਿੱਖ ਭਾਈਚਾਰੇ ਨੇ ਵੱਡਾ ਇਕੱਠ ਕਰ ਕੇ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ 90 ਸੀਟਾਂ ਵਿਚੋਂ ਸਿੱਖਾਂ ਲਈ 16 ਤੋਂ 20 ਸੀਟਾਂ ਦੀ ਮੰਗ ਕਰਦਿਆਂ ਦਲੀਲ ਦਿਤੀ ਹੈ ਕਿ ਲੋਕ ਸਭਾ ਦੀਆਂ ਦੋ ਅਤੇ ਰਾਜ ਸਭਾ ਦੀਆਂ ਖ਼ਾਲੀ ਪਈਆਂ ਸੀਟਾਂ ਵੀ ਸਿੱਖਾਂ ਨੂੰ ਦਿਤੀਆਂ ਜਾਣੀਆਂ ਚਾਹੀਦੀਆਂ ਹਨ, ਕਿਉਂਕਿ ਹਰਿਆਣੇ ਵਿਚ 18 ਲੱਖ ਦੇ ਕਰੀਬ ਸਿੱਖ ਵੋਟਰ ਹੈ।
ਜ਼ਿਕਰਯੋਗ ਹੈ ਕਿ ਬਾਦਲਾਂ ਵਲੋਂ ਪਿਛਲੇ ਸਮੇਂ ਵਿਚ ਹਰਿਆਣਾ ਵਿਧਾਨ ਸਭਾ ਚੋਣਾਂ ਲੜੀਆਂ ਜਾਂਦੀਆਂ ਸਨ ਅਤੇ ਬਾਦਲ ਪ੍ਰਵਾਰ ਸਮੇਤ ਬਾਦਲ ਦਲ ਦੇ ਆਗੂਆਂ ਵਲੋਂ ਹਰਿਆਣੇ ਵਿਚ ਸਿੱਖ ਵੋਟ ਦੇ ਦਬਦਬੇ ਦਾ ਦਾਅਵਾ ਵੀ ਕੀਤਾ ਜਾਂਦਾ ਸੀ ਪਰ ਜਾਗਰੂਕ ਵਰਗ ਸਿੱਖਾਂ ਦੀ ਹਰਿਆਣੇ ਵਿਚ ਬੇਕਦਰੀ ਜਾਂ ਨਜ਼ਰਅੰਦਾਜ਼ੀ ਲਈ ਬਾਦਲ ਦਲ ਅਤੇ ਬਾਦਲ ਪ੍ਰਵਾਰ ਨੂੰ ਹੀ ਜ਼ਿੰਮੇਵਾਰ ਠਹਿਰਾਅ ਰਿਹਾ ਹੈ।
ਜਾਗਰੂਕ ਵਰਗ ਮੁਤਾਬਕ ਹਰਿਆਣਾ ਵਿਚ ਲਗਾਤਾਰ 10 ਸਾਲ ਭਾਜਪਾ ਦੀ ਸਰਕਾਰ ਰਹੀ, ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਕ ਪੰਜਾਬੀ ਹੋਣ ਦੇ ਬਾਵਜੂਦ ਸਿੱਖਾਂ ਜਾਂ ਪੰਜਾਬੀਆਂ ਨੂੰ ਪ੍ਰਤੀਨਿਧਤਾ ਦੇਣ ਦੀ ਲੋੜ ਨਾ ਸਮਝੀ। ਇਸ ਲਈ ਵੀ ਬਾਦਲ ਦਲ ਨੂੰ ਕਸੂਰਵਾਰ ਅਤੇ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਹਰਿਆਣੇ ਦੇ ਸਿੱਖਾਂ ਦੇ ਵੱਡੇ ਇਕੱਠ ਵਿਚ ਸਮੁੱਚੀ ਸੰਗਤ ਨੇ ਹਰਿਆਣੇ ਦੇ ਸਿੱਖਾਂ ਦੀਆਂ ਕੱੁਝ ਮੰਗਾਂ ਦੇ ਸਮਰਥਨ ਵਿਚ ਹੱਥ ਖੜੇ ਕੀਤੇ ਅਤੇ ਸਾਰਿਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਆਪੋ-ਅਪਣੀ ਸਹਿਮਤੀ ਪ੍ਰਗਟਾਈ ਪਰ ਫਿਰ ਵੀ ਸਿੱਖ ਵੋਟ ਬੈਂਕ ਦਾ ਪ੍ਰਭਾਵ ਬਣਾਉਣ ਲਈ ਉੱਥੋਂ ਦੇ ਜਾਗਰੂਕ ਵਰਗ ਨੂੰ ਅਜੇ ਬਹੁਤ ਮਿਹਨਤ ਕਰਨੀ ਪਵੇਗੀ। ਜੇਕਰ ਹਰਿਆਣੇ ਦੇ ਸਿੱਖ ਅਪਣੇ ਸੂਬੇ ਵਿਚ ਕਿਸੇ ਵੱਡੇ ਆਗੂ ਦੀ ਭਾਲ ਵਿਚ ਹਨ ਤਾਂ ਉਨ੍ਹਾਂ ਨੂੰ ਤਖ਼ਤਾਂ ਦੇ ਜਥੇਦਾਰਾਂ ਦੇ ਹੁਕਮਨਾਮਿਆਂ ਅਤੇ ਸਿੱਖ ਆਗੂਆਂ ਦੀ ਪਾਟੋ-ਧਾੜ ਬਾਰੇ ਪਹਿਲਾਂ ਅੰਕੜੇ ਇਕੱਤਰ ਕਰਨੇ ਪੈਣਗੇ।
ਹਰਿਆਣਾ ਵਿਧਾਨ ਸਭਾ ਦੀਆਂ 1 ਅਕਤੂਬਰ ਨੂੰ ਹੋਣ ਵਾਲੀਆਂ ਆਮ ਚੋਣਾ ਦਾ ਐਲਾਨ ਹੋ ਚੁਕਾ ਹੈ ਪਰ ਸਿੱਖ ਵੋਟ ਬੈਂਕ ਹਰਿਆਣੇ ਦੀਆਂ ਕਾਂਗਰਸ ਅਤੇ ਭਾਜਪਾ ਨੂੰ ਛੱਡ ਕੇ ਹੋਰ ਖੇਤਰੀ ਪਾਰਟੀਆਂ ਨਾਲ ਜੁੜਨ ਜਾਂ ਵਿਰੋਧ ਕਰਨ ਦੇ ਮਾਮਲੇ ਵਿਚ ਦੁਬਿਧਾ ਵਿੱਚ ਹੈ, ਕਿਉਂਕਿ ਬਾਦਲਾਂ ਨੇ ਸੱਤਾ ਦੇ ਨਸ਼ੇ ਵਿਚ 16 ਜੁਲਾਈ 2014 ਨੂੰ ਤਖ਼ਤਾਂ ਦੇ ਜਥੇਦਾਰਾਂ ਰਾਹੀਂ ਹਰਿਆਣੇ ਦੇ ਤਿੰਨ ਉੱਚ ਕੋਟੀ ਦੇ ਸਿੱਖ ਆਗੂਆਂ ਦੀਦਾਰ ਸਿੰਘ ਨਲਵੀ, ਜਗਦੀਸ਼ ਸਿੰਘ ਝੀਂਡਾ ਅਤੇ ਹਰਿਆਣੇ ਸਰਕਾਰ ਵਿਚ ਕੈਬਨਿਟ ਮੰਤਰੀ ਹਰਮੋਹਿੰਦਰ ਸਿੰਘ ਚੱਠਾ ਨੂੰ ਪੰਥ ਵਿਚੋਂ ਛੇਕ ਦਿਤਾ ਸੀ।
ਹੁਣ ਸਿੱਖਾਂ ਦੀਆਂ 18 ਲੱਖ ਵੋਟਾਂ ਹੋਣ ਦੇ ਬਾਵਜੂਦ ਵੀ ਉੱਥੋਂ ਦੇ ਸਿੱਖ ਖ਼ੁਦ ਨੂੰ ਲਵਾਰਸ, ਬੇਵੱਸ ਅਤੇ ਲਾਚਾਰ ਮਹਿਸੂਸ ਕਰ ਰਹੇ ਹਨ, ਕਿਉਂਕਿ ਹਰਿਆਣੇ ਦੀਆਂ ਚੋਣਾਂ ਸਬੰਧੀ ਨਲਵੀ, ਝੀਂਡਾ ਅਤੇ ਚੱਠਾ ਜਾਂ ਕਿਸੇ ਹੋਰ ਵੱਡੇ ਸਿੱਖ ਆਗੂ ਦਾ ਇਸ ਬਾਰੇ ਕੋਈ ਬਿਆਨ ਤਕ ਵੀ ਪ੍ਰਕਾਸ਼ਤ ਨਹੀਂ ਹੋਇਆ।