ਇਸ ਨਾਲ ਨਜਿੱਠਣ ਲਈ ਅਜੇ ਤਕ ਕੋਈ ਤਾਲਮੇਲ ਯਤਨ ਨਹੀਂ ਕੀਤਾ ਗਿਆ ਹੈ।
ਪਣਜੀ: ਬੰਬਈ ਹਾਈ ਕੋਰਟ ਦੀ ਗੋਆ ਬੈਂਚ ਦੇ ਜਸਟਿਸ ਮਹੇਸ਼ ਸੋਨਕ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਜਾਂ ਮਾਸ ਮੀਡੀਆ ਵਿਆਪਕ ਤਬਾਹੀ ਦੇ ਹਥਿਆਰ ਬਣ ਗਏ ਹਨ ਅਤੇ ਇਨ੍ਹਾਂ ਨਾਲ ਨਜਿੱਠਣ ਲਈ ਅਜੇ ਤਕ ਕੋਈ ਤਾਲਮੇਲ ਯਤਨ ਨਹੀਂ ਕੀਤਾ ਗਿਆ ਹੈ। ਜਸਟਿਸ ਸੋਨਕ ਨੇ ਜੀ.ਆਰ. ਕਾਰੇ ਕਾਲਜ ਆਫ਼ ਲਾਅ ਵਿਖੇ ਲੈਕਚਰ ਲੜੀ ‘ਜੀ.ਆਰ.ਕੇ.-ਲਾਅ ਟਾਕਸ’ ਦੌਰਾਨ ਇਹ ਵੀ ਕਿਹਾ ਕਿ ਉਹ ਅਜਿਹੀਆਂ ਖ਼ਬਰਾਂ ਨੂੰ ਨਾ ਪੜ੍ਹ ਕੇ ਜਾਂ ਨਾ ਵੇਖ ਕੇ ਬਹੁਤ ਸਾਰੇ ਮੁੱਦਿਆਂ ਤੋਂ ਅਣਜਾਣ ਰਹਿਣ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਉਹ ਇਸ ਨੂੰ ਗਲਤ ਜਾਣਕਾਰੀ ਮੁਕਾਬਲੇ ਬਿਹਤਰ ਸਮਝਦੇ ਹਨ।
ਉਨ੍ਹਾਂ ਕਿਹਾ, ‘‘ਅਸੀਂ ਇਕ ਅਜਿਹੇ ਯੁੱਗ ’ਚ ਰਹਿੰਦੇ ਹਾਂ ਜਿੱਥੇ ਅਸੀਂ ਕੰਪਿਊਟਰ ਅਤੇ ਸਮਾਰਟਫ਼ੋਨ ਵਰਗੀਆਂ ਸੋਚਣ ਵਾਲੀਆਂ ਮਸ਼ੀਨਾਂ ਦੀ ਪ੍ਰਸ਼ੰਸਾ ਅਤੇ ਵਡਿਆਈ ਕਰਦੇ ਹਾਂ। ਪਰ ਅਸੀਂ ਉਨ੍ਹਾਂ ਲੋਕਾਂ ਤੋਂ ਬਹੁਤ ਸ਼ੱਕੀ ਜਾਂ ਸੁਚੇਤ ਹਾਂ ਜੋ ਸੋਚਣ ਦੀ ਕੋਸ਼ਿਸ਼ ਕਰਦੇ ਹਨ।’’
ਜਸਟਿਸ ਸੋਨਕ ਨੇ ਕਿਹਾ, ‘‘ਬਨਾਉਟੀ ਬੁੱਧੀ ਦੇ ਅਪਣੇ ਗੁਣ ਹਨ, ਪਰ ਜੇਕਰ ਅਸੀਂ ਅਪਣੀ ਸੋਚਣ ਦੀ ਸਮਰੱਥਾ, ਬੁੱਧੀ ਅਤੇ ਇਸ ਤੋਂ ਇਲਾਵਾ ਕਿਸੇ ਵੀ ਮਸ਼ੀਨ ਜਾਂ ਐਲਗੋਰਿਦਮ ਦੇ ਕੋਲ ਸੰਵੇਦਨਸ਼ੀਲ ਵਿਕਲਪ ਬਣਾਉਣ ਦੀ ਯੋਗਤਾ ਨੂੰ ਗਿਰਵੀ ਰੱਖ ਦਿੰਦੇ ਹਾਂ, ਭਾਵੇਂ ਉਹ ਕਿੰਨੀ ਵੀ ਬੁੱਧੀਮਾਨ ਕਿਉਂ ਨਾ ਹੋਵੇ, ਤਾਂ ਇਹ ਇਕ ਦੁਖਦ ਦਿਨ ਹੋਵੇਗਾ ਅਤੇ ਇਕ ਦੁਖਦ ਸੰਸਾਰ ਹੋਵੇਗਾ।’’