ਦਸ ਨੂੰ ਅਸਾਮ ਅਤੇ ਇਕ ਨੂੰ ਤ੍ਰਿਪੁਰਾ ਤੋਂ ਗ੍ਰਿਫਤਾਰ ਕੀਤਾ ਗਿਆ
ਗੁਹਾਟੀ : ਉੱਤਰ-ਪੂਰਬ ਨੂੰ ਅਸਥਿਰ ਕਰਨ ਦੇ ਉਦੇਸ਼ ਨਾਲ ਬੰਗਲਾਦੇਸ਼ ਸਥਿਤ ਕੱਟੜਪੰਥੀ ਸਮੂਹਾਂ ਨਾਲ ਕਥਿਤ ਸਬੰਧਾਂ ਦੇ ਦੋਸ਼ ’ਚ ਅਸਾਮ ਅਤੇ ਤ੍ਰਿਪੁਰਾ ’ਚ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗੁਹਾਟੀ ਦੇ ਪੁਲਿਸ ਕਮਿਸ਼ਨਰ ਪਾਰਥਸਾਰਥੀ ਮਹੰਤ ਨੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਸ਼ੇਸ਼ ਟਾਸਕ ਫੋਰਸ (ਐਸ.ਟੀ.ਐਫ.) ਨੇ ਕੇਂਦਰੀ ਏਜੰਸੀਆਂ ਵਲੋਂ ਦਿਤੀ ਗਈ ਖੁਫੀਆ ਜਾਣਕਾਰੀ ਦੇ ਆਧਾਰ ਉਤੇ ਇਹ ਗ੍ਰਿਫਤਾਰੀ ਕੀਤੀ ਹੈ।
ਉਨ੍ਹਾਂ ਕਿਹਾ, ‘‘ਤ੍ਰਿਪੁਰਾ ਦੇ ਨਾਲ-ਨਾਲ ਅਸਾਮ ਦੇ ਬਾਰਪੇਟਾ, ਚਿਰੰਗ, ਬਕਸਾ ਅਤੇ ਦਾਰੰਗ ਜ਼ਿਲ੍ਹਿਆਂ ’ਚ ਬੀਤੀ ਰਾਤ ਕਾਰਵਾਈ ਕੀਤੀ ਗਈ। ਅਸੀਂ ਕੁਲ 11 ਜੇਹਾਦੀ ਅਨਸਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਬੰਗਲਾਦੇਸ਼ ਸਥਿਤ ਸਮੂਹਾਂ ਦੇ ਸਿੱਧੇ ਹੁਕਮਾਂ ਤਹਿਤ ਕੰਮ ਕਰ ਰਹੇ ਸਨ।’’ ਉਨ੍ਹਾਂ ਨੇ ਦਸਿਆ ਕਿ ਗ੍ਰਿਫਤਾਰ ਕੀਤੇ ਗਏ ਲੋਕ ਇਮਾਮ ਮਹਿਮੂਦਰ ਕਾਫਿਲਾ (ਆਈ.ਐਮ.ਕੇ.) ਮਾਡਿਊਲ ਦੇ ਮੈਂਬਰ ਸਨ। ਉਨ੍ਹਾਂ ਵਿਚੋਂ ਦਸ ਨੂੰ ਅਸਾਮ ਅਤੇ ਇਕ ਨੂੰ ਤ੍ਰਿਪੁਰਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਦਸਿਆ ਕਿ ਆਸਾਮ ਤੋਂ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਪਛਾਣ ਨਸੀਮ ਉਦਦੀਨ ਉਰਫ ਨਜੀਮੂਦੀਨ ਉਰਫ ਤਮੀਮ (24), ਜੁਨਾਬ ਅਲੀ (38), ਅਫਰਾਹਿਮ ਹੁਸੈਨ (24), ਮਿਜ਼ਾਨੁਰ ਰਹਿਮਾਨ (46), ਸੁਲਤਾਨ ਮਹਿਮੂਦ (40), ਮੁਹੰਮਦ ਸਿੱਦੀਕ ਅਲੀ (46), ਰਸੀਦੁਲ ਆਲਮ (28), ਮਾਹੀਬੁਲ ਖਾਨ (25), ਸ਼ਾਰੂਕ ਹੁਸੈਨ (22) ਅਤੇ ਮੁਹੰਮਦ ਦਿਲਬਰ ਰਜ਼ਾਕ (26) ਵਜੋਂ ਹੋਈ ਹੈ। ਉਨ੍ਹਾਂ ਦਸਿਆ ਕਿ ਜਗੀਰ ਮੀਆ (33) ਨੂੰ ਤ੍ਰਿਪੁਰਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
