
ਜਾਨੀ ਨੁਕਸਾਨ ਤੋਂ ਬਚਾਅ, 50 ਦੇ ਕਰੀਬ ਯਾਤਰੀ ਮਾਮੂਲੀ ਜ਼ਖ਼ਮੀ
ਬਿਹਾਰ- ਬਿਹਾਰ ਦੇ ਛਪਰਾ ਵਿਚ ਛਪਰਾ ਤੋਂ ਸੂਰਤ ਜਾ ਰਹੀ ਤਾਪਤੀ ਗੰਗਾ ਐਕਸਪ੍ਰੈੱਸ ਵਿਚ ਉਸ ਸਮੇਂ ਚੀਕ ਚਿਹਾੜਾ ਮਚ ਗਿਆ ਜਦੋਂ ਗੌਤਮ ਸਥਾਨ ਹਾਲਟ ਨੇੜੇ ਟ੍ਰੇਨ ਦੇ 13 ਡੱਬੇ ਪੱਟੜੀ ਤੋਂ ਹੇਠਾਂ ਉਤਰ ਗਏ ਅਤੇ 50 ਦੇ ਕਰੀਬ ਯਾਤਰੀ ਜ਼ਖ਼ਮੀ ਹੋ ਗਏ। ਘਟਨਾ ਤੋਂ ਤੁਰੰਤ ਬਾਅਦ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿਤੇ ਗਏ। ਹਲਕੀਆਂ ਸੱਟਾਂ ਹੋਣ ਕਰਕੇ ਜ਼ਖ਼ਮੀਆਂ ਨੂੰ ਮੌਕੇ 'ਤੇ ਹੀ ਫਸਟ ਏਡ ਦਿਤਾ ਗਿਆ। ਗੱਡੀ ਦੀ ਸਪੀਡ ਘੱਟ ਹੋਣ ਕਰਕੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ।
ਹਾਦਸੇ ਤੋਂ ਬਾਅਦ ਇਸ ਟਰੈਕ 'ਤੇ ਰੇਲ ਆਵਾਜਾਈ ਠੱਪ ਹੋ ਗਈ, ਦੋਵੇਂ ਪਾਸੇ ਤੋਂ ਆਉਣ ਵਾਲੀਆਂ ਟ੍ਰੇਨਾਂ ਉਥੇ ਦੀ ਉਥੇ ਖੜ੍ਹ ਗਈਆਂ। ਜਿਸ ਤੋਂ ਬਾਅਦ ਗਾਜ਼ੀਪੁਰ ਦੇ ਤਾਜ਼ਪੁਰ ਸਟੇਸ਼ਨ 'ਤੇ ਯਾਤਰੀਆਂ ਨੇ ਕਾਫ਼ੀ ਹੰਗਾਮਾ ਕੀਤਾ। ਜਿਸ ਤੋਂ ਬਾਅਦ ਕੁੱਝ ਟ੍ਰੇਨਾਂ ਨੂੰ ਬਦਲਵੇਂ ਰਸਤਿਓਂ ਭੇਜਿਆ ਗਿਆ। ਰੇਲਵੇ ਨੇ ਪਹਿਲੀ ਨਜ਼ਰੇ ਟ੍ਰੈਕ ਵਿਚ ਫੈਕਚਰ ਹੋਣ ਜਾਂ ਹੋਰ ਗੜਬੜੀ ਦਾ ਸ਼ੱਕ ਜ਼ਾਹਰ ਕੀਤਾ ਹੈ ਪਰ ਹਾਦਸੇ ਦੇ ਅਸਲ ਕਾਰਨਾਂ ਬਾਰੇ ਫਿਲਹਾਲ ਪਤਾ ਨਹੀਂ ਚੱਲ ਸਕਿਆ ਹੈ। ਇਸ ਲਈ ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿਤੇ ਗਏ ਹਨ।