
ਜਦੋਂ ਵੀ ਮੈਂ ਪਹਿਲਾਂ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਮਿਲਦਾ ਸੀ, ਮੈਂ ਹਮੇਸ਼ਾ ਉਨ੍ਹਾਂ ਦੇ ਦਰਦ ਨੂੰ ਮਹਿਸੂਸ ਕੀਤਾ।
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਜੰਮੂ-ਕਸ਼ਮੀਰ ਨੂੰ ਹਰ ਭਾਰਤੀ ਦਾ ਮਾਣ ਦੱਸਿਆ ਅਤੇ ਕਿਹਾ ਕਿ ਇਹ ਪੁਰਾਣੀਆਂ ਚੁਣੌਤੀਆਂ ਨੂੰ ਪਿੱਛੇ ਛੱਡਣ ਅਤੇ ਨਵੀਆਂ ਸੰਭਾਵਨਾਵਾਂ ਦਾ ਪੂਰਾ ਫਾਇਦਾ ਉਠਾਉਣ ਦਾ ਸਮਾਂ ਹੈ। ਵੀਡੀਓ ਕਾਨਫਰੰਸਿੰਗ ਰਾਹੀਂ ਜੰਮੂ-ਕਸ਼ਮੀਰ ਰੋਜ਼ਗਾਰ ਮੇਲੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਵਿਕਾਸ ਲਈ ਨਵੇਂ ਨਜ਼ਰੀਏ ਅਤੇ ਨਵੀਂ ਸੋਚ ਨਾਲ ਕੰਮ ਕਰਨ ਦੀ ਲੋੜ ਹੈ।
ਮੋਦੀ ਨੇ ਕਿਹਾ, ''ਅਸੀਂ ਸਾਰੇ ਵਰਗਾਂ ਅਤੇ ਨਾਗਰਿਕਾਂ ਨੂੰ ਵਿਕਾਸ ਦਾ ਲਾਭ ਦੇਣ ਲਈ ਵਚਨਬੱਧ ਹਾਂ। ਜੰਮੂ-ਕਸ਼ਮੀਰ ਹਰ ਭਾਰਤੀ ਦਾ ਮਾਣ ਹੈ। ਅਸੀਂ ਮਿਲ ਕੇ ਜੰਮੂ-ਕਸ਼ਮੀਰ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾਣਾ ਹੈ।'' ਉਹਨਾਂ ਨੇ ਜੰਮੂ-ਕਸ਼ਮੀਰ ਦੀਆਂ 20 ਵੱਖ-ਵੱਖ ਥਾਵਾਂ 'ਤੇ ਸਰਕਾਰੀ ਵਿਭਾਗਾਂ ਵਿਚ ਕੰਮ ਕਰਨ ਲਈ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ 3,000 ਨੌਜਵਾਨਾਂ ਨੂੰ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੂੰ ਲੋਕ ਨਿਰਮਾਣ ਵਿਭਾਗ, ਸਿਹਤ ਵਿਭਾਗ, ਖੁਰਾਕ ਅਤੇ ਸਿਵਲ ਸਪਲਾਈ ਵਿਭਾਗ, ਪਸ਼ੂ ਪਾਲਣ, ਜਲ ਸ਼ਕਤੀ ਅਤੇ ਸਿੱਖਿਆ-ਸਭਿਆਚਾਰ ਵਰਗੇ ਵੱਖ-ਵੱਖ ਵਿਭਾਗਾਂ ਵਿਚ ਸੇਵਾ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵਿਭਾਗਾਂ ਵਿਚ 700 ਨਿਯੁਕਤੀ ਪੱਤਰ ਸੌਂਪਣ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ।
ਜੰਮੂ-ਕਸ਼ਮੀਰ ਦਾ ਦੌਰਾ ਕਰਨ ਵਾਲੇ ਸੈਲਾਨੀਆਂ ਦੀ ਗਿਣਤੀ ਵਿਚ ਰਿਕਾਰਡ ਵਾਧੇ ਦਾ ਜ਼ਿਕਰ ਕਰਦੇ ਹੋਏ, ਮੋਦੀ ਨੇ ਕਿਹਾ ਕਿ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਵਧੀ ਕੁਨੈਕਟੀਵਿਟੀ ਕਾਰਨ ਰਾਜ ਵਿਚ ਸੈਰ-ਸਪਾਟਾ ਖੇਤਰ ਨੂੰ ਹੁਲਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਇਹ ਕੋਸ਼ਿਸ਼ ਹੈ ਕਿ ਸਰਕਾਰੀ ਸਕੀਮਾਂ ਦਾ ਲਾਭ ਸਮਾਜ ਦੇ ਹਰ ਵਰਗ ਤੱਕ ਬਿਨਾਂ ਕਿਸੇ ਭੇਦਭਾਵ ਦੇ ਪਹੁੰਚ ਸਕੇ।
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਜੰਮੂ-ਕਸ਼ਮੀਰ ਵਿਚ ਦੋ ਨਵੇਂ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼), ਸੱਤ ਨਵੇਂ ਮੈਡੀਕਲ ਕਾਲਜ, ਦੋ ਸਰਕਾਰੀ ਕੈਂਸਰ ਸੰਸਥਾਵਾਂ ਅਤੇ 15 ਨਰਸਿੰਗ ਕਾਲਜ ਖੋਲ੍ਹ ਕੇ ਸਿਹਤ ਅਤੇ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਰੇਲ ਰਾਹੀਂ ਕਸ਼ਮੀਰ ਨਾਲ ਸੰਪਰਕ ਸੁਧਾਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ।
ਇਹ ਦੱਸਦੇ ਹੋਏ ਕਿ ਕਿਵੇਂ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਨੇ ਹਮੇਸ਼ਾ ਪਾਰਦਰਸ਼ਤਾ 'ਤੇ ਜ਼ੋਰ ਦਿੱਤਾ ਹੈ, ਪ੍ਰਧਾਨ ਮੰਤਰੀ ਨੇ ਸਰਕਾਰੀ ਸੇਵਾਵਾਂ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ ਇਸ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਜਦੋਂ ਵੀ ਮੈਂ ਪਹਿਲਾਂ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਮਿਲਦਾ ਸੀ, ਮੈਂ ਹਮੇਸ਼ਾ ਉਨ੍ਹਾਂ ਦੇ ਦਰਦ ਨੂੰ ਮਹਿਸੂਸ ਕੀਤਾ। ਇਹ ਸਿਸਟਮ ਵਿਚ ਭ੍ਰਿਸ਼ਟਾਚਾਰ ਦਾ ਦਰਦ ਸੀ। ਜੰਮੂ-ਕਸ਼ਮੀਰ ਦੇ ਲੋਕ ਭ੍ਰਿਸ਼ਟਾਚਾਰ ਨੂੰ ਨਫ਼ਰਤ ਕਰਦੇ ਹਨ। ਮੋਦੀ ਨੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਅਤੇ ਉਨ੍ਹਾਂ ਦੀ ਟੀਮ ਦੁਆਰਾ ਕੀਤੇ ਗਏ ਸ਼ਾਨਦਾਰ ਕੰਮ ਦੀ ਵੀ ਸ਼ਲਾਘਾ ਕੀਤੀ।