ਬੋਧੀ ਭਿਖਸ਼ੂਆਂ ਦੇ ਹਥੌੜੇ ਛੈਣੀਆਂ ਕਈ ਸਦੀਆਂ ਤਕ ਪੱਥਰ ਤਰਾਸ਼ਦੇ ਰਹੇ, ਬਣੀਆਂ ਗੁਫ਼ਾਵਾਂ
Published : Jan 31, 2021, 7:53 am IST
Updated : Jan 31, 2021, 7:53 am IST
SHARE ARTICLE
Caves
Caves

ਸ੍ਰੀ ਅਨੰਦਪੁਰ ਸਾਹਿਬ ਦਾ ਲੋਹਗੜ੍ਹ ਕਿਲ੍ਹਾ ਇਤਿਹਾਸਕ ਮਹੱਤਤਾ ਰਖਦਾ ਹੈ।

ਨਵੀਂ ਦਿੱਲੀ: ਸੰਸਾਰ ਨੂੰ ਬੁੱਧ ਮਤ ਦਾ ਅਦੁਤੀ ਫ਼ਲਸਫ਼ਾ ਦੇਣ ਵਾਲੇ ਬਿਹਾਰ ਸੂਬੇ ਦੇ ਮਾਣਮੱਤੇ ਇਤਿਹਾਸ ਵਿਚ ਚੰਦਰ ਗੁਪਤ ਮੌਰੀਆ, ਚੰਦਰ ਗੁਪਤ ਵਿ¬ਕ੍ਰਮਾਦਿਤਿਆ, ਬਿੰਬੀਸਾਰ, ਅਜਾਤਸ਼ਤਰੂ ਅਤੇ ਮਹਾਨ ਅਸ਼ੋਕ ਆਦਿ ਪਰਜਾ ਪਾਲਕ ਸ਼ਾਸਕਾਂ ਦੀ ਨਿਵੇਕਲੀ ਥਾਂ ਹੈ। ਇਸ ਪਾਵਨ ਧਰਤੀ ’ਤੇ ਹੀ ਨਾਨਕ ਪਾਤਸ਼ਾਹ, ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਰਨ ਪਾਏ ਅਤੇ ਸਿੱਖ ਪੰਥ ਦੇ ਬਾਨੀ ਦਸਮੇਸ਼ ਜੀ ਨੇ ਅਵਤਾਰ ਧਾਰਿਆ। ਬੋਧੀ ਸਾਹਿਤ ਟੀਘ ਨਿਕਾਏ, ਅਗੁੰਤਰ ਨਿਕਾਏ ਅਤੇ ਮੰਝਿਮ ਨਿਕਾਏ ’ਚ ਬੋਧੀ ਮਠ, ਸਤੂਪ, ਚੇਤਿਆ ਤੋਂ ਛੁੱਟ ਗੁਫ਼ਾਵਾਂ ਦਾ ਹਵਾਲਾ ਥਾਂ-ਥਾਂ ’ਤੇ ਆਉਂਦਾ ਹੈ ਕਿਉਂਕਿ ਅਡੰਬਰੀ, ਕਰਮਕਾਂਡੀ ਸ਼ਹਿਰੀ ਲੋਕਾਂ ਦੇ ਰਹਿਣ ਸਹਿਣ ਤੋਂ ਉਲਟ ਬੋਧੀ ਭਿਖਸ਼ੂ ਆਮ ਤੌਰ ’ਤੇ ਇਕਾਂਤਵਾਸ (ਪਹਾੜੀ ਖ਼ਿੱਤੇ) ਵਿਚ ਰਹਿੰਦੇ ਸਨ। ਇਹ ਭਿਖਸ਼ੂ ਵਿਹਲੜ ਨਾ ਰਹਿ ਕੇ ਕਿਸੇ ਨਾ ਕਿਸੇ ਕੰਮਕਾਰ ਵਿਚ ਰੁਝੇ ਰਹਿਣ ਨੂੰ ਤਰਜੀਹ ਦਿੰਦੇ ਸਨ, ਜਿਸ ਦੇ ਨਤੀਜੇ ਵਜੋਂ ਕੋਈ ਨਾ ਕੋਈ ਨਵੀਂ ਕਾਢ ਸਾਹਮਣੇ ਆਉਂਦੀ ਰਹੀ। ਅਜੰਤਾ-ਅਲੋਰਾ ਦੀਆਂ ਜਗਤ ਪ੍ਰਸਿਧ ਗੁਫ਼ਾਵਾਂ, ਬੋਧੀ ਭਿਖਸ਼ੂਆਂ ਦੀ ਦੇਣ ਤੋਂ ਕੌਣ ਮੁਨਕਰ ਹੋ ਸਕਦਾ ਹੈ?

Barabar CavesBarabar Caves

ਮਗਲਾਂ ਦੇ ਸਮੇਂ ਦੇ ਸ਼ਾਸਕਾਂ, ਵਿਸ਼ੇਸ਼ ਕਰ ਕੇ ਬਿੰਬੀਸਾਰ ਜਾਂ ਬਿੰਦੂਸਾਰ (293-268 ਈ.ਪੂ.) ਅਤੇ ਅਜਾਤ ਸ਼ਤਰੂ ਨੇ ਰਾਜਗੀਰ ਦੀ ਸੁਰੱਖਿਆ ਲਈ ਚਾਰ ਦੀਵਾਰੀ ਦਾ ਨਿਰਮਾਣ ਕਰਵਾਇਆ। ਚੀਨੀ ਬੋਧ ਭਿਖਸ਼ੂ ਯਾਤਰੀ ਫ਼ਾਹਿਯਾਨ (ਯਾਤਰਾ ਸਮੇਂ 399-414 ਈ.) ਅਤੇ ਹਿਊਨਸਾਂਗ (ਯਾਤਰਾ ਸਮਾਂ 629-645 ਈ.) ਨੇ ਚਾਰ ਸ਼ੂਗ-ਸ਼ਾਂਗ ਕਾਲ ਦੀ 1800 ਮੀਲ ਲੰਮੀ ਮਹਾਨ ਦੀਵਾਰ ਤੋਂ ਵੀ ਵੱਧ ਪ੍ਰਭਾਵਸ਼ਾਲੀ ਦਿਖ ਵਾਲੀ ਦੀਵਾਰ ਕਿਹਾ ਸੀ। ਉਪਰੋਕਤ ਸ਼ਾਸਕਾਂ ਦੇ ਸਮੇਂ ਰਾਜਗੀਰ, ਗਯਾ, ਨਾਲੰਦਾ, ਵੈਸ਼ਾਲੀ ਆਦਿ ਵਿਚ ਅਨੇਕਾਂ ਗੁਫ਼ਾਵਾਂ ਹੋਂਦ ਵਿਚ ਆਈਆਂ। ਇਨ੍ਹਾਂ ਵਿਚੋਂ ਰਾਜਗੀਰ ਦੀ ਸਪੱਤਾਪ੍ਰਣੀ ਗੁਫ਼ਾ ਇਕ ਸੀ, ਜਿਥੇ ਬੁੱਧ ਦੇ ਮਹਾਂਪਰੀਨਿਰਵਾਨ (486 ਈ.ਪੂ.) ਤੋਂ ਬਾਅਦ ਬੋਧੀ ਸੰਘ ਨੇ ਪਹਿਲੀ ਮਹਾਂ ਸਭਾ ਬੁਲਾਈ ਸੀ। ਹਿਊਨਸਾਂਗ ਨੇ ਰਾਜਗੀਰ ਦੀਆਂ ਪਿਪਲਾਂ ਅਤੇ ਇੰਦਰਮਾਲਾ ਨਾਂ ਦੀਆਂ ਗੁਫ਼ਾਵਾਂ ਦਾ ਜ਼ਿਕਰ ਵੀ ਸੀ- ਯੂ-ਕੀ ਵਿਚ ਕੀਤਾ ਹੈ।

ਮਹਾਨ ਅਸ਼ੋਕ (268-232 ਈ. ਪੂ.) ਨੇ ਅਪਣੀ ਪੁੱਤਰੀ ਅਤੇ ਪੁੱਤਰ ਨੂੰ ਬੁੱਧ ਮਤ ਦੇ ਪ੍ਰਚਾਰ ਲਈ ਦੇਸ਼ਾਂ ਵਿਦੇਸ਼ਾਂ ਵਿਚ ਭੇਜਿਆ, ਨਾਲ ਹੀ ਬੋਧੀ ਮੱਠ, ਸਤੂਪ, ਚੈਤਿਆ ਬਣਵਾਏ, ਸ਼ਿਲਾਲੇਖ ਸਥਾਪਤ ਕੀਤੇ। ਇਸ ਕਾਲ ਦੀਆਂ ਅਜੀਬੋ-ਗ਼ਰੀਬ ਗੁਫ਼ਾ ਤਰਾਸ਼ਣ ਦੀ ਲੜੀ ਹੇਠ ਬਿਹਾਰ ਦੇ ਜਹਾਨਾਬਾਦ ਜ਼ਿਲ੍ਹੇ ਦੀਆਂ ਸੱਤ ਗੁਫ਼ਾਵਾਂ ਦਾ ਬੁੱਧਮਤ ’ਚ ਵਿਸ਼ੇਸ਼ ਸਥਾਨ ਹੈ। ਨਾਲੰਦਾ ਬੋਧੀ ਮਹਾਂਵਿਹਾਰ ’ਚ ਪੜ੍ਹੇ ਦੇਸ਼-ਵਿਦੇਸ਼ ਦੇ ਬੋਧੀ ਭਿਖਸ਼ੂਆਂ ਦੁਆਰਾ ਇਨ੍ਹਾਂ ਤਰਾਸ਼ੀਆਂ ਗਈਆਂ ਗੁਫ਼ਾਵਾਂ ਨੂੰ ਗ਼ੈਰ ਬੋਧੀ (ਅਜੀਵਕ ਫ਼ਿਰਕੇ) ਨੂੰ ਭੇਂਟ ਕਰਨਾ ਅਸ਼ੋਕ ਦੀ ਧਰਮ ਨਿਰਪੇਖ ਨੀਤੀ ਦਾ ਸਬੂਤ ਇਤਿਹਾਸ ਵਿਚ ਦਰਜ ਤਾਂ ਹੈ ਹੀ ਅਤੇ ਨਾਲ ਹੀ ਅੱਜ ਦੇ ਲੋਕਰਾਜੀ ਹੱਕਮਾਰ (ਲੋਟੂ) ਲੀਡਰਾਂ ਦੇ ਮੂੰਹ ’ਤੇ ਵੱਜੀ ਚਪੇੜ ਵੀ ਹੈ। ਦੂਜੇ ਪਾਸੇ ਕਾਰ ਸੇਵਾ ਦੇ ਨਾਂ ’ਤੇ ਪੁਰਾਤਨ ਵਿਰਾਸਤਾਂ ਨੂੰ ਪੱਥਰਾਂ ਦੀ ਚਮਕ ਥੱਲੇ ਦਬਾਉਣ ਵਾਲੇ ਸਾਧਾਂ ਨੂੰ ਨਸੀਹਤ ਵੀ ਹੈ ਕਿ ਨਵੀਂ ਪੀੜ੍ਹੀ ਨੂੰ ਮਾਣਮੱਤੇ ਇਤਿਹਾਸ ਤੋਂ ਵਾਂਝਿਆਂ ਨਾ ਕਰੋ। ਕਿਹਾ ਜਾਂਦਾ ਹੈ ਕਿ ਰਾਜਗੀਰ ਤੋਂ ਵੈਸ਼ਾਲੀ ਜਾਂਦੇ ਹੋਏ ਬੁੱਧ ਜਿਸ ਪਹਾੜੀ ਖ਼ਿੱਤੇ ਵਿਚ ਠਹਿਰੇ ਸਨ, ਉਸ ਨੂੰ ਬਰਾਬਰ ਦਾ ਖ਼ਿੱਤਾ ਜਾਂ ਸਭਨਾਂ ਦਾ ਸਾਂਝਾ ਅਸਥਾਨ ਕਿਹਾ ਗਿਆ।

ਲਗਭਗ ਪੰਦਰਾਂ ਮੀਲ ਘੇਰੇ ਦਾ ਇਹੀ ਅਸਥਾਨ ਸੱਤ ਪਹਾੜੀਆਂ ਨਾਲ ਸੁਸ਼ੋਭਿਤ ਅਤੇ ਸੱਤ ਹੀ ਬਰਾਬਰ ਦੀਆਂ ਗੁਫ਼ਾਵਾਂ ਵੀ ਸ਼ੁਭਾਏਮਾਨ ਹਨ। ਬੁੱਧ ਤੋਂ ਕੋਈ ਢਾਈ ਸਦੀਆਂ ਬਾਅਦ ਆਏ ਜ਼ਬਰਦਸਤ ਭੂਚਾਲ ਨੇ ਇਨ੍ਹਾਂ ਅਸਮਾਨ ਨਾਲ ਜਫ਼ੀਆਂ ਪਾ ਰਹੀਆਂ ਪਹਾੜੀਆਂ ਨੂੰ ਅਜਿਹਾ ਨੇਸਤੋ-ਨਾਬੂਦ ਕੀਤਾ ਕਿ ਹਜ਼ਾਰਾਂ ਟਨ ਵਜ਼ਨ ਵਾਲੇ ਹਜ਼ਾਰਾਂ ਪੱਥਰ ਇਧਰ ਉਧਰ ਖਿਲਰੇ ਅਜਬ ਨਜ਼ਾਰਾ ਪੇਸ਼ ਕਰਦੇ ਹਨ। ਬਿਹਾਰ ਵਿਚ ਅਕਸਰ ਭੂਚਾਲ ਤਬਾਹੀ ਮਚਾਉਂਦੇ ਆਏ ਹਨ। ਪਾਟਲੀ ਪੁੱਤਰ (ਅੱਜ ਦਾ ਪਟਨਾ), ਵੈਸ਼ਾਲੀ, ਮੋਤੀਹਾਰੀ, ਗਯਾ, ਸੀਤਾਮੜ੍ਹੀ ਆਦਿ ਖ਼ਿੱਤੇ ਭੂਚਾਲ ਦਾ ਕੇਂਦਰ ਰਹੇ ਹਨ। ਈਸਾ ਪੂਰਵ ਛੇਵੀਂ, ਚੌਥੀ ਅਤੇ ਤੀਜੀ ਸਦੀ ਦੇ ਭੂਚਾਲ ਬੜੇ ਮਾਰੂ ਸਨ। ਫ਼ਾਹਿਯਾਨ ਅਨੁਸਾਰ ਈਸਾ ਪੂਰਵ ਡੇਢ ਸਦੀ ਭੂਚਾਲ ਵਿਚ ਪਾਟਲੀ ਪੁੱਤਰ ਸਥਿਤ ਅਸ਼ੋਕ ਦਾ ਰਾਜ ਮਹਿਲ (ਕਿਲ੍ਹਾ) ਖੰਡਰ ਵਿਚ ਤਬਦੀਲ ਹੋ ਗਿਆ ਜੋ ਉਸ ਨੇ ਆਪ ਅੱਖੀਂ ਡਿੱਠਾ ਸੀ। ਗੰਗਾ ਕਿਨਾਰੇ ਇਹ ਖੰਡਰ ਅੱਜ ਵੀ ਵੇਖੇ ਜਾ ਸਕਦੇ ਹਨ। ਅਸ਼ੋਕ ਕਾਲ ਵਿਚ ਬੋਧੀ ਭਿਖਸ਼ੂਆਂ ਦੁਆਰਾ ਪੱਥਰ ਤਰਾਸ਼ਣ ਦਾ ਕੰਮ ਸ਼ੁਰੂ ਹੋਇਆ। ਇਹ ਸਿਲਸਿਲਾ ਉਸ ਦੇ ਪੜਪੋਤੇ ਦਰਸ਼ਰਥ ਦੇ ਸਮੇਂ ਨੇਪਰੇ ਚੜਿ੍ਹਆ।

ਪਰੰਤੂ ਗੁਫ਼ਾਵਾਂ ਦੀ ਚਮਕ-ਦਮਕ ਦਾ ਕੰਮ ਭਿਖਸ਼ੂ ਨਿਜੀ ਤੌਰ ’ਤੇ ਸਦੀਆਂ ਬਾਅਦ (ਸ਼ੁੰਗ ਵੰਸ਼ 180-65 ਈ.ਪੂ.) ਵੀ ਕਰਦੇ ਰਹੇ। ਗੁਫ਼ਾ ਨੰਬਰ ਇਕ ਦਾ ਪੱਥਰ ਲਗਭਗ ਦੋ ਲੱਖ ਟਨ ਵਜ਼ਨ ਦਾ ਹੈ ਜਿਸ ਦੀ ਲੰਬਾਈ ਤਿੰਨ ਸੌ ਫੁੱਟ, ਅੱਧ ਵਿਚਾਲੇ ਹਿੱਸੇ ਦੀ ਚੌੜਾਈ 80 ਫੁੱਟ, ਜਦੋਂ ਕਿ ਸਿਰੇ ਕੇਵਲ ਢਾਈ ਫੁੱਟ ਹਨ। ਲਾਲ, ਪੀਲੇ, ਕਾਲੇ ਸਫ਼ੈਦ ਭਾਅ ਮਾਰਦੇ ਗਰੇਨਾਈਟ ਪੱਥਰਾਂ ਦੀਆਂ ਚਮਕਦਾਰ ਗੁਫ਼ਾਵਾਂ ਦੇ ਨਾਂ ਹਨ ਨਾਗਾ ਅਰਜੁਨ ਗੁਫ਼ਾ, ਲਾਮਾ ਸ੍ਰੀ ਗੁਫ਼ਾ, ਵਿਸ਼ਵ ਝੌਂਪੜ ਗੁਫ਼ਾ, ਸੁਦਾਮਾ ਗੁਫ਼ਾ, ਗੋਪੀ (ਪਹਿਲਾ ਨਾਂ ਗੁਪਤ) ਗੁਫ਼ਾ, ਬਹਾਇਕ ਜਾਂ ਬੋਧੀ ਗੁਫ਼ਾ, ਵਿਦਾਨਿਕ ਜਾਂ ਕਰਨ ਚੌਪਾਰ ਗੁਫ਼ਾ। ਨਾਗਾ ਅਰਜੁਨ ਗੁਫ਼ਾ ਦਾ ਸ਼ਿਲਾਲੇਖ ਬ੍ਰਹਮੀ ਲਿਪੀ ’ਚ ਉਕਰਿਆ ਹੋਇਆ ਹੈ। ਇਸ ਸ਼ੇ੍ਰਣੀ ਦੀਆਂ ਸਾਰੀਆਂ ਗੁਫ਼ਾਵਾਂ ਚਮਕਦਾਰ ਹੋਣ ਦੇ ਬਾਵਜੂਦ ਸਾਦਗੀ ਦੀਆਂ ਜ਼ਿੰਦਾ ਮਿਸਾਲ ਵੀ ਹਨ। ਸੈਂਕੜੇ ਸਦੀਆਂ ਬੀਤਣ ਤੇ ਵੀ ਇਨ੍ਹਾਂ ਦੀ ਦਿਖ ਨੂੰ ਰਤੀ ਜਿੰਨਾ ਵੀ ਨੁਕਸਾਨ ਨਹੀਂ ਪਹੁੰਚਿਆ। ਕਰਨ ਚੌਪਾਰ ਗੁਫ਼ਾ ਜੋ ਕਿ ਹਵੇਲ ਮੱਛੀ ਦੇ ਆਕਾਰ ਦੀ ਹੈ। ਇਸ ਦੀ ਲੰਬਾਈ 33 ਫੁਟ ਸਾਢੇ ਛੇ ਇੰਚ, ਕੰਧਾਂ ਦੀ ਉਚਾਈ 6 ਫੁੱਟ 11 ਇੰਚ, ਵਿਚਕਾਰੋਂ ਉੱਚਾਈ 10 ਫੁੱਟ, ਨਿਰਮਾਣ ਕਾਲ 245 ਈਸਾ ਪੂਰਵ, ਭਾਵ ਕਿ ਅਸ਼ੋਕ ਕਾਲ ਦਾ ਆਖਰੀ ਸਮਾਂ। ਇਸ ਦਾ ਸ਼ਿਲਾਲੇਖ ਵੀ ਬ੍ਰਹਮੀ ਲਿਪੀ ਦਾ ਹੈ, ਜਿਸ ਦੇ ਸ਼ਬਦ ਹਨ ‘ਬੁੱਧੀ ਮੂਲ (ਸਿਆਣਪ ਵਰਤੋ), ਮੁਕਤੀ (ਭੈੜੇ ਕੰਮਾਂ ਤੋਂ ਪਰਹੇਜ਼), ਲਜਿਨਾ (ਰਾਜਾ ਅਸ਼ੋਕ), ਚੰਚਲਾ (ਕਲੇਸ਼ ਕਟਣਾ)’ ਆਦਿ। ਚੀਨੀ ਭਿਖਸ਼ੂ ਯਾਤਰੀਆਂ ਫਾਹਿਯਾਨ, ਹਿਊਨਸਾਂਗ, ਇਤਸਿੰਗ, ਤਿੱਬਤੀ ਤਾਰਾਚੰਦ ਅਤੇ ਭਾਰਤੀ ਰਾਹੁਲ ਸਾਸਕ੍ਰਿਤਯਾਨ ਨੇ ਬੋਧੀ ਕਲਾਕਾਰਾਂ ਦੀ ਕਲਾ ਨੂੰ ਸਲਾਮ ਕਰਦੇ ਹੋਏ ਕਿਹਾ ਸੀ, ‘‘ਬੋਧੀ ਕਲਾਕਾਰਾਂ ਦੇ ਹਥੌੜਿਆਂ ਅਤੇ ਛੈਣੀਆਂ ਨੇ ਕੁਦਰਤ ਨੂੰ ਇਸ ਅਸਥਾਨ ’ਤੇ ਬੰਨ੍ਹ ਕੇ ਬਿਠਾ ਦਿਤਾ ਹੈ ਕਿ ਉਹ ਇਥੋਂ ਜਾਣ ਦਾ ਨਾਂ ਹੀ ਨਹੀਂ ਲੈ ਰਹੀ।’’

ਜਿਵੇਂ ਪਹਿਲਾਂ ਵੀ ਉਲੇਖ ਹੋਇਆ ਹੈ ਕਿ ਬੁੱਧ ਤੋਂ ਢਾਈ ਸਦੀਆਂ ਪਿਛੋਂ ਆਏ ਭੂਚਾਲ ਨੇ ਇਨ੍ਹਾਂ ਪਹਾੜੀਆਂ ਨੂੰ ਤਹਿਸ ਨਹਿਸ ਕਰ ਦਿਤਾ ਸੀ। ਇਧਰ ਉਧਰ ਖਿਲਰੇ ਅਤੇ ਇਕ ਦੂਜੇ ਉਤੇ ਟਿਕੇ ਹਜ਼ਾਰਾਂ ਟਨ ਵਜ਼ਨ ਵਾਲੇ ਪੱਥਰ ਇੰਝ ਪ੍ਰਤੀਤ ਹੁੰਦੇ ਹਨ ਜਿਵੇਂ ਛੋਟੇ ਬੱਚਿਆਂ ਨੇ ਖੇਡਣ ਤੋਂ ਬਾਅਦ ਅਪਣੇ ਖਿਡੌਣੇ ਖਿਲਾਰ ਦਿਤੇ ਹੋਣ। ਇਸ ਵਾਪਰੀ ਕੁਦਰਤੀ ਤਬਾਹੀ ਦੇ ਬਾਵਜੂਦ ਵੀ ਨਾਗਾ ਅਰਜੁਨ ਗੁਫ਼ਾ ਤੋਂ ਸੌ ਕੁ ਗਜ਼ ਦੂਰ ਬੁੱਧ ਸਿਧ ਜਿਸ ਨੂੰ ਬਾਅਦ ਵਿਚ ਸਿਧ ਨਾਥ ਦਾ ਨਾਂ ਦਿਤਾ ਗਿਆ ਅਤੇ ਸਿਧ ਨਾਥ ਮੰਦਰ ਦਾ ਨਿਰਮਾਣ ਹੋਇਆ, ਉਸ ਗੁਫ਼ਾ ਵਾਲੀ ਪਹਾੜੀ ਦੀ ਚੋਟੀ ਅਸਮਾਨ ਨਾਲ ਗੱਲਾਂ ਕਰਦੀ ਪ੍ਰਤੀਤ ਹੁੰਦੀ ਹੈ। ਇਸ ਦੀ ਉੱਚਾਈ ਦਾ ਅੰਦਾਜ਼ਾ ਇਸ ਦੀਆਂ 1200 ਪੌੜੀਆਂ ਤੋਂ ਲਗਾਇਆ ਜਾ ਸਕਦਾ ਹੈ ਅਤੇ ਇਸ ਤੋਂ ਇਲਾਵਾ 100 ਫੁੱਟ ਦੇ ਲਗਭਗ ਦੂਜੀ ਚੜ੍ਹਾਈ ਵੀ ਹੈ, ਜੋ ਆਏ ਗਏ ਯਾਤਰੀ ਨੂੰ ਨਾਨੀ ਯਾਦ ਕਰਵਾਉਂਦੀ ਹੈ।

ਰੋਜ਼ਾਨਾ ਸਪੋਕਸਮੈਨ ’ਚ ਮੇਰਾ ਪ੍ਰਕਾਸ਼ਤ ਹੋਇਆ 24 ਅਗੱਸਤ 2016 ਦਾ ਲੇਖ ‘ਬਾਬੇ ਨਾਨਕ ਦੀ ਯਾਦ ਵਿਚ ਬਣੇ ਗਯਾ ਦੇ ਗੁਰਦਵਾਰੇ ਵਿਚ...!’ ਦੀ ਫੋਟੋ ਸਟੇਟ ਕਾਪੀ ਨਾਗਾ ਅਰਜੁਨ ਵਾਲੀ ਪਹਾੜੀ ਦੀ ਚੋਟੀ ’ਤੇ ਸੁਰਖਿਅਤ ਰੱਖ ਆਇਆ ਹਾਂ। ਸੱਤ ਸ਼ੇ੍ਰਣੀ ਦੀਆਂ ਗੁਫ਼ਾਵਾਂ ਗਯਾ ਨਗਰ ਤੋਂ ਕਬੂਤਰ ਉਡਾਰੀ ਮਾਰਗ ਮਹਿਜ਼ 15 ਮੀਲ ਦੂਰ ਹਨ। ਬੁੱਧ ਸਿਧ ਪਹਾੜੀ ਤੋਂ ਆਸ ਪਾਸ ਦੇ ਪਿੰਡਾਂ ਵਿਚ ਪਸਰੀ ਗ਼ੁਰਬਤ, ਗਯਾ ਦੀ ਨੀਰ ਤੋਂ ਖ਼ਾਲੀ ਨਿਰੰਜਨਾ ਨਦੀ ਅਤੇ ਕਰਮਕਾਂਡੀ ਪਾਂਡਿਆਂ ਦਾ ਗਯਾ ਦੀ ਨੰਗੀ ਅੱਖ ਵਿਖਾਈ ਦਿੰਦਾ ਹੈ। ਇਸ ਅਸਥਾਨ ਤੇ ਹਰ ਦਿਨ ਸੈਂਕੜੇ ਭਿਖਸ਼ੂ ‘ਭਵਤੁ ਸੱਭ ਮੰਗਲਮ’ ਗਾਉਂਦੇ ਹੋਏ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਬਾਬੇ ਨਾਨਕ ਦੇ ਸੰਦੇਸ਼ ਦੀ ਤਰਜਮਾਨੀ ਕਰਦੇ ਹੋਏ ਜਾਪਦੇ ਹਨ। ‘ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ’ ਪਰ ਇਸ ਲੇਖਕ ਨੇ ਲਿਖਿਆ (ਵੇਖਿਆ) ਕਿ ਇਸ ਖਿੱਤੇ ਦੇ ਬਨਵਰਿਆ, ਲੁੱਟ, ਬਜੌਰ, ਮਾਰਗ, ਜ਼ੂਬੀਲ ਰੋਡ ਵਿਚ ਲੋਹਗੜ੍ਹ ਦੇ ਸ਼ਾਹਬਾਜ਼ਪੁਰ ਪਿੰਡਾਂ ਦੇ ਨਾਂ ਪੰਜਾਬੀ ਸਭਿਅਤਾ ਨਾਲ ਮੇਲ ਖਾਂਦੇ ਹਨ।

ਸ੍ਰੀ ਅਨੰਦਪੁਰ ਸਾਹਿਬ ਦਾ ਲੋਹਗੜ੍ਹ ਕਿਲ੍ਹਾ ਇਤਿਹਾਸਕ ਮਹੱਤਤਾ ਰਖਦਾ ਹੈ। ਲੋਹਗੜ੍ਹ ਪਿੰਡ ਪਹੁੰਚ ਕੇ ਕੁੱਝ ਤੱਥ ਇਕੱਠੇ ਕੀਤੇ ਜੋ ਤਸੱਲੀਬਖ਼ਸ਼ ਨਹੀਂ ਸਨ। ਸ਼ਾਹਬਾਜ਼ਪੁਰ ਵਾਸੀ ਨਲੂ ਯਾਦਵ (95) ਅਤੇ ਹੋਰ ਬਜ਼ੁਰਗਾਂ ਅਨੁਸਾਰ ‘ਸਾਡੇ ਦਾਦੇ ਪੜਦਾਦੇ ਦਸਿਆ ਕਰਦੇ ਸਨ ਕਿ ਸੈਂਕੜੇ ਸਾਲ ਹੋਏ ਕੁੱਝ ਲੰਮੀਆਂ ਲੰਮੀਆਂ ਮੁੱਛਾਂ, ਲੰਮੀਆਂ ਲੰਮੀਆਂ ਤਲਵਾਰਾਂ ਵਾਲੇ ਅਤੇ ਲੰਮ-ਸਲੰਮੇ ਘੋੜਿਆਂ ’ਤੇ ਚੜ੍ਹ ਕੇ ਇਧਰ ਆਏ ਸਨ। ਉਨ੍ਹਾਂ ਕੁੱਝ ਸਾਲ ਇਥੇ ਵਾਸ ਕੀਤਾ, ਉਪਰੰਤ ਕਿਉਂ ਤੇ ਕਿਧਰ ਗਏ? ਸਵਾਲੀਆ ਨਿਸ਼ਾਨ ਹੈ।’ ਸੋ ਉਪਰੋਕਤ ਤੱਥ ਦਰਸਾਉਂਦੇ ਹਨ ਕਿ ਇਹ ਘੋੜਸਵਾਰ ਸਿੱਖ ਹੀ ਸਨ, ਜਿਨ੍ਹਾਂ ਦਾ ਆਗੂ ਸ਼ਾਹਬਾਜ਼ ਸਿੰਘ ਸੀ, ਜਿਸ ਦੇ ਨਾਂ ’ਤੇ ਸ਼ਾਹਬਾਜ਼ਪੁਰਾ ਪਿੰਡ ਵਸਿਆ ਅਤੇ ਮਾਲੂਮ ਹੁੰਦਾ ਹੈ ਕਿ ਇਹ ਸਿੱਖ ਗੁਰੂ ਤੇਗ ਬਹਾਦਰ ਜੀ ਦੇ ਕਾਫ਼ਲੇ ਵਿਚੋਂ ਹੀ ਸਨ। ਗੁਰੂ ਜੀ ਪਟਨਾ ਸਾਹਿਬ ਹੁੰਦੇ ਹੋਏ ਆਸਾਮ ਵਲ ਚਲੇ ਗਏ ਸਨ। ਉਨ੍ਹਾਂ ਤੋਂ ਨਿਖੜਿਆ ਕਾਫ਼ਲਾ ਰਾਜਗੀਰ, ਗਯਾ ਆਦਿ ਹੁੰਦਾ ਹੋਇਆ ਪਹੁੰਚਿਆ ਹੋਵੇਗਾ ਅਤੇ ਬਰਾਬਰ ਦੀਆਂ ਗੁਫ਼ਾਵਾਂ ਵਾਲੀਆਂ ਪਹਾੜੀਆਂ ਦੀ ਛਾਵੇਂ ਛਾਉਣੀ ਪਾਈ ਹੋਵੇਗੀ।
                                                                               ਪਿੰਡ ਤੇ ਡਾਕਖਾਨਾ- ਨਲਵੀ (ਕੁਰਕਸ਼ੇਤਰ)
                                                                  ਜਸਵੰਤ ਸਿੰਘ ਨਲਵਾ,ਮੋਬਾਈਲ : 094669-38792

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement