
NSC, ਪੋਸਟ ਆਫਿਸ ਟਰਮ ਡਿਪਾਜ਼ਿਟ ਅਤੇ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮਾਂ ਦੀਆਂ ਵਿਆਜ ਦਰਾਂ 'ਚ ਵਾਧੇ 'ਤੇ ਵੀ 1 ਜਨਵਰੀ ਤੋਂ ਮਿਲੇਗਾ ਹੋਰ ਵਿਆਜ
ਨਵੀਂ ਦਿੱਲੀ: ਛੋਟੇ ਨਿਵੇਸ਼ਕਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੰਦੇ ਹੋਏ ਸਰਕਾਰ ਨੇ 1 ਜਨਵਰੀ ਤੋਂ NSC, ਪੋਸਟ ਆਫਿਸ ਫਿਕਸਡ ਡਿਪਾਜ਼ਿਟ, ਸੀਨੀਅਰ ਸਿਟੀਜ਼ਨ ਸੇਵਿੰਗਸ ਸਕੀਮ 'ਤੇ ਵਿਆਜ ਦਰਾਂ ਵਧਾ ਦਿੱਤੀਆਂ ਹਨ। ਇਸ ਤੋਂ ਬਾਅਦ ਇਨ੍ਹਾਂ ਯੋਜਨਾਵਾਂ 'ਚ ਪੈਸਾ ਲਗਾਉਣ ਵਾਲਿਆਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਰਿਟਰਨ ਮਿਲੇਗਾ। ਹਾਲਾਂਕਿ, ਪਬਲਿਕ ਪ੍ਰੋਵੀਡੈਂਟ ਫੰਡ ਅਤੇ ਗਰਲ ਚਾਈਲਡ ਸੇਵਿੰਗਸ ਸਕੀਮ ਸੁਕੰਨਿਆ ਸਮ੍ਰਿਧੀ 'ਤੇ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਦੱਸ ਦੇਈਏ ਕਿ ਇਸ ਵਾਧੇ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ। ਵਿੱਤ ਮੰਤਰਾਲਾ 2022-23 ਦੀ ਜਨਵਰੀ ਤੋਂ ਮਾਰਚ ਤਿਮਾਹੀ ਲਈ ਛੋਟੀਆਂ ਬਚਤ ਸਕੀਮਾਂ ਦੀਆਂ ਵਿਆਜ ਦਰਾਂ ਦੀ ਸਮੀਖਿਆ ਕਰਨ ਵਾਲਾ ਸੀ। ਇਹ ਕੰਮ ਕਈ ਦਿਨਾਂ ਤੋਂ ਲਟਕ ਰਿਹਾ ਸੀ। ਇਸ ਵਿੱਚ ਵਿਆਜ ਦਰਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਨਿਵੇਸ਼ਕਾਂ ਲਈ ਇੱਕ ਵੱਡੀ ਖਬਰ ਹੈ।
ਨੈਸ਼ਨਲ ਸੇਵਿੰਗ ਸਰਟੀਫਿਕੇਟ 'ਤੇ 1 ਜਨਵਰੀ ਤੋਂ 7 ਫ਼ੀਸਦੀ ਦੀ ਦਰ ਨਾਲ ਵਿਆਜ ਮਿਲੇਗਾ, ਜਦੋਂ ਕਿ ਫਿਲਹਾਲ ਇਹ 6.8 ਫ਼ੀਸਦੀ ਹੈ। ਇਸੇ ਤਰ੍ਹਾਂ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ 'ਤੇ ਫਿਲਹਾਲ 7.6 ਫੀਸਦੀ ਵਿਆਜ ਉਪਲਬਧ ਹੈ, ਜਿਸ 'ਤੇ 8 ਫ਼ੀਸਦੀ ਦੀ ਦਰ ਨਾਲ ਵਿਆਜ ਦਿੱਤਾ ਜਾਵੇਗਾ। ਇਸ ਦੇ ਨਾਲ ਹੀ 1 ਤੋਂ 5 ਸਾਲ ਦੀ ਪੋਸਟ ਆਫਿਸ ਟਰਮ ਡਿਪਾਜ਼ਿਟ ਸਕੀਮਾਂ 'ਤੇ ਵਿਆਜ ਦਰਾਂ 'ਚ 1.1 ਫ਼ੀਸਦੀ ਦਾ ਵਾਧਾ ਹੋਵੇਗਾ। ਮਹੀਨਾਵਾਰ ਆਮਦਨ ਯੋਜਨਾ 'ਤੇ ਵੀ 6.7 ਫ਼ੀਸਦੀ ਤੋਂ ਵਧਾ ਕੇ 7.1 ਫ਼ੀਸਦੀ ਵਿਆਜ ਮਿਲੇਗਾ।