
3 ਤੋਂ 5 ਫਰਵਰੀ ਤੱਕ ਸੂਬੇ ਦੇ ਹਰ ਬਲਾਕ ‘ਚ ਸ਼ਾਂਤੀ ਮਾਰਚ ਦਾ ਆਯੋਜਨ ਕਰੇਗੀ ਹਰਿਆਣਾ ਕਾਂਗਰਸ
ਚੰਡੀਗੜ੍ਹ: ਦਿੱਲੀ ਬਾਰਡਰ ‘ਤੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਦੋ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਕਿਸਾਨਾਂ ਦੇ ਸਮਰਥਨ ਵਿਚ ਕਈ ਸਿਆਸੀ ਪਾਰਟੀਆਂ ਵੀ ਨਿੱਤਰ ਰਹੀਆਂ ਹਨ। ਇਸ ਦੌਰਾਨ ਹਰਿਆਣਾ ਵਿਚ ਰਾਜ ਕਾਂਗਰਸ ਕਮੇਟੀ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਸ਼ਨੀਵਾਰ ਨੂੰ ਕਿਹਾ ਕਿ ਹਰਿਆਣਾ ਕਾਂਗਰਸ 3 ਤੋਂ 5 ਫਰਵਰੀ ਤੱਕ ਸੂਬੇ ਦੇ ਹਰ ਬਲਾਕ ਵਿਚ ਕਿਸਾਨਾਂ ਦੇ ਸਮਰਥਨ ‘ਚ ਸ਼ਾਂਤੀ ਮਾਰਚ ਦਾ ਅਯੋਜਨ ਕਰੇਗੀ।
Farmers Protest
ਕੁਮਾਰੀ ਸ਼ੈਲਜਾ ਨੇ ਕਿਹਾ, ‘ਸੂਬੇ ਵਿਚ ਭਾਈਚਾਰਾ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਹਰਿਆਣਾ ਕਾਂਗਰਸ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਮਰਥਨ ਵਿਚ 3 ਤੋਂ 5 ਫਰਵਰੀ ਤੱਕ ਸੂਬੇ ਦੇ ਹਰ ਬਲਾਕ ਵਿਚ ਸਾਂਤੀ ਮਾਰਚ ਦਾ ਆਯੋਜਨ ਕਰੇਗੀ’। ਕੁਮਾਰੀ ਸ਼ੈਲਜਾ ਨੇ ਕਿਹਾ ਹੈ ਕਿ ਜੋ ਕੁੱਝ ਦਿੱਲੀ ’ਚ ਵਾਪਰ ਰਿਹਾ ਹੈ, ਉਸ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ ਅਤੇ ਉਹ ਜਵਾਬਦੇਹੀ ਤੋਂ ਭੱਜ ਨਹੀਂ ਸਕਦੀ।
Selja Kumari
ਪ੍ਰੈੱਸ ਕਾਨਫ਼ਰੰਸ ਦੌਰਾਨ ਸ਼ੈਲਜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤਾਨਾਸ਼ਾਹ ਬਣ ਚੁੱਕੇ ਹਨ। ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਸ਼ਾਂਤਮਈ ਅੰਦੋਲਨ ਕਰ ਰਹੇ ਹਨ ਅਤੇ ਇਹ ਅੰਦੋਲਨ ਵੀ ਤਿੰਨ ਕਾਲੇ ਖੇਤੀ ਕਾਨੂੰਨਾਂ ਦੀ ਉਪਜ ਹੈ ਤੇ ਹੁਣ ਅੰਦੋਲਨ ਨੂੰ ਦਬਾਉਣ ਲਈ ਮੋਦੀ ਸਰਕਾਰ ਤਰ੍ਹਾਂ-ਤਰ੍ਹਾਂ ਦੇ ਹਥਕੰਡੇ ਅਪਣਾ ਰਹੀ ਹੈ ਅਤੇ ਅਪਣੇ ਬੰਦਿਆਂ ਰਾਹੀਂ ਕੋਝੀਆਂ ਚਾਲਾਂ ਚਲ ਰਹੀ ਹੈ।
Pm Modi
ਸ਼ੈਲਜਾ ਨੇ ਸਵਾਲ ਕੀਤਾ ਕਿ ਜੇਕਰ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਅੰਦੋਲਨ ’ਚ ਵੱਖਵਾਦੀ ਸ਼ਾਮਲ ਹਨ ਤਾਂ ਖੂਫ਼ੀਆਂ ਏਜੰਸੀਆਂ ਕੀ ਕਰ ਰਹੀਆਂ ਸੀ ਅਤੇ ਸਮਾਂ ਰਹਿੰਦੇ ਕਾਰਵਾਈ ਕਿਉਂ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਇਹ ਸਾਰਾ ਕੁੱਝ ਸਰਕਾਰ ਆਪ ਕਰਵਾ ਰਹੀ ਹੈ ਤੇ ਲਾਲ ਕਿਲ੍ਹੇ ’ਤੇ ਕਾਰਵਾਈ ਪਾਉਣ ਵਾਲਿਆਂ ਦੀ ਸ਼ਨਾਖ਼ਤ ਅਜਿਹੇ ਵਿਅਕਤੀ ਦੀਪ ਸਿੱਧੂ ਵਜੋਂ ਹੋਈ ਹੈ ਜਿਸ ਦੀ ਤਸਵੀਰ ਖ਼ੁਦ ਮੋਦੀ ਨਾਲ ਹੈ ਤੇ ਕਿਸੇ ਆਮ ਵਿਅਕਤੀ ਦੀ ਇੰਨੀ ਪਹੁੰਚ ਨਹੀਂ ਕਿ ਉਹ ਪ੍ਰਧਾਨ ਮੰਤਰੀ ਨਾਲ ਤਸਵੀਰ ਖਿਚਵਾ ਸਕੇ।
Farmers Protest
ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਅਜੇ ਤਕ ਦੀਪ ਸਿੱਧੂ ਬਾਰੇ ਕੁੱਝ ਨਹੀਂ ਦਸ ਸਕੀ, ਸਗੋਂ ਕਿਸਾਨਾਂ ’ਤੇ ਝੂਠੇ ਮਾਮਲੇ ਦਰਜ ਕਰ ਦਿਤੇ। ਸ਼ੈਲਜਾ ਨੇ ਕਿਹਾ ਕਿ ਭਾਜਪਾ ਸਰਕਾਰ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ ਤੇ ਘਟੀਆ ਹਰਕਤਾਂ ਰਾਹੀਂ ਸਮਾਜ ਵਿਚ ਪਾੜਾ ਪਾਉਣ ’ਤੇ ਉਤਾਰੂ ਹੋ ਗਈ ਹੈ ਪਰ ਲੋਕ ਹੁਣ ਸਾਰਾ ਕੁੱਝ ਸਮਝ ਚੁੱਕੇ ਹਨ ਤੇ ਸਮਾਜਕ ਸਦਭਾਵਨਾ ਨੂੰ ਆਂਚ ਨਹੀਂ ਆ ਸਕਦੀ।