
ਨਿਵੇਸ਼ਕਾਂ ਦੇ 2800 ਕਰੋੜ ਰੁਪਏ ਡੁੱਬੇ
ਨਵੀਂ ਦਿੱਲੀ : ਦੋ ਦਿਨ ਤੋਂ ਲਾਪਤਾ ਕੈਫ਼ੇ ਕੌਫ਼ੀ ਡੇਅ (ਸੀਸੀਡੀ) ਦੇ ਮਾਲਕ ਵੀ.ਜੀ. ਸਿਧਾਰਥ ਦੀ ਲਾਸ਼ ਮਿਲ ਚੁੱਕੀ ਹੈ। ਉਨ੍ਹਾਂ ਦੀ ਲਾਸ਼ 36 ਘੰਟੇ ਬਾਅਦ ਬੁਧਵਾਰ ਸਵੇਰੇ ਦੱਖਣ ਕੰਨੜ ਜ਼ਿਲ੍ਹੇ ਦੇ ਨੇਤਰਵਤੀ ਨਦੀ 'ਚੋਂ ਬਰਾਮਦ ਹੋਈ। ਇਸ ਤੋਂ ਬਾਅਦ ਸਿਧਾਰਥ ਦੀ ਕੰਪਨੀ ਕੌਫ਼ੀ ਡੇਅ ਇੰਟਰਪ੍ਰਾਈਜ਼ਿਜ ਦੇ ਸ਼ੇਅਰ 20 ਫ਼ੀਸਦੀ ਡਿੱਗ ਗਏ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸਿਧਾਰਥ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਜ਼ਿਕਰਯੋਗ ਹੈ ਕਿ ਇਕ ਦਿਨ 'ਚ ਕਿਸੇ ਕੰਪਨੀ ਦੇ ਸ਼ੇਅਰ ਵੱਧ ਤੋਂ ਵੱਧ 20 ਫ਼ੀਸਦੀ ਹੀ ਡਿੱਗ ਸਕਦੇ ਹਨ।
CCD founder VG Siddhartha
ਫਿਲਹਾਲ ਬੁਧਵਾਰ ਨੂੰ ਕੌਫ਼ੀ ਡੇਅ ਇੰਟਰਪ੍ਰਾਈਜ਼ਿਜ ਦੇ ਸ਼ੇਅਰ 123.25 ਰੁਪਏ ਦੇ ਪੱਧਰ 'ਤੇ ਆ ਗਏ ਹਨ। ਕੰਪਨੀ ਦੇ ਸ਼ੇਅਰ 52 ਹਫ਼ਤੇ ਦੇ ਹੇਠਲੇ ਪੱਧਰ 'ਤੇ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸਿਧਾਰਥ ਦੇ ਲਾਪਤਾ ਹੋਣ ਦੀ ਖ਼ਬਰ ਮੀਡੀਆ 'ਚ ਆਉਣ ਤੋਂ ਬਾਅਦ ਕੰਪਨੀ ਦੇ ਸ਼ੇਅਰ 194 ਰੁਪਏ ਤੋਂ 154.05 ਰੁਪਏ ਆ ਗਏ ਸਨ। ਇਨ੍ਹਾਂ ਦੋ ਦਿਨਾਂ 'ਚ ਕੌਫ਼ੀ ਡੇਅ ਇੰਟਰਪ੍ਰਾਈਜ਼ਿਜ ਦੇ ਨਿਵੇਸ਼ਕਾਂ ਨੂੰ 2800 ਕਰੋੜ ਰੁਪਏ ਤੋਂ ਵੱਧ ਦਾ ਝਟਕਾ ਲੱਗਾ ਹੈ। ਸਿਰਫ਼ ਦੋ ਦਿਨ 'ਚ ਕੰਪਨੀ ਦੇ ਮਾਰਕੀਟ ਕੈਪ 'ਚ 2839 ਕਰੋੜ ਰੁਪਏ ਦੀ ਗਿਰਾਵਟ ਆ ਗਈ ਹੈ। ਸੋਮਵਾਰ ਨੂੰ ਕੰਪਨੀ ਦਾ ਮਾਰਕੀਟ ਕੈਪ 5442.55 ਰੁਪਏ ਸੀ, ਜੋ ਬੁਧਵਾਰ ਨੂੰ 2603.68 ਕਰੋੜ ਰੁਪਏ ਰਹਿ ਗਿਆ।
CCD coffee day founder VG Siddhartha
ਜ਼ਿਕਰਯੋਗ ਹੈ ਕਿ ਕੈਫ਼ੇ ਕੌਫ਼ੀ ਡੇਅ ਦੇ ਸੰਸਥਾਪਕ ਵੀ.ਜੀ. ਸਿਧਾਰਥ ਦਾ ਰਿਸ਼ਤਾ ਅਜਿਹੇ ਪਰਵਾਰ ਨਾਲ ਹੈ, ਜਿਸ ਦਾ ਸਬੰਧ ਕੌਫ਼ੀ ਦੀ ਖੇਤੀ ਦੇ 150 ਸਾਲ ਪੁਰਾਣੇ ਸੱਭਿਆਚਾਰ ਨਾਲ ਹੈ। ਉਨ੍ਹਾਂ ਦੇ ਪਰਵਾਰ ਕੋਲ ਕੌਫ਼ੀ ਦੇ ਬਾਗ ਸਨ, ਜਿਸ 'ਚ ਮਹਿੰਗੀ ਕੌਫ਼ੀ ਉਗਾਈ ਜਾਂਦੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਦਾ ਵਪਾਰ ਸਥਾਪਤ ਕੀਤਾ। 90 ਦੇ ਦਹਾਕੇ ਵਿਚ ਕੌਫ਼ੀ ਸਿਰਫ਼ ਦਖਣੀ ਭਾਰਤ ਵਿਚ ਹੀ ਪਾਈ ਜਾਂਦੀ ਸੀ ਅਤੇ ਇਸ ਦੀ ਪਹੁੰਚ ਪੰਜ ਤਾਰਾ ਹੋਟਲ ਤਕ ਹੀ ਸੀ। ਸਿਧਾਰਥ ਕੌਫ਼ੀ ਨੂੰ ਆਮ ਲੋਕਾਂ ਤੱਕ ਲੈ ਕੇ ਜਾਣਾ ਚਾਹੁੰਦੇ ਸਨ। ਇਸੇ ਲਈ ਉਨ੍ਹਾਂ ਨੇ ਕੈਫ਼ੇ ਕੌਫ਼ੀ ਡੇ ਦੀ ਸ਼ੁਰੂਆਤ ਕੀਤੀ ਸੀ।
CCD founder VG Siddhartha
ਕੈਫ਼ੇ ਕੌਫ਼ੀ ਡੇਅ ਦੀ ਸ਼ੁਰੂਆਤ ਜੁਲਾਈ 1996 ਵਿਚ ਬੰਗਲੁਰੂ ਦੇ ਬ੍ਰਿਗੇਡ ਰੋਡ ਤੋਂ ਹੋਈ। ਪਹਿਲੀ ਕੌਫ਼ੀ ਸ਼ਾਪ ਇੰਟਰਨੈਟ ਕੈਫ਼ੇ ਨਾਲ ਖੋਲ੍ਹੀ ਗਈ। ਸ਼ੁਰੂਆਤੀ ਪੰਜ ਸਾਲਾਂ ਵਿਚ ਕੁੱਝ ਕੈਫ਼ੇ ਖੋਲ੍ਹਣ ਤੋਂ ਬਾਅਦ ਅੱਜ ਕੈਫ਼ੇ ਕੌਫ਼ੀ ਡੇਅ ਦੇਸ਼ ਦੀ ਸਭ ਤੋਂ ਵੱਡੀ ਕੌਫ਼ੀ ਚੇਨ ਬਣ ਗਈ ਹੈ। ਇਸ ਸਮੇਂ ਦੇਸ਼ ਦੇ 247 ਸ਼ਹਿਰਾਂ ਵਿਚ ਸੀਸੀਡੀ ਦੇ ਕੁੱਲ 1,758 ਕੈਫ਼ੇ ਹਨ। ਦਸਿਆ ਜਾ ਰਿਹਾ ਹੈ ਕਿ ਸੀਸੀਡੀ 'ਤੇ 7 ਹਜ਼ਾਰ ਕਰੋੜ ਦਾ ਕਰਜ਼ਾ ਸੀ। ਸਿਧਾਰਥ 29 ਜੁਲਾਈ ਨੂੰ ਮੰਗਲੁਰੂ ਆ ਰਹੇ ਸਨ ਅਤੇ ਰਸਤੇ ਵਿਚ ਸੋਮਵਾਰ ਨੂੰ ਸ਼ਾਮ 6.30 ਵਜੇ ਉਹ ਗੱਡੀ ਤੋਂ ਉਤਰ ਗਏ ਅਤੇ ਸੈਰ ਕਰਨ ਲੱਗੇ। ਉਹ ਸੈਰ ਕਰਦੇ-ਕਰਦੇ ਹੀ ਲਾਪਤਾ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਦਾ ਮੋਬਾਈਲ ਫ਼ੋਨ ਬੰਦ ਆਉਣ ਲੱਗਿਆ।