
ਮੋਦੀ ਰਾਜ ’ਚ ਵੱਡੇ ਕਾਰੋਬਾਰੀਆਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ-ਰਾਹਲ ਗਾਂਧੀ
Haryana Elections 2024 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਪਿਛਲੇ ਕਈ ਦਿਨਾਂ ਤੋਂ ਹਰਿਆਣਾ ’ਚ ਲਗਾਤਾਰ ਜਾਰੀ ਚੋਣ ਪ੍ਰਚਾਰ ਦੇ ਨਾਲ ਹੁਣ ਕਾਂਗਰਸ ਵਲੋਂ ਸੋਮਵਾਰ ਤੋਂ ਰਾਹਲ ਗਾਂਧੀ ਕੇ ਪ੍ਰਿਅੰਕਾ ਗਾਂਧੀ ਨੇ ਜੋਰਦਾਰ ਪ੍ਰਚਾਰ ਸ਼ੁਰੂ ਕਰ ਦਿਤਾ ਹੈ। ਇਹ ਪ੍ਰਚਾਰ ਤਿੰਨ ਦਿਨਾਂ ਤਕ ਜਾਰੀ ਰਹੇਗਾ।
ਅੰਬਾਲਾ ਦੀ ਨਰਾਇਣਗੜ੍ਹ ਵਿਧਾਨਸਭਾ ਸੀਟ ਤੋਂ ਸ਼ੁਰੂ ਕੀਤੇ ਗਏ ਪ੍ਰਚਾਰ ਦੌਰਾਨ ਦੋਹਾਂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ’ਤੇ ਤਿੱਖੇ ਸ਼ਬਦੀ ਵਾਰ ਕੀਤੇ। ਵੱਖ-ਵੱਖ ਥਾਵਾਂ ਤੋਂ ਹੁੰਦਿਆਂ ਪ੍ਰਚਾਰ ਲਈ ਸੋਮਵਾਰ ਨੂੰ ਕਢਿਆ ਰੋਡ ਸ਼ੋਅ ਕੁਰੂਕਸ਼ੇਤਰ ਦੋ ਥਾਨੇਸਰ ਵਿਖੇ ਸਮਾਪਤ ਹੋਇਆ।
ਇਸ ਦੌਰਾਨ ਰਾਹੁਲ ਗਾਂਧੀ ਨੇ ਅਪਣੇ ਸੰਬੋਧਨ ’ਚ ਕਿਹਾ ਕਿ ਮੋਦੀ ਰਾਜ ’ਚ ਵੱਡੇ ਕਾਰੋਬਾਰੀਆਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ ਤੇ ਅਸਾਨੀ ਦੀ ਜੇਬ ’ਚ ਸੁਨਾਮੀ ਦੀ ਤਰ੍ਹਾਂ ਪੈਸਾ ਆ ਰਿਹਾ ਹੈ। ਜਦਕਿ ਗਰੀਬਾਂ ਦੀ ਜੇਬ ’ਚੋਂ ਧੜਾਧੜ ਪੈਸਾ ਨਿਕਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਬਾਨੀ ਦਾ ਕਰਜ਼ ਮਾਫ਼ ਹੋ ਸਕਦਾ ਹੈ ਤਾਂ ਕਿਸਾਨਾਂ ਦਾ ਕਰਜ਼ਾ ਕਿਉਂ ਮਾਫ ਨਹੀਂ ਹੋ ਸਕਦਾ?
ਉਨ੍ਹਾਂ ਕਿਹਾ ਕਿ ਹਰਿਆਣਾ ’ਚ ਬੇਰੋਜ਼ਗਾਰੀ ਹੈ ਤੇ ਨੌਜੁਆਨ ਵਿਦੇਸ਼ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਵਾਨਾਂ ਦਾ ਪੈਸਾ ਚੋਰੀ ਕਰਨ ਦਾ ਤਰੀਕਾ ਹੈ ਤੇ ਅਗਨੀ ਵੀਰਾਂ ਨੂੰ ਪੈਨਸ਼ਨ ਨਹੀਂ ਮਿਲੇਗੀ ਤੇ ਉਨ੍ਹਾਂ ਦੀ ਜੇਬਾਂ ’ਚੋਂ ਪੈਸਾ ਚੋਰੀ ਕੀਤਾ ਜਾ ਰਿਹਾ ਹੈ।। ਉਨ੍ਹਾਂ ਕਿਹਾ, ‘‘ਕਾਂਗਰਸ ਆਏਗੀ ਤਾਂ ਲੋਕਾਂ ਦੀਆਂ ਜੇਬਾਂ ’ਚ ਪੈਸਾ ਵਾਪਸ ਪਾਏਗੀ।’’
ਦੂਜੇ ਪਾਸੇ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਭਾਜਪਾ ਨੇ ਕਿਸਾਨਾਂ ਤੇ ਖਿਡਾਰੀਆਂ ਦਾ ਅਪਮਾਨ ਕੀਤਾ ਹੈ। ਕਿਸਾਨਾਂ ’ਤੇ ਲਾਠੀਚਾਰਜ ਕੀਤਾ ਗਿਆ ਤੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ। ਉਨ੍ਹਾਂ ਕਿਹਾ ਕਿ ਖਿਡਾਰੀ ਅੰਦੋਲਨ ਕਰਦੇ ਰਹੇ ਪਰ ਮੋਦੀ ਮਿਲਣ ਤਕ ਨਹੀਂ ਗਏ। ਪ੍ਰਿਅੰਕਾ ਨੇ ਕਿਹਾ ਕਿ ਹਰਿਆਣਾ ’ਚ ਕਾਂਗਰਸ ਦੀ ਸਰਕਾਰ ਬਨਣ ’ਤੇ ਕਿਸਾਨਾਂ ਨੂੰ ਐਮ.ਐਸ.ਪੀ. ਦਿਤੀ ਜਾਵੇਗੀ ਤੇ ਰੋਜਗਾਰ ਦੇ ਮੌਕੇ ਦਿਤੇ ਜਾਣਗੇ। ਉਨ੍ਹਾਂ ਕਿਹਾ ਕਿ ਹਰਿਆਣਾ ’ਚ 300 ਯੂਨਿਟ ਬਿਜਲੀ ਮੁਫਤ ਦਿਤੀ ਜਾਵੇਗੀ।
ਰਾਹੁਲ ਗਾਂਧੀ ਨੇ ਮਿਲਵਾਇਆ ਹੁੱਡਾ ਤੇ ਸ਼ੈਲਜਾ ਦਾ ਹੱਥ
ਰਾਹੁਲ ਗਾਂਧੀ ਨੇ ਅੱਜ ਹਰਿਆਣਾ ਦੇ ਨਰਾਇਣਗੜ੍ਹ ਤੋਂ ‘ਵਿਜੇ ਸੰਕਲਪ ਯਾਤਰਾ’ ਦੌਰਾਨ ਪਾਰਟੀ ’ਚ ਧੜੇਬੰਦੀ ਦੀ ਅਟਕਲਾਂ ਨੂੰ ਰੱਦ ਕਰਦਿਆਂ ਏਕਤਾ ਅਤੇ ‘ਸੱਭ ਠੀਕ ਹੈ’ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ। ਰੈਲੀ ਦੀ ਸਮਾਪਤੀ ਤੋਂ ਬਾਅਦ ਜਦੋਂ ਸਾਰੇ ਨੇਤਾ ਮੰਚ ’ਤੇ ਇਕੱਠੇ ਹੋਏ ਤਾਂ ਕੁਮਾਰੀ ਸ਼ੈਲਜਾ ਅਤੇ ਭੂਪੇਂਦਰ ਹੁੱਡਾ ਵਿਚਕਾਰ ਖੜੇ ਰਾਹੁਲ ਗਾਂਧੀ ਨੇ ਦੋਹਾਂ ਨਾਲ ਹੱਥ ਮਿਲਾਇਆ। ਰਾਹੁਲ ਗਾਂਧੀ ਨੇ ਸ਼ੈਲਜਾ ਦਾ ਹੱਥ ਫੜ ਕੇ ਹੁੱਡਾ ਦਾ ਹੱਥ ਹਿਲਾ ਕੇ ਪਾਰਟੀ ਦੀ ਤਰਫੋਂ ਏਕਤਾ ਦੀ ਤਸਵੀਰ ਪੇਸ਼ ਕੀਤੀ। ਰਾਹੁਲ ਗਾਂਧੀ ਨੇ ਵਿਖਾ ਇਆ ਕਿ ਪਾਰਟੀ ’ਚ ਕੋਈ ਧੜੇਬੰਦੀ ਨਹੀਂ ਹੈ। ਹਰਿਆਣਾ ’ਚ ਕਾਂਗਰਸ ਇਕ ਜੁੱਟ ਹੋ ਗਈ ਹੈ।
ਸ਼ੈਲਜਾ ਇਕ ਵੱਡਾ ਦਲਿਤ ਚਿਹਰਾ ਹੈ, ਲਗਭਗ 20 ਸੀਟਾਂ ’ਤੇ ਪ੍ਰਭਾਵ ਹੈ
ਕੁਮਾਰੀ ਸ਼ੈਲਜਾ ਹਰਿਆਣਾ ’ਚ ਇਕ ਵੱਡਾ ਦਲਿਤ ਚਿਹਰਾ ਹੈ ਅਤੇ ਕਾਂਗਰਸ ਦੀ ਇਕ ਵੱਡੀ ਦਲਿਤ ਨੇਤਾ ਵੀ ਹੈ। ਸ਼ੈਲਜਾ ਦੇ ਅਪਮਾਨ ਕਾਰਨ ਹਰਿਆਣਾ ਦਾ ਦਲਿਤ ਭਾਈਚਾਰਾ ਵੀ ਅਪਣਾ ਗੁੱਸਾ ਜ਼ਾਹਰ ਕਰ ਰਿਹਾ ਹੈ। ਹਰਿਆਣਾ ’ਚ 20 ਫੀ ਸਦੀ ਦੇ ਕਰੀਬ ਦਲਿਤ ਵੋਟਾਂ ਹਨ। ਹਰਿਆਣਾ ’ਚ 17 ਸੀਟਾਂ ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਹਨ ਪਰ 35 ਤੋਂ 37 ਸੀਟਾਂ ਉੱਤੇ ਇਨ੍ਹਾਂ ਦਾ ਪ੍ਰਭਾਵ ਹੈ। ਇਸ ਲਿਹਾਜ਼ ਨਾਲ ਸ਼ੈਲਜਾ ਕਾਂਗਰਸ ਲਈ ਬਹੁਤ ਮਹੱਤਵਪੂਰਨ ਹੈ। ਹਰਿਆਣਾ ਦੀਆਂ 20 ਤੋਂ ਵੱਧ ਸੀਟਾਂ ਕੁਮਾਰੀ ਸ਼ੈਲਜਾ ਦੇ ਪ੍ਰਭਾਵ ਹੇਠ ਮੰਨੀਆਂ ਜਾਂਦੀਆਂ ਹਨ।