
ਮਾਮਲੇ ਦੀ ਅਗਲੀ ਸੁਣਵਾਈ 3 ਅਕਤੂਬਰ ਤੱਕ ਮੁਲਤਵੀ
Tirupati laddu row : ਤਿਰੂਪਤੀ ਮੰਦਰ ਦੇ ਲੱਡੂ ਵਿਵਾਦ ’ਚ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਘੱਟੋ-ਘੱਟ ਦੇਵਤਿਆਂ ਨੂੰ ਸਿਆਸਤ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ। ਨਾਲ ਹੀ ਸਬੂਤ ਮੰਗਦੇ ਹੋਏ ਅਦਾਲਤ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਦੇ ਇਸ ਦਾਅਵੇ ’ਤੇ ਸਵਾਲ ਚੁਕੇ ਕਿ ਤਿਰੂਪਤੀ ਮੰਦਰ ’ਚ ਲੱਡੂ ਬਣਾਉਣ ’ਚ ਜਾਨਵਰਾਂ ਦੀ ਚਰਬੀ ਦੀ ਵਰਤੋਂ ਕੀਤੀ ਗਈ।
ਜਸਟਿਸ ਬੀ.ਆਰ. ਗਵਈ ਅਤੇ ਜਸਟਿਸ ਕੇ.ਵੀ. ਵਿਸ਼ਵਨਾਥਨ ਦੀ ਬੈਂਚ ਨੇ ਕਿਹਾ ਕਿ ਮੁੱਖ ਮੰਤਰੀ ਨੇ ਸਬੰਧਤ ਦਾਅਵਾ 18 ਸਤੰਬਰ ਨੂੰ ਕੀਤਾ ਸੀ, ਜਦਕਿ ਮਾਮਲੇ ਵਿਚ ਐਫ.ਆਈ.ਆਰ. 25 ਸਤੰਬਰ ਨੂੰ ਦਰਜ ਕੀਤੀ ਗਈ ਸੀ ਅਤੇ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ 26 ਸਤੰਬਰ ਨੂੰ ਕੀਤਾ ਗਿਆ ਸੀ।
ਬੈਂਚ ਨੇ ਕਿਹਾ, ‘‘ਕਿਸੇ ਉੱਚ ਸੰਵਿਧਾਨਕ ਅਹੁਦੇਦਾਰ ਲਈ ਜਨਤਕ ਤੌਰ ’ਤੇ ਅਜਿਹੇ ਬਿਆਨ ਦੇਣਾ ਸਹੀ ਨਹੀਂ ਹੈ ਜੋ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਪ੍ਰਭਾਵਤ ਕਰ ਸਕਦੇ ਹਨ।’’ ਬੈਂਚ ਨੇ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਇਹ ਫੈਸਲਾ ਕਰਨ ’ਚ ਸਹਾਇਤਾ ਕਰਨ ਲਈ ਕਿਹਾ ਕਿ ਕੀ ਸੂਬਾ ਸਰਕਾਰ ਵਲੋਂ ਗਠਿਤ ਐਸ.ਆਈ.ਟੀ. ਵਲੋਂ ਜਾਂਚ ਜਾਰੀ ਰੱਖਣੀ ਚਾਹੀਦੀ ਹੈ ਜਾਂ ਕਿਸੇ ਸੁਤੰਤਰ ਏਜੰਸੀ ਵਲੋਂ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਬੈਂਚ ਤਿਰੂਪਤੀ ਮੰਦਰ ’ਚ ਲੱਡੂ ਬਣਾਉਣ ’ਚ ਜਾਨਵਰਾਂ ਦੀ ਚਰਬੀ ਦੀ ਕਥਿਤ ਵਰਤੋਂ ਦੀ ਅਦਾਲਤ ਦੀ ਨਿਗਰਾਨੀ ’ਚ ਜਾਂਚ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ’ਤੇ ਸੁਣਵਾਈ ਕਰ ਰਹੀ ਸੀ। ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਸਬੂਤ ਮੰਗੇ ਕਿ ਤਿਰੂਪਤੀ ਮੰਦਰ ਦੇ ਲੱਡੂ ਬਣਾਉਣ ਲਈ ਦੂਸ਼ਿਤ ਘਿਓ ਦੀ ਵਰਤੋਂ ਕੀਤੀ ਗਈ ਸੀ।
ਬੈਂਚ ਨੇ ਕਿਹਾ, ‘‘ਘੱਟੋ-ਘੱਟ ਸਾਨੂੰ ਉਮੀਦ ਹੈ ਕਿ ਦੇਵੀ-ਦੇਵਤਿਆਂ ਨੂੰ ਰਾਜਨੀਤੀ ਤੋਂ ਦੂਰ ਰੱਖਿਆ ਜਾਵੇਗਾ।’’ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਬੈਂਚ ਨੂੰ ਦਸਿਆ ਕਿ ਇਹ ਆਸਥਾ ਦਾ ਮਾਮਲਾ ਹੈ ਅਤੇ ਜੇਕਰ ਲੱਡੂ ਬਣਾਉਣ ’ਚ ਦੂਸ਼ਿਤ ਘਿਉ ਦੀ ਵਰਤੋਂ ਕੀਤੀ ਗਈ ਹੈ ਤਾਂ ਇਹ ਮਨਜ਼ੂਰ ਨਹੀਂ ਕੀਤਾ ਜਾ ਸਕਦਾ। ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 3 ਅਕਤੂਬਰ ਨੂੰ ਮੁਲਤਵੀ ਕਰ ਦਿਤੀ।
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਦਾਅਵਾ ਕੀਤਾ ਸੀ ਕਿ ਸੂਬੇ ’ਚ ਵਾਈ.ਐਸ. ਜਗਨ ਮੋਹਨ ਰੈੱਡੀ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਦੌਰਾਨ ਤਿਰੂਪਤੀ ਮੰਦਰ ਦੇ ਲੱਡੂ ਤਿਆਰ ਕਰਨ ’ਚ ਜਾਨਵਰਾਂ ਦੀ ਚਰਬੀ ਦੀ ਵਰਤੋਂ ਕੀਤੀ ਗਈ ਸੀ। ਇਸ ਨਾਲ ਵੱਡਾ ਸਿਆਸੀ ਵਿਵਾਦ ਖੜਾ ਹੋ ਗਿਆ ਸੀ। ਵਾਈ.ਐਸ.ਆਰ. ਕਾਂਗਰਸ ਨੇ ਦੋਸ਼ ਲਾਇਆ ਸੀ ਕਿ ਨਾਇਡੂ ਨੇ ਸਿਆਸੀ ਲਾਭ ਲਈ ‘ਨਫ਼ਰਤ ਭਰੇ ਦੋਸ਼’ ਲਗਾਏ ਸਨ।