
ਕੇਂਦਰ ਅਤੇ ਹਰਿਆਣਾ ਦੀ ਭਾਜਪਾ ਸਰਕਾਰਾਂ ਨੇ ਜਨਤਾ ਵਿਚਾਲੇ ਵਿਸ਼ਵਾਸ ਗੁਆਇਆ: ਕੁਮਾਰੀ ਸ਼ੈਲਜਾ
ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁਧਵਾਰ ਨੂੰ ਕਿਸਾਨ ਸੰਗਠਨਾਂ ਅਤੇ ਸਰਕਾਰ ਦਰਮਿਆਨ ਗੱਲਬਾਤ ਦੇ ਨਵੇਂ ਦੌਰ ਦੇ ਪਿਛੋਕੜ ਵਿਚ ਦੋਸ਼ ਲਾਇਆ ਕਿ ਦੇਸ਼ ਦੇ ਕਿਸਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਭਰੋਸਾ ਨਹੀਂ ਕਰਦੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਬਿਆਨਾਂ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ ਕਿ ਹਰ ਬੈਂਕ ਖਾਤੇ ’ਚ 15 ਲੱਖ ਰੁਪਏ ਅਤੇ ਹਰ ਸਾਲ 2 ਕਰੋੜ ਨੌਕਰੀਆਂ। 50 ਦਿਨ ਦਿਉ, ਨਹੀਂ ਤਾਂ... ਅਸੀਂ ਕੋਰੋਨਾ ਵਾਇਰਸ ਵਿਰੁਧ 21 ਦਿਨਾਂ ਵਿਚ ਜੰਗ ਜਿੱਤਾਂਗੇ। ਨਾ ਤਾਂ ਕੋਈ ਸਾਡੀ ਸਰਹੱਦ ਅੰਦਰ ਦਾਖ਼ਲ ਹੋਇਆ ਅਤੇ ਨਾ ਹੀ ਕਿਸੇ ਚੌਕੀ ’ਤੇ ਕਬਜ਼ਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਜੀ ਦੇ ‘ਅਸੱਤਿਆਗ੍ਰਹਿ’ ਦੇ ਲੰਮੇ ਇਤਿਹਾਸ ਕਾਰਨ ਉਨ੍ਹਾਂ ’ਤੇ ਕਿਸਾਨ ਭਰੋਸਾ ਨਹੀਂ ਕਰਦੇ।
rahul gandhi and modi
ਉਨ੍ਹਾਂ ਨੇ ਟਵਿੱਟਰ ’ਤੇ ਆਨਲਾਈਨ ਸਰਵੇਖਣ ਲਈ ਇਕ ਪ੍ਰਸ਼ਨ ਵੀ ਪੋਸਟ ਕੀਤਾ ਅਤੇ ਜਵਾਬ ਲਈ ਚਾਰ ਬਦਲ ਦਿਤੇ। ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਨਕਾਰ ਕਰ ਰਹੇ ਹਨ, ਕਿਉਕਿ: ਉਹ ਕਿਸਾਨ ਵਿਰੋਧੀ ਹਨ, ਉਨ੍ਹਾਂ ਨੂੰ ਪੂੰਜੀਪਤੀ ਚਲਾਉਦੇ ਹਨ, ਹੰਕਾਰੀ ਹਨ ਜਾਂ ਫਿਰ ਇਨ੍ਹਾਂ ਵਿਚੋਂ ਸਾਰੇ ਸਹੀ ਹਨ।
Rahul Gandhi
ਜ਼ਿਕਰਯੋਗ ਹੈ ਕਿ ਵੱਖ-ਵੱਖ ਰਾਜਾਂ ਦੇ ਕਿਸਾਨ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ’ਤੇ ਪ੍ਰਦਰਸ਼ਨ ਕਰ ਰਹੇ ਹਨ। ਉਹ ਕੇਂਦਰ ਸਰਕਾਰ ਤੋਂ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਦੀ ਗਾਰੰਟੀ ਦੀ ਮੰਗ ਕਰ ਰਹੇ ਹਨ। ਕੇਂਦਰ ਸਰਕਾਰ ਇਨ੍ਹਾਂ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਇਕ ਵੱਡੇ ਸੁਧਾਰ ਵਜੋਂ ਪੇਸ਼ ਕਰ ਰਹੀ ਹੈ, ਉਥੇ ਕਿਸਾਨਾਂ ਨੂੰ ਖ਼ਦਸ਼ਾ ਹੈ ਕਿ ਇਸ ਨਾਲ ਮੰਡੀ ਅਤੇ ਐਮਐਸਪੀ ਦਾ ਸਿਸਟਮ ਖ਼ਤਮ ਹੋ ਜਾਵੇਗਾ।
Rahul Gandhi
ਦੂਜੇ ਪਾਸੇ ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਮੰਗ ਕਰ ਰਹੇ ਹਾਂ ਕਿ ਸਰਕਾਰ ਅਪਣੀ ਜ਼ਿੱਦ ਛੱਡੇ। ਤਿੰਨੋਂ ਕਾਲੇ ਕਾਨੂੰਨ ਖ਼ਤਮ ਕਰੇੇ। ਉਨ੍ਹਾਂ ਨੇ ਦੋਸ਼ ਲਾਇਆ ਕਿ ਕੇਂਦਰ ਅਤੇ ਹਰਿਆਣਾ ਪ੍ਰਦੇਸ਼ ਦੀ ਭਾਜਪਾ ਸਰਕਾਰਾਂ ਜਨਤਾ ਵਿਚਾਲੇ ਵਿਸ਼ਵਾਸ ਗੁਆ ਚੁਕੀਆਂ ਹਨ।