
ਮੌਕੇ ਤੋਂ ਭੱਜਣ ਦੀ ਫ਼ਿਰਾਕ 'ਚ ਸੀ ਬਦਮਾਸ਼, ਗੋਲੀਬਾਰੀ 'ਚ ਜ਼ਖਮੀ
ਜੈਪੁਰ - ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਫ਼ੜੇ ਗਏ ਬਦਮਾਸ਼ਾਂ ਨੇ ਰਾਜਸਥਾਨ ਪੁਲਿਸ ਦੀ ਟੀਮ ਤੋਂ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ। ਪੁਲਿਸ ਵੱਲੋਂ ਕੀਤੀ ਗੋਲੀਬਾਰੀ ਵਿੱਚ ਇੱਕ ਨਾਬਾਲਗ ਸਮੇਤ ਤਿੰਨੋਂ ਮੁਲਜ਼ਮ ਜ਼ਖ਼ਮੀ ਹੋ ਗਏ। ਜੈਪੁਰ ਪੁਲਿਸ ਦੀ ਟੀਮ ਤਿੰਨਾਂ ਬਦਮਾਸ਼ਾਂ ਨੂੰ ਆਗਰਾ ਤੋਂ ਜੈਪੁਰ ਲਿਆ ਰਹੀ ਸੀ।
ਪੁਲਿਸ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਤੜਕੇ ਜੈਪੁਰ ਦੇ ਗੋਨੇਰ ਰੋਡ 'ਤੇ ਵਾਪਰੀ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਰਾਤ ਜੈਪੁਰ ਦੇ ਇੱਕ ਨਾਈਟ ਕਲੱਬ 'ਚ ਗੋਲੀਬਾਰੀ ਕਰਨ ਵਾਲੇ ਦੋਸ਼ੀ ਕੱਲ੍ਹ ਉੱਤਰ ਪ੍ਰਦੇਸ਼ ਦੇ ਆਗਰਾ 'ਚ ਫ਼ੜੇ ਗਏ ਸਨ ਅਤੇ ਜੈਪੁਰ ਪੁਲਿਸ ਦੀ ਟੀਮ ਉਨ੍ਹਾਂ ਨੂੰ ਲੈ ਕੇ ਆਗਰਾ ਤੋਂ ਵਾਪਸ ਆ ਰਹੀ ਸੀ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ 'ਨਿੱਤ ਕਰਮ' ਦੇ ਬਹਾਨੇ ਪੁਲਿਸ ਦੀ ਗੱਡੀ ਰੁਕਵਾ ਲਈ, ਅਤੇ ਜਿਵੇਂ ਹੀ ਪੁਲਿਸ ਟੀਮ ਨੇ ਉਨ੍ਹਾਂ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਤਾਂ ਉਨ੍ਹਾਂ ਪੁਲਿਸ ਮੁਲਾਜ਼ਮਾਂ ’ਤੇ ਹਮਲਾ ਕਰ ਦਿੱਤਾ। ਬਦਮਾਸ਼ਾਂ ਨੇ ਹਥਿਆਰ ਖੋਹਣ ਅਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਗੋਲੀ ਚਲਾ ਦਿੱਤੀ ਜਿਸ ਨਾਲ ਉਨ੍ਹਾਂ ਦੀਆਂ ਲੱਤਾਂ ਜ਼ਖਮੀ ਹੋ ਗਈਆਂ।
ਪੁਲਿਸ ਨੇ ਦੱਸਿਆ ਕਿ ਬਦਮਾਸ਼ਾਂ ਨੂੰ ਇਲਾਜ ਲਈ ਜੈਪੁਰ ਦੇ ਸਵਾਈ ਮਾਨਸਿੰਘ ਹਸਪਤਾਲ ਲਿਜਾਇਆ ਗਿਆ।
ਪੁਲਿਸ ਨੇ ਦੱਸਿਆ ਕਿ ਦੋਸ਼ੀ ਰਿਸ਼ਭ, ਪ੍ਰਦੀਪ ਸ਼ੁਕਲਾ ਅਤੇ ਨਾਬਾਲਗ ਦਾ ਇਲਾਜ ਚੱਲ ਰਿਹਾ ਹੈ। ਤਿੰਨ ਬਦਮਾਸ਼ਾਂ ਨੇ ਸ਼ਨੀਵਾਰ ਰਾਤ ਜੈਪੁਰ ਦੇ ਜੀ-ਕਲੱਬ 'ਤੇ ਗੋਲੀਬਾਰੀ ਕੀਤੀ ਅਤੇ ਹਮਲੇ ਦੇ ਤੁਰੰਤ ਬਾਅਦ, ਲਾਰੈਂਸ ਬਿਸ਼ਨੋਈ ਗੈਂਗ ਦੇ ਹੋਣ ਦਾ ਦਾਅਵਾ ਕਰਨ ਵਾਲੇ ਰਿਤਿਕ ਬਾਕਸਰ ਨੇ ਸੋਸ਼ਲ ਮੀਡੀਆ 'ਤੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ।
ਪੁਲਿਸ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਰੋਹਿਤ ਗੋਦਾਰਾ ਨਾਮਕ ਅਪਰਾਧੀ ਨੇ ਕਲੱਬ ਦੇ ਮਾਲਕ ਤੋਂ ਪੰਜ ਕਰੋੜ ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ ਸੀ ਅਤੇ ਮੰਗ ਪੂਰੀ ਨਾ ਹੋਣ 'ਤੇ ਗੋਲੀਆਂ ਚਲਾ ਦਿੱਤੀਆਂ।
ਸਾਈਬਰ ਟੀਮ ਦੁਆਰਾ ਤਕਨੀਕੀ ਜਾਂਚ ਤੋਂ ਬਾਅਦ, ਪੁਲਿਸ ਨੇ ਪਾਇਆ ਕਿ ਦੋਸ਼ੀ ਜਾਅਲੀ ਸਿਮ ਕਾਰਡਾਂ ਦੀ ਵਰਤੋਂ ਕਰਕੇ ਵੀ.ਪੀ.ਐਨ. ਨੈਟਵਰਕ ਦੀ ਵਰਤੋਂ ਕਰ ਰਹੇ ਸਨ ਅਤੇ ਆਪਣੀ ਲੋਕੇਸ਼ਨ ਲੁਕਾ ਕੇ ਵੱਖ-ਵੱਖ ਕਾਰੋਬਾਰੀਆਂ ਨੂੰ ਫ਼ਿਰੌਤੀ ਦੀਆਂ ਕਾਲਾਂ ਕਰ ਰਹੇ ਸਨ।
ਗੋਲੀਬਾਰੀ ਵਿੱਚ ਸ਼ਾਮਲ ਅਪਰਾਧੀਆਂ ਦੇ ਠਿਕਾਣਿਆਂ ਬਾਰੇ ਬੀਕਾਨੇਰ ਪੁਲਿਸ ਇਨਪੁਟਸ ਦੇ ਅਧਾਰ 'ਤੇ, ਜੈਪੁਰ ਪੁਲਿਸ ਨੇ ਆਗਰਾ ਟੀਮ ਨਾਲ ਤਾਲਮੇਲ ਕੀਤਾ ਅਤੇ ਕੱਲ੍ਹ ਆਗਰਾ ਦੇ ਜੈਤਪੁਰ ਖੇਤਰ ਵਿੱਚ ਤਿੰਨ ਬਦਮਾਸ਼ਾਂ ਰਿਸ਼ਭ, ਪ੍ਰਦੀਪ ਸ਼ੁਕਲਾ ਅਤੇ ਨਾਬਾਲਗ ਨੂੰ ਗ੍ਰਿਫਤਾਰ ਕੀਤਾ।