
ਗੁਰਸੇਵਕ ਸਿੰਘ ਨੂੰ ਸਾਜ਼ਸ਼ ਤਹਿਤ ਨਿਸ਼ਾਨਾ ਬਣਾਇਆ ਜਾ ਰਿਹਾ ਹੈ : ਬਿਲਾਸਪੁਰ ਦੀਆਂ ਸਿੱਖ ਜਥੇਬੰਦੀਆਂ
ਬਿਲਾਸਪੁਰ : ਬਿਲਾਸਪੁਰ ’ਚ ਸਿੱਖ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਸੋਮਵਾਰ ਨੂੰ ਇਕ ਪ੍ਰੈਸ ਕਾਨਫਰੰਸ ਕੀਤੀ ਅਤੇ ਪੀਲੀਭੀਤ ਦੇ ਸਿੱਖ ਨੌਜੁਆਨ ਗੁਰਸੇਵਕ ਸਿੰਘ ਵਿਰਕ ਵਿਰੁਧ ਸਾਜ਼ਸ਼ ਹੇਠ ਦਰਜ ਕੇਸ ਅਤੇ ਇਕ ਅਖਬਾਰ ’ਚ ਛਪੀ ਖ਼ਬਰ ਦਾ ਵਿਰੋਧ ਕੀਤਾ। ਇਸ ਰੀਪੋਰਟ ’ਚ ਗੁਰਸੇਵਕ ਸਿੰਘ ’ਤੇ ਖਾਲਿਸਤਾਨੀ ਸਮਰਥਕ ਹੋਣ ਅਤੇ ਹਥਿਆਰ ਲਹਿਰਾਉਣ ਦਾ ਦੋਸ਼ ਲਗਾਇਆ ਗਿਆ ਸੀ। ਸਿੱਖ ਜਥੇਬੰਦੀਆਂ ਨੇ ਇਸ ਰੀਪੋਰਟ ਨੂੰ ਬੇਬੁਨਿਆਦ ਅਤੇ ਝੂਠਾ ਕਰਾਰ ਦਿਤਾ ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ।
ਇਹ ਪ੍ਰੈਸ ਕਾਨਫਰੰਸ ਹਾਈਵੇਅ ’ਤੇ ਇਕ ਹੋਟਲ ਵਿਚ ਹੋਈ, ਜਿੱਥੇ ਤਰਾਈ ਸਿੰਘ ਮਹਾਂਸਭਾ, ਸਿੱਖ ਸੰਗਠਨ ਅਤੇ ਨਾਨਕਮੱਤਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਇਕੱਠੇ ਹੋਏ। ਇਸ ਦੌਰਾਨ ਸੂਬਾ ਪ੍ਰਧਾਨ ਸਲਵਿੰਦਰ ਸਿੰਘ ਕਲਸੀ, ਜਨਰਲ ਸਕੱਤਰ ਜਗੀਰ ਸਿੰਘ ਅਤੇ ਨਾਨਕਮੱਤਾ ਸਾਹਿਬ ਦੇ ਡਾਇਰੈਕਟਰ ਪ੍ਰਿਤਪਾਲ ਸਿੰਘ ਨੇ ਦਸਿਆ ਕਿ 26 ਦਸੰਬਰ ਨੂੰ ਗੁਰਸੇਵਕ ਸਿੰਘ ਵਿਰਕ ਵਾਸੀ ਪੀਲੀਭੀਤ ਵਿਰੁਧ ਆਰਮਜ਼ ਐਕਟ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਸੀ, ਜਿਸ ਵਿਚ ਉਸ ’ਤੇ ਨਾਜਾਇਜ਼ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਅਤੇ ਇਲਾਕੇ ਵਿਚ ਡਰ ਦਾ ਮਾਹੌਲ ਪੈਦਾ ਕਰਨ ਦਾ ਦੋਸ਼ ਲਗਾਇਆ ਗਿਆ ਸੀ।
ਜਥੇਬੰਦੀਆਂ ਨੇ ਕਿਹਾ ਕਿ ਜਿਸ ਫੋਟੋ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਗਿਆ ਸੀ, ਉਸ ’ਚ ਗੁਰਸੇਵਕ ਸਿੰਘ ਭਾਜਪਾ ਆਗੂ ਦੇ ਬਾਡੀਗਾਰਡ ਦੇ ਰੂਪ ’ਚ ਨਜ਼ਰ ਆ ਰਿਹਾ ਹੈ ਅਤੇ ਉਹ ਜੋ ਹਥਿਆਰ ਲਹਿਰਾ ਰਿਹਾ ਹੈ, ਉਹ ਵੀ ਨੇਤਾਜੀ ਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗੁਰਸੇਵਕ ਸਿੰਘ ਨੇ ਪਿਛਲੇ ਚਾਰ ਸਾਲਾਂ ’ਚ ਸੋਸ਼ਲ ਮੀਡੀਆ ’ਤੇ ਕੋਈ ਹਥਿਆਰ ਲਹਿਰਾਉਂਦੇ ਹੋਏ ਕੋਈ ਫੋਟੋ ਸਾਂਝੀ ਨਹੀਂ ਕੀਤੀ ਹੈ।
ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ ਲਾਇਆ ਕਿ ਕੁੱਝ ਪੁਲਿਸ ਮੁਖਬਰ ਸਹੀ ਜਾਣਕਾਰੀ ਨਹੀਂ ਦੇ ਰਹੇ ਹਨ ਅਤੇ ਇਹ ਦੋਸ਼ ਸਿਆਸਤ ਤੋਂ ਪ੍ਰੇਰਿਤ ਹੋ ਸਕਦੇ ਹਨ। ਇਸ ਤੋਂ ਇਲਾਵਾ ਇਕ ਰੋਜ਼ਾਨਾ ਅਖਬਾਰ ਵਿਚ ਪ੍ਰਕਾਸ਼ਿਤ ਇਕ ਰੀਪੋਰਟ ਵਿਚ ਗੁਰਸੇਵਕ ਸਿੰਘ ਨੂੰ ਖਾਲਿਸਤਾਨੀ ਸਮਰਥਕ ਦਸਿਆ ਗਿਆ ਸੀ, ਜਿਸ ਦਾ ਸੰਗਠਨ ਨੇ ਜ਼ੋਰਦਾਰ ਵਿਰੋਧ ਕੀਤਾ ਸੀ।
ਸਿੱਖ ਆਗੂਆਂ ਨੇ ਕਿਹਾ ਕਿ ਗੁਰਸੇਵਕ ਸਿੰਘ ਇਕ ਮੱਧ ਵਰਗੀ ਪਰਵਾਰ ਤੋਂ ਹੈ ਅਤੇ ਉਸ ਨੇ ਕੋਰੋਨਾ ਕਾਲ ਦੌਰਾਨ ਬੇਸਹਾਰਾ ਲੋਕਾਂ ਦੀ ਨਿਰਸਵਾਰਥ ਮਦਦ ਕੀਤੀ ਸੀ, ਜਿਸ ਲਈ ਉਸ ਨੂੰ ਪੀਲੀਭੀਤ ਦੇ ਜ਼ਿਲ੍ਹਾ ਮੈਜਿਸਟਰੇਟ ਪੁਲਕਿਤ ਖਰੇ ਨੇ ਸਨਮਾਨਿਤ ਕੀਤਾ। ਅਜਿਹੇ ਵਿਅਕਤੀ ਨੂੰ ਪਰੇਸ਼ਾਨ ਕਰਨਾ ਪੂਰੀ ਤਰ੍ਹਾਂ ਗਲਤ ਅਤੇ ਨਿੰਦਣਯੋਗ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਉਹ ਛੇਤੀ ਹੀ ਸਿੱਖ ਮੰਤਰੀ ਬਲਦੇਵ ਸਿੰਘ ਔਲਖ ਨੂੰ ਮਿਲਣਗੇ ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਅਤੇ ਦੋਸ਼ੀਆਂ ਵਿਰੁਧ ਕਾਰਵਾਈ ਦੀ ਮੰਗ ਕਰਨਗੇ। ਇਸ ਮੌਕੇ ਪਲਵਿੰਦਰ ਸਿੰਘ, ਗੁਰਮੁਖ ਸਿੰਘ, ਨਿਰਮਲ ਸਿੰਘ, ਸੰਤਵੰਤ ਸਿੰਘ, ਸੰਤੋਖ ਸਿੰਘ ਰੰਧਾਵਾ, ਫਤਿਹਜੀਤ ਸਿੰਘ, ਦਵਿੰਦਰ ਸਿੰਘ ਵਿਰਕ, ਕੁਲਵੰਤ ਸਿੰਘ, ਲਖਵਿੰਦਰ ਸਿੰਘ ਵਿਰਕ, ਗੁਰਸੇਵਕ ਸਿੰਘ, ਚਰਨਜੀਤ ਸਿੰਘ, ਪ੍ਰਭਜੀਤ ਸਿੰਘ, ਸੂਰਤ ਸਿੰਘ, ਅਮਨਦੀਪ ਸਿੰਘ ਆਦਿ ਹਾਜ਼ਰ ਸਨ।