
ਯੂਕਰੇਨ-ਰੂਸ ਜੰਗ ਤੋਂ ਬਾਅਦ ਪੁਤਿਨ ਦਾ ਇਹ ਪਹਿਲਾ ਭਾਰਤ ਦੌਰਾ
Vladimir Putin news : ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਸ ਸਾਲ ਦਸੰਬਰ ’ਚ ਭਾਰਤ ਆਉਣਗੇ। ਰੂਸ ਦੇ ਰਾਸ਼ਟਰਪਤੀ ਦਫਤਰ ਕ੍ਰੇਮਲਿਨ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ। 2022 ’ਚ ਯੂਕਰੇਨ-ਰੂਸ ਦਰਮਿਆਨ ਸ਼ੁਰੂ ਹੋਏ ਜੰਗ ਤੋਂ ਬਾਅਦ ਪੁਤਿਨ ਦਾ ਇਹ ਪਹਿਲਾ ਭਾਰਤ ਦੌਰਾ ਹੋਵੇਗਾ। ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਭਾਰਤ ਅਤੇ ਰੂਸ ਆਪਣੇ ਆਪਸੀ ਸਬੰਧਾਂ ਨੂੰ ਮਜ਼ਬੂਤ ਬਣਾ ਰਹੇ ਹਨ। ਜਦਕਿ ਅਮਰੀਕਾ ਭਾਰਤ ’ਤੇ ਰੂਸ ਤੋਂ ਤੇਲ ਖਰੀਣ ਕਾਰਨ ਆਰਥਿਕ ਦਬਾਅ ਵਧਾ ਰਿਹਾ ਹੈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਤਿਨ ਸੋਮਵਾਰ ਨੂੰ ਚੀਨ ’ਚ ਹੋਣ ਵਾਲੀ ਐਸਸੀਓ ਸੰਮੇਲਨ ਦੌਰਾਨ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਉਨ੍ਹਾਂ ਦੀ ਭਾਰਤ ਯਾਤਰਾ ਦੀਆਂ ਤਿਆਰੀਆਂ ’ਤੇ ਵੀ ਚਰਚਾ ਹੋਵੇਗੀ।
ਰੂਸ ਵੱਲੋਂ ਇਹ ਐਲਾਨ ਉਸ ਸਮੇਂ ਕੀਤਾ ਗਿਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਨੇ ਭਾਰਤ ਦੇ ਨਿਰਯਾਤ ’ਤੇ ਕੁਲ 50% ਟੈਰਿਫ ਲਗਾਏ ਹਨ। ਇਸ ’ਚ 25% ਐਕਸਟਰਾ ਟੈਰਿਫ ਰੂਸ ਤੋਂ ਤੇਲ ਖਰੀਦਣ ਕਾਰਨ ਲਗਾਇਆ ਗਿਆ ਹੈ। ਅਮਰੀਕਾ ਦਾ ਕਹਿਣਾ ਹੈ ਕਿ ਇਸ ਨਾਲ ਰੂਸ ਨੂੰ ਯੂਕਰੇਨ ਨਾਲ ਜੰਗ ਜਾਰੀ ਰੱਖਣ ਵਿੱਚ ਮਦਦ ਮਿਲ ਰਹੀ ਹੈ।
ਜ਼ਿਕਰਯੋਗ ਹੈ ਕਿ ਪੁਤਿਨ ਹਾਲ ਹੀ ’ਚ ਭਾਰਤੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਵੀ ਮਿਲੇ ਸਨ।
ਇਸ ਤੋਂ ਪਹਿਲਾਂ ਪੁਤਿਨ ਨੇ ਆਖਰੀ ਵਾਰ 06 ਦਸੰਬਰ 2021 ਨੂੰ ਭਾਰਤ ਦੀ ਯਾਤਰਾ ਕੀਤੀ ਸੀ ਅਤੇ ਉਦੋਂ ਉਹ ਸਿਰਫ 4 ਘੰਟੇ ਲਈ ਭਾਰਤ ਆਏ। ਇਸ ਦੌਰਾਨ ਭਾਰਤ ਅਤੇ ਰੂਸ ਦੇ ਵਿਚਕਾਰ 28 ਸਮਝੌਤਿਆਂ ’ਤੇ ਦਸਤਖਤ ਹੋਏ ਸਨ।
ਪ੍ਰਧਾਨ ਮੰਤਰੀ ਮੋਦੀ ਨੇ ਸਾਲ 2024 ਵਿੱਚ ਦੋ ਵਾਰ ਰੂਸ ਦੀ ਯਾਤਰਾ ਕੀਤੀ ਸੀ। ਉਹ ਬ੍ਰਿਕਸ ਸੰਮੇਲਨ ਲਈ 22 ਅਕਤੂਬਰ ਨੂੰ ਰੂਸ ਗਏ ਹਨ। ਪਹਿਲਾਂ ਜੁਲਾਈ ਵਿੱਚ ਵੀ ਮੋਦੀ ਨੇ ਦੋ ਦਿਨ ਦਾ ਰੂਸ ਦੌਰਾ ਕੀਤਾ। ਰੂਸ ਵੱਲੋਂ ਪਿਛਲੇ ਸਾਲ 9 ਜੁਲਾਈ ਨੂੰ ਮਾਸਕੋ ’ਚ ਪੀਐਮ ਮੋਦੀ ਨੂੰ ਦੇਸ਼ ਦਾ ਸਰਵਉੱਚ ਸਨਮਾਨ ‘ਆਰਡਰ ਆਫ ਸੇਂਟ ਐਂਡਰਯੂ ਦ ਐਪੋਸਟਲ’ ਦਿੱਤਾ ਗਿਆ ਸੀ।