
ਬਾਬਾ ਕਰਨੈਲ ਸਿੰਘ ਖਹਿਰਾ ਨੇ ਦੱਸਿਆ, ਇਹ ਕਬਾਇਲੀ ਖੇਤਰ ਹੈ। ਲਗਭਗ 150 ਕਿਲੋਮੀਟਰ ਪਿੱਛੇ ਅਤੇ 300 ਕਿਲੋਮੀਟਰ ਅੱਗੇ, ਕੋਈ ਵੀ ਢਾਬਾ ਜਾਂ ਹੋਟਲ ਨਹੀਂ ਹੈ।
ਮੁੰਬਈ: ਪਿਛਲੇ ਦੋ ਮਹੀਨਿਆਂ ਤੋਂ ਲਾਗੂ ਲੌਕਡਾਊਨ ਦੇ ਚਲਦਿਆਂ ਨੈਸ਼ਨਲ ਹਾਈਵੇਅ-7 ਦੇ ਨੇੜਿਓ ਗੁਜ਼ਰਨ ਵਾਲੇ ਹਜ਼ਾਰਾਂ ਬੱਸਾਂ ਅਤੇ ਟਰੱਕਾਂ ਦੇ ਯਾਤਰੀ ਤੇ ਡਰਾਇਵਰ ਸੜਕ ਦੇ ਨੇੜੇ ਪਲਾਸਟਿਕ ਦੀ ਚਾਦਰ ਨਾਲ ਬਣੀ ਸ਼ੈੱਡ ਦੇ ਹੇਠ ਅਰਾਮ ਕਰਦੇ ਹਨ। ਲਗਭਗ 450 ਕਿਲੋਮੀਟਰ ਦੇ ਖੇਤਰ ਵਿਚ ਇਹ ਇਕੋ-ਇਕ ਥਾਂ ਹੈ ਜਿੱਥੇ ਆਉਣ ਜਾਣ ਵਾਲੇ ਯਾਤਰੀਆਂ ਨੂੰ ਚੰਗਾ ਖਾਣਾ ਮੁਫਤ ਵਿਚ ਮਿਲਦਾ ਹੈ।
Photo
ਇਸ ਸਥਾਨ 'ਤੇ ਬਾਬਾ ਕਰਨੈਲ ਸਿੰਘ ਖਹਿਰਾ, ਜਿਨ੍ਹਾਂ ਨੂੰ ਖਹਿਰਾ ਬਾਬਾ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਸੇਵਾਵਾਂ ਨਿਭਾਅ ਰਹੇ ਹਨ। ਬਾਬਾ ਕਰਨੈਲ ਸਿੰਘ ਖਹਿਰਾ ਨੇ ਦੱਸਿਆ, ਇਹ ਕਬਾਇਲੀ ਖੇਤਰ ਹੈ। ਲਗਭਗ 150 ਕਿਲੋਮੀਟਰ ਪਿੱਛੇ ਅਤੇ 300 ਕਿਲੋਮੀਟਰ ਅੱਗੇ, ਕੋਈ ਵੀ ਢਾਬਾ ਜਾਂ ਹੋਟਲ ਨਹੀਂ ਹੈ। ਇਸ ਲਈ ਜ਼ਿਆਦਾਤਰ ਲੋਕ ਇੱਥੇ ਆ ਕੇ 'ਗੁਰੂ ਕਾ ਲੰਗਰ' ਛਕਦੇ ਹਨ ਤੇ ਅਰਾਮ ਕਰਦੇ ਹਨ।
Baba Karnail Singh Khaira
ਇਸ ਸਥਾਨ 'ਤੇ ਗੁਰਦੁਆਰਾ ਸਾਹਿਬ, ਡੇਰਾ ਕਾਰ ਸੇਵਾ ਗੁਰਦੁਆਰਾ ਲੰਗਰ ਸਾਹਿਬ ਲਿਖਿਆ ਹੋਇਆ ਹੈ। ਇਹ 'ਗੁਰੂ ਕਾ ਲੰਗਰ' ਇਤਿਹਾਸਕ ਗੁਰਦੁਆਰਾ ਭਗੌੜ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ, ਜੋ ਕਿ ਜੰਗਲੀ ਖੇਤਰ ਵਿਚ ਲਗਭਗ 11 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ, ਇੱਥੇ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਆਉਂਦੀਆਂ ਹਨ।
Gurudwara Sahib
ਇਸ ਅਸਥਾਨ 'ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ 1705 ਵਿਚ ਰੁਕੇ ਸਨ, ਜਦੋਂ ਉਹ ਨਾਂਦੇੜ ਸਾਹਿਬ ਨੂੰ ਜਾ ਰਹੇ ਸੀ। ਖਹਿਰਾ ਬਾਬਾ ਜੀ ਦਾ ਕਹਿਣਾ ਹੈ ਕਿ, ਗੁਰਦੁਆਰਾ ਭਗੌੜ ਸਾਹਿਬ ਮੇਨ ਰੋਡ ਤੋਂ ਦੂਰ ਹੈ, ਇਸ ਲਈ ਲਗਭਗ 32 ਸਾਲ ਪਹਿਲਾਂ ਉਸ ਗੁਰਦੁਆਰਾ ਸਾਹਿਬ ਦੀ ਸ਼ਾਖਾ ਵਜੋਂ ਇਸ ਲੰਗਰ ਦੀ ਸ਼ੁਰੂਆਤ ਕੀਤੀ ਗਈ। ਉਹਨਾ ਦੱਸਿਆ ਕਿ 24 ਮਾਰਚ ਤੋਂ ਲਾਗੂ ਲੌਕਡਾਊਨ ਕਾਰਨ ਇਹ ਲੰਗਰ ਪ੍ਰਵਾਸੀ ਮਜ਼ਦੂਰਾਂ ਲਈ ਸਹਾਰਾ ਬਣਿਆ।
Guru Ka Langar
ਉਹਨਾ ਦੱਸਿਆ ਕਿ ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕ ਲੰਗਰ ਛਕਣ ਲਈ ਆਉਂਦੇ ਹਨ ਤੇ ਸਾਰਿਆਂ ਦਾ ਸਾਡੇ ਵੱਲੋਂ ਹੱਥ ਜੋੜ ਕੇ ਸਵਾਗਤ ਕੀਤਾ ਜਾਂਦਾ ਹੈ, ਚਾਹੇ ਉਹ ਕਿਸੇ ਵੀ ਜਾਤ ਜਾਂ ਧਰਮ ਨਾਲ ਸਬੰਧ ਰੱਖਦਾ ਹੋਵੇ। ਉਹਨਾਂ ਦੱਸਿਆ ਕਿ ਲੌਕਡਾਊਨ ਦੌਰਾਨ ਵੀ ਸਿੱਖ ਭਾਈਚਾਰੇ ਦੇ ਸਹਿਯੋਗ ਨਾਲ ਗੁਰੂ ਕਾ ਲੰਗਰ ਅਤੁੱਟ ਵਰਤਦਾ ਰਿਹਾ।
Guru Ka Langar
ਇਸ ਵਿਚ ਉਹਨਾਂ ਨੂੰ ਉਹਨਾਂ ਦੇ ਛੋਟੇ ਭਰਾ ਗੁਰਬਖ਼ਸ਼ ਸਿੰਘ ਜੋ ਨਿਊਜਰਸੀ ਅਮਰੀਕਾ ਵਿਚ ਰਹਿ ਰਹੇ ਹਨ ਅਤੇ ਸਥਾਨਕ ਸਿੱਖ ਭਾਈਚਾਰੇ ਦਾ ਸਹਿਯੋਗ ਮਿਲਿਆ। ਉਹਨਾਂ ਦੱਸਿਆ ਕਿ ਪਿਛਲੇ 10 ਹਫ਼ਤਿਆਂ ਵਿਚ ਇੱਥੇ 15 ਲੱਖ ਤੋਂ ਜ਼ਿਆਦਾ ਲੋਕਾਂ ਨੇ ਲੰਗਰ ਛਕਿਆ।
Baba Karnail Singh Khaira and others
ਵਿਲੱਖਣ ਗੱਲ ਇਹ ਹੈ ਕਿ ਇੱਥੇ ਰੋਜ਼ਾਨਾ ਅਵਾਰਾ ਅਤੇ ਬੇਜ਼ੁਬਾਨ ਪਸ਼ੂ-ਪੰਛੀਆਂ ਦਾ ਵੀ ਢਿੱਡ ਭਰਿਆ ਜਾਂਦਾ ਹੈ। ਬੀਤੇ ਦਿਨੀਂ ਉਹਨਾਂ ਨੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਮੌਕੇ ਰਾਹ ਜਾਂਦੀਆਂ ਸੰਗਤਾਂ ਲਈ ਛਬੀਲ ਦਾ ਪ੍ਰਬੰਧ ਕੀਤਾ ਸੀ।