
ਹਿਮਾਚਲ ਪ੍ਰਦੇਸ਼ ਵਿਚ 2017 ਵਿਚ ਜੈਰਾਮ ਠਾਕੁਰ ਦੀ ਅਗਵਾਈ ਹੇਠ ਸਰਕਾਰ ਬਣਨ ਮਗਰੋਂ ਵੀਰਵਾਰ ਨੂੰ ਪਹਿਲੀ ਵਾਰ ਮੰਤਰੀ ਮੰਡਲ
ਨਵੀਂ ਦਿੱਲੀ, 30 ਜੁਲਾਈ : ਹਿਮਾਚਲ ਪ੍ਰਦੇਸ਼ ਵਿਚ 2017 ਵਿਚ ਜੈਰਾਮ ਠਾਕੁਰ ਦੀ ਅਗਵਾਈ ਹੇਠ ਸਰਕਾਰ ਬਣਨ ਮਗਰੋਂ ਵੀਰਵਾਰ ਨੂੰ ਪਹਿਲੀ ਵਾਰ ਮੰਤਰੀ ਮੰਡਲ ਵਿਸਤਾਰ ਕਰ ਕੇ ਤਿੰਨ ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ। ਮੰਤਰੀ ਮੰਡਲ ਵਿਚ ਕੈਬਨਿਟ ਮੰਤਰੀਆਂ ਵਜੋਂ ਪਾਉਂਟਾ ਸਾਹਿਬ ਦੇ ਵਿਧਾਇਕ ਸੁਖਰਾਮ ਚੌਧਰੀ, ਨੂਰਪੁਰ ਦੇ ਵਿਧਾਇਕ ਰਾਕੇਸ਼ ਪਠਾਨੀਆ ਅਤੇ ਘੁਮਾਰਵੀਂ ਦੇ ਵਿਧਾਇਕ ਰਾਜਿੰਦਰ ਗਰਗ ਨੂੰ ਸ਼ਾਮਲ ਕੀਤਾ ਗਿਆ ਹੈ। ਰਾਜਪਾਲ ਬੰਡਾਰੂ ਦੱਤਾਰੇਅ ਨੇ ਰਾਜ ਭਵਨ ਵਿਚ ਸਮਾਗਮ ਵਿਚ ਨਵੇਂ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ। ਪ੍ਰੋਗਰਾਮ ਵਿਚ ਕੋਰੋਨਾ ਵਾਇਰਸ ਸਬੰਧੀ ਨਿਯਮਾਂ ਦੀ ਪਾਲਣਾ ਕੀਤੀ ਗਈ। ਸੁਖਰਾਮ ਅਤੇ ਰਾਜਿੰਦਰ ਗਰਗ ਨੇ ਹਿੰਦੀ ਵਿਚ ਜਦਕਿ ਪਠਾਨੀਆ ਨੇ ਅੰਗਰੇਜ਼ੀ ਵਿਚ ਸਹੁੰ ਚੁੱਕੀ।
15 ਅਪ੍ਰੈਲ 1964 ਨੂੰ ਜਨਮੇ ਚੌਧਰੀ ਸਿਰਮੌਰ ਜ਼ਿਲ੍ਹੇ ਦੇ ਪਿਛੜੀ ਜਾਤੀ ਦੇ ਆਗੂ ਹਨ। ਉਹ ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਬਿਜਲੀ ਬੋਰਡ ਵਿਚ ਜੂਨੀਅਰ ਇੰਜਨੀਅਰ ਸਨ। ਨੂਰਪੁਰ ਦੇ ਵਿਧਾਇਕ ਪਠਾਨੀਆ ਨੇ 1991 ਵਿਚ ਰਾਜਨੀਤੀ ਵਿਚ ਕਦਮ ਰਖਿਆ ਸੀ। ਉਹ ਕਾਂਗੜਾ ਜ਼ਿਲ੍ਹੇ ਵਿਚ ਪੈਦਾ ਹੋਏ ਅਤੇ ਭਾਜਪਾ ਦੇ ਕਿਸਾਨ ਮੋਰਚੇ ਦੇ ਕਾਂਗੜਾ ਜ਼ਿਲ੍ਹੇ ਦੇ ਪ੍ਰਧਾਨ ਵੀ ਰਹੇ। ਗਰਗ ਬਿਲਾਸਪੁਰ ਦੇ ਘੁਮਾਰਵਿਨ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਚੁਣੇ ਗਏ। ਉਨ੍ਹਾਂ ਦਾ ਜਨਮ ਤੰਡੋਰਾ ਵਿਚ ਹੋਇਆ ਅਤੇ ਉਹ ਪਹਿਲਾਂ ਪੱਤਰਕਾਰ ਸਨ। ਬੀਤੇ ਕਈ ਮਹੀਨਿਆਂ ਤੋਂ ਮੰਤਰੀਆਂ ਦੇ ਤਿੰਨ ਅਹੁਦੇ ਖ਼ਾਲੀ ਪਏ ਸਨ। ਬਿਜਲੀ ਮੰਤਰੀ ਅਨਿਲ ਸ਼ਰਮਾ ਨੇ ਬੀਤੇ ਸਾਲ ਅਪ੍ਰੈਲ ਵਿਚ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ।