
ਦੇਸ਼ ’ਚ ਸਨਿਚਰਵਾਰ ਸਵੇਰੇ ਅੱਠ ਵਜੇ ਤਕ ਦਿਨ ’ਚ ਕੋਰੋਨਾ ਵਾਇਰਸ ਦੇ ਰੀਕਾਰਡ 265 ਲੋਕਾਂ ਦੀ ਮੌਤ ਹੋ ਗਈ ਅਤੇ ਰੀਕਾਰਡ
ਨਵੀਂ ਦਿੱਲੀ, 30 ਮਈ: ਦੇਸ਼ ’ਚ ਸਨਿਚਰਵਾਰ ਸਵੇਰੇ ਅੱਠ ਵਜੇ ਤਕ ਦਿਨ ’ਚ ਕੋਰੋਨਾ ਵਾਇਰਸ ਦੇ ਰੀਕਾਰਡ 265 ਲੋਕਾਂ ਦੀ ਮੌਤ ਹੋ ਗਈ ਅਤੇ ਰੀਕਾਰਡ 7964 ਨਵੇਂ ਮਾਮਲੇ ਸਾਹਮਣੇ ਆਏ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਇਸ ਦੇ ਨਾਲ ਹੀ ਹੁਣ ਦੇਸ਼ ’ਚ ਇਸ ਰੋਗ ਤੋਂ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 4971 ਹੋ ਗਈ ਹੈ ਅਤੇ ਪੀੜਤਾਂ ਦੀ ਗਿਣਤੀ 1,73,763 ’ਤੇ ਪੁੱਜ ਗਈ ਹੈ। ਭਾਰਤ ਕੋਰੋਨਾ ਵਾਇਰਸ ਨਾਲ ਸੱਭ ਤੋਂ ਜ਼ਿਆਦਾ ਪ੍ਰਭਾਵਤ ਦੇਸ਼ਾਂ ਦੀ ਸੂਚੀ ’ਚ 9ਵੇਂ ਸਥਾਨ ’ਤੇ ਹੈ।
ਮੰਤਰਾਲੇ ਨੇ ਦਸਿਆ ਕਿ ਅਜੇ ਵੀ ਦੇਸ਼ ਅੰਦਰ 86,422 ਲੋਕਾਂ ਦਾ ਕੋਰੋਨਾ ਵਾਇਰਸ ਨਹੀ ਇਲਾਜ ਚਲ ਰਿਹਾ ਹੈ ਜਦਕਿ 82,369 ਲੋਕ ਇਸ ਬਿਮਾਰੀ ਨੂੰ ਹਰਾ ਕੇ ਸਿਹਤਮੰਦ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ’ਚ 11,264 ਮਰੀਜ਼ ਸਿਹਤਮੰਦ ਹੋ ਚੁੱਕੇ ਹਨ। ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਅਜੇ ਤਕ ਲਗਭਗ 47.40 ਫ਼ੀ ਸਦੀ ਮਰੀਜ਼ ਠੀਕ ਹੋ ਚੁੱਕੇ ਹਨ।
File photo
ਸ਼ੁਕਰਵਾਰ ਸਵੇਰ ਤੋਂ ਹੋਈਆਂ 265 ਮੌਤਾਂ ’ਚੋਂ 116 ਲੋਕਾਂ ਦੀ ਮੌਤ ਮਹਾਰਾਸ਼ਟਰ ’ਚ, 82 ਦੀ ਦਿੱਲੀ ’ਚ, 20 ਦੀ ਗੁਜਰਾਤ ’ਚ, ਮੱਧ ਪ੍ਰਦੇਸ਼ ’ਚ 13 ਦੀ, 9 ਦੀ ਤਾਮਿਲਨਾਡੂ ’ਚ, ਸੱਤ ਦੀ ਪਛਮੀ ਬੰਗਾਲ ’ਚ, ਚਾਰ-ਚਾਰ ਵਿਅਕਤੀਆਂ ਦੀ ਤੇਲੰਗਾਨਾ ਅਤੇ ਰਾਜਸਥਾਨ ’ਚ, ਦੋ ਦੀ ਪੰਜਾਬ ’ਚ ਅਤੇ ਇਕ-ਇਕ ਵਿਅਕਤੀ ਦੀ ਮੌਤ ਛੱਤੀਸਗੜ੍ਹ, ਜੰਮੂ-ਕਸ਼ਮੀਰ, ਆਂਧਰ ਪ੍ਰਦੇਸ਼, ਝਾਰਖੰਡ, ਕਰਨਾਟਕ, ਕੇਰਲ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ’ਚ ਹੋਈ।
ਇਸ ਕੌਮਾਂਤਰੀ ਮਹਾਂਮਾਰੀ ਨਾਲ ਹੁਣ ਤਕ ਮਰਨ ਵਾਲੇ 4971 ਲੋਕਾਂ ’ਚੋਂ ਸੱਭ ਤੋਂ ਜ਼ਿਆਦਾ 2098 ਲੋਕਾਂ ਦੀ ਮੌਤ ਮਹਾਰਸ਼ਟਰ ’ਚ ਹੋਈ। ਇਸ ਤੋਂ ਬਾਅਦ ਗੁਜਰਾਤ ’ਚ 980, ਦਿੱਲੀ ’ਚ 398, ਮੱਧ ਪ੍ਰਦੇਸ਼ ’ਚ 334, ਪਛਮੀ ਬੰਗਾਲ ’ਚ 302, ਉੱਤਰ ਪ੍ਰਦੇਸ਼ ’ਚ 198, ਰਾਜਸਥਾਨ ’ਚ 184, ਤਾਮਿਲਨਾਡੂ ’ਚ 154, ਤੇਲੰਗਾਨਾ ’ਚ 71 ਅਤੇ ਆਂਧਰ ਪ੍ਰਦੇਸ਼ ’ਚ 60 ਲੋਕਾਂ ਦੀ ਮੌਤ ਹੋ ਗਈ। (ਪੀਟੀਆਈ)
ਮਾਮਲੇ ਦੁਗਣੇ ਹੋਣ ਦਾ ਸਮਾਂ 15.4 ਦਿਨ ਹੋਇਆ : ਸਿਹਤ ਮੰਤਰਾਲਾ
ਕੇਂਦਰੀ ਸਿਹਤ ਮੰਤਰਾਲੇ ਨੇ ਸਨਿਚਰਵਾਰ ਨੂੰ ਕਿਹਾ ਕਿ ਦੇਸ਼ ’ਚ ਕੋਰੋਨਾ ਵਾਇਰਸ ਲਾਗ ਦੇ ਮਾਮਲੇ ਦੁਗਣੇ ਹੋਣ ਦੇ ਸਮੇਂ ’ਚ ਸੁਧਾਰ ਹੋਇਆ ਹੈ ਜੋ ਹੁਣ 13.3 ਦਿਨ ਤੋਂ ਵੱਧ ਕੇ 15.4 ਦਿਨ ਹੋ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਮਰੀਜ਼ਾਂ ਦੇ ਸਿਹਤਮੰਦ ਹੋਣ ਦੀ 4.51 ਫ਼ੀ ਸਦੀ ਵੱਧ ਕੇ 47.40 ਫ਼ੀ ਸਦੀ ਹੋ ਗਈ ਹੈ। ਪਿਛਲੇ ਦਿਨ ਇਹ ਦਰ 42.89 ਫ਼ੀ ਸਦੀ ਸੀ। (ਪੀਟੀਆਈ)