
ਭਾਰਤ ਨੂੰ ਕਿਸੇ ਦੀ ਦਖ਼ਲ ਅੰਦਾਜ਼ੀ ਦੀ ਲੋੜ ਨਹੀਂ। ਅਸੀਂ ਆਪਸ 'ਚ ਬੈਠ ਕੇ ਸਮੱਸਿਆਵਾਂ ਸੁਲਝਾ ਲਵਾਂਗੇ।"
ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਅੰਦੋਲਨ ਦਾ ਅੱਜ 36 ਵਾਂ ਦਿਨ ਹੈ ਅਤੇ ਅੱਜ ਕੇਂਦਰ ਤੇ ਕਿਸਾਨਾਂ ਵਿਚਾਲੇ ਮੀਟਿੰਗ ਹੋਵੇਗੀ। ਇਸ ਤੋਂ ਪਹਿਲਾ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਟਿੱਪਣੀ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, "ਦੁਨੀਆਂ ਦੇ ਕਿਸੇ ਵੀ ਪ੍ਰਧਾਨ ਮੰਤਰੀ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਨਹੀਂ ਬੋਲਣਾ ਚਾਹੀਦਾ। ਭਾਰਤ ਨੂੰ ਕਿਸੇ ਦੀ ਦਖ਼ਲ ਅੰਦਾਜ਼ੀ ਦੀ ਲੋੜ ਨਹੀਂ। ਅਸੀਂ ਆਪਸ 'ਚ ਬੈਠ ਕੇ ਸਮੱਸਿਆਵਾਂ ਸੁਲਝਾ ਲਵਾਂਗੇ।"
ਉਨ੍ਹਾਂ ਨੇ ਅੱਗੇ ਕਿਹਾ 'ਇਹ ਭਾਰਤ ਦਾ ਅੰਦਰੂਨੀ ਮਸਲਾ ਹੈ ਦੁਨੀਆਂ ਦੇ ਕਿਸੇ ਦੇਸ਼ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਬੋਲਣ ਦਾ ਹੱਕ ਨਹੀਂ। ਭਾਰਤ ਐਸਾ ਵੈਸਾ ਦੇਸ਼ ਨਹੀਂ ਕਿ ਜਿਸ ਦਾ ਜੋ ਜੀ ਚਾਹੇ ਉਹ ਬੋਲ ਦੇਵੇ।' ਵਿਦੇਸ਼ਾਂ 'ਚ ਕਿਸਾਨਾਂ ਦੇ ਹੱਕ 'ਚ ਪ੍ਰਦਰਸ਼ਨ ਤੇ ਸਾਜ਼ਿਸ਼ ਦੇ ਇਲਜ਼ਾਮਾਂ ਤੇ ਰੱਖਿਆ ਮੰਤਰੀ ਨੇ ਕਿਹਾ ਕਿਸਾਨਾਂ ਦੇ ਮਨ 'ਚ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਜੇਕਰ ਕਿਸੇ ਵੱਡੇ ਮਾਹਿਰ ਨੂੰ ਬਿਠਾਉਣ ਦੀ ਲੋੜ ਹੈ ਤਾਂ ਉਹ ਵੀ ਬਿਠਾ ਲਿਆ ਜਾਵੇ। ਸਰਕਾਰ ਹਰ ਗੱਲ ਕਰਨ ਲਈ ਤਿਆਰ ਹੈ।
ਜ਼ਿਕਰਯੋਗ ਹੈ ਕਿ ਜਸਟਿਨ ਟਰੂਡੋ ਪਿਛਲੇ ਮਹੀਨੇ ਕਿਸਾਨ ਅੰਦੋਲਨ ਬਾਰੇ ਚਿੰਤਾ ਜ਼ਾਹਰ ਕੀਤੀ ਸੀ। ਕੈਨੇਡੀਅਨ ਸੰਸਦ ਮੈਂਬਰ ਦੁਆਰਾ ਗੁਰੂ ਨਾਨਕ ਜਯੰਤੀ 'ਤੇ ਆਯੋਜਿਤ ਇਕ ਫੇਸਬੁੱਕ ਵੀਡੀਓ ਗੱਲਬਾਤ ਵਿਚ ਉਨ੍ਹਾਂ ਕਿਹਾ ਕਿ' ਕੈਨੇਡਾ ਹਮੇਸ਼ਾਂ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਦੇ ਨਾਲ ਖੜਾ ਰਹੇਗਾ '।